Popular posts on all time redership basis

Monday, 2 January 2012

ਦੁਰਯੋਧਨ ਅਜੇ ਨਹੀਂ ਮਰਿਆ - ਜਗਮੋਹਨ ਸਿੰਘ

{ ਸੰਦਰਭ: ਫਰਾਂਸੀਸੀ ਮਹਿਲਾ ਕੇਤੀਆ ਨਾਲ ਬਲਾਤਕਾਰ ਦੀ ਕੋਸ਼ਿਸ਼
ਸਮਾਂ : ਮਰਹੂਮ, ਸ਼੍ਰੀ ਬੇਅੰਤ ਸਿੰਘ ਮੁਖ ਮੰਤਰੀ ਪੰਜਾਬ ਦਾ ਕਾਰਜ-ਕਾਲ }

ਦੁਰਯੋਧਨ
ਅਜੇ ਨਹੀਂ ਮਰਿਆ
ਰੋਜ਼
ਨ੍ਹੇਰੇ ਸਵੇਰੇ
ਦਰੋਪਦੀ ਦਾ
ਚੀਰ ਹਰਨ
ਕਰਵਾਉਂਦਾ ਹੈ

ਯੁਧਿਸ਼ਟਰ
ਕੁਝ ਨਹੀਂ ਬੋਲਦਾ
ਇਲਜ਼ਾਮ
ਉਸ ਤੇ ਵੀ ਆਉਂਦਾ ਹੈ
ਗਿਆਨਵਾਨ ਹੋਣਾ
ਤੇ ਚੁੱਪ ਰਹਿਣਾ
ਉਸ ਤੋਂ ਵੀ
ਘੋਰ ਅਪਰਾਧ ਹੈ
ਜੋ ਦੁਰਯੋਧਨ ਕਰਦਾ ਹੈ

ਭੀਮ ਦੇ ਡੌਲੇ ਵੀ
ਨਹੀਂ ਫਰਕਦੇ
ਹੁਣੇ ਹੁਣੇ ਤਾਂ ਉਸਨੇ
ਅੱਤਵਾਦੀ ਹੋਣ ਦਾ
ਇਲਜ਼ਾਮ ਢੋਇਆ ਹੈ
ਕੌਣ ਸੁਪਨਿਆਂ ਦੇ
ਮਹਿਲ ਸਾਜੇ ਤੇ
ਪੁਲਿਸ ਕੋਲੋਂ
ਚੱਡੇ ਪੜਵਾਏ

ਅਰਜਨ ਵੀ
ਗਾਂਡੀਵ ਨਹੀਂ ਚੁਕਦਾ
ਉਸਨੂੰ ਤਾਂ
ਚੋਣਾਂ ਦੇ
ਮਹਾਂਭਾਰਤ ਦਾ
ਇੰਤਜ਼ਾਰ ਹੈ
ਜਦੋਂ
ਦਰੋਪਦੀ ਦੀ
ਬੇਪਤੀ ਦਾ ਮਸਲਾ
ਉਸਦੇ ਸ਼ਬਦਾਂ ਦੇ ਬਾਣਾਂ ਦੀ
ਚੁੰਝ ਬਣੇਗਾ
ਅਤੇ ਦੁਰਯੋਧਨ ਨੂੰ
ਸੱਤਾ-ਹੀਣ ਕਰੇਗਾ

ਨਕੁਲ ਸਹਿਦੇਵ
ਤਾਂ ਛੋਟੇ ਨੇ
ਉਨ੍ਹਾਂ ਨੂੰ ਤਾਂ
ਪੈੜ ਚਾਹੀਦੀ ਹੈ
ਅੱਗੇ ਪੈਰ ਰੱਖਣ ਲਈ

’ਕਰਤੱਵ ਸਰਵ-ਸਰੇਸ਼ਠ ਹੈ’
ਕ੍ਰਿਸ਼ਨ ਦੇ
ਇਹ ਅਮਰ ਸ਼ਬਦ
ਉਂਝ ਫ਼ਿਜ਼ਾ ਵਿਚ
ਤੈਰ ਰਹੇ ਨੇ.

...............................ਜਗਮੋਹਨ ਸਿੰਘ

No comments:

Post a Comment