Popular posts on all time redership basis

Saturday, 14 January 2012

ਇੱਕ ਹੰਝੂ ਦੀ ਦਾਸਤਾਨ - ਜਗਮੋਹਨ ਸਿੰਘ

( ਮਾਘੀ ਦੇ ਪਵਿਤਰ ਦਿਹਾੜੇ ਨੂੰ ਸਮਰਪਿਤ ਨਜ਼ਮ )

ਖੂਨ ਵਿਚ ਲੱਥ-ਪੱਥ
ਭਾਈ ਮਹਾਂ ਸਿੰਘ
ਦੀਆਂ ਨਮ ਅੱਖਾਂ ਨੇ
ਅਰਜ਼ ਗੁਜ਼ਾਰੀ
ਸੱਚੇ ਪਾਤਸ਼ਾਹ !
ਟੁੱਟੀ ਗੰਢੋ !!
ਸਾਹਿਬਾਂ ਦੀਆਂ ਅੱਖਾਂ ਚੋਂ
ਇਕ ਹੰਝੂ ਡਲਕਿਆ
ਤੇ ਭਾਈ ਮਹਾਂ ਸਿੰਘ ਦੀ ਗੱਲ
ਤੇ ਜਾ ਡਿਗਿਆ

ਬ੍ਰਹਿਮੰਡ ਦੇ ਸਮੂਹ ਜਲ ਸੋਮਿਆਂ ਤੋਂ ਡੂੰਘੇ
ਇਸ ਕੋਸੇ ਹੰਝੂ ਵਿਚ
ਬੇਸ਼ੁਮਾਰ ਨਿੱਘ ਸੀ ਪਿਆਰ ਸੀ ਧਰਵਾਸ ਸੀ
ਗੁਰੂ-ਸਿੱਖ ਦੇ ਰਿਸ਼ਤੇ ਦੀ ਪੁਖ਼ਤਗੀ ਦਾ ਅਹਿਸਾਸ ਸੀ
ਇਹ ਹੰਝੂ ਭਾਈ ਮਹਾਂ ਸਿੰਘ ਦੀ
ਮੂਕ ਅਰਜ਼ ਦਾ
ਇਕ ਵਖਰੀ ਤਰਜ਼ ਵਿਚ
ਸਵੀਕ੍ਰਿਤੀ-ਪੂਰਨ ਜਵਾਬ ਸੀ
ਇਸ ਹੰਝੂ ਰਾਹੀਂ
ਭਾਈ ਮਹਾਂ ਸਿੰਘ ਦੀ ਹਰ ਪੀੜ
ਸਾਹਿਬਾਂ ਨੇ ਜਰ ਲਈ ਸੀ
ਸਾਹਿਬਾਂ ਦੀ ਗੋਦ ਵਿਚ ਉਸਦਾ ਸਿਰ
ਉਸ ਲਈ ਨਾਯਾਬ ਪੁਰਸਕਾਰ ਸੀ
ਇਹ ਭਾਈ ਮਹਾਂ ਸਿੰਘ ਦੇ
ਰੁਖ਼ਸਤ ਦੇ ਪਲਾਂ ਦੀ ਗਾਥਾ ਹੈ
ਜੋ ਅੰਤਾਂ ਦੇ ਹੁਸੀਨ ਤੇ ਮੁਕੱਦਸ ਸਨ

ਭਾਈ ਮਹਾਂ ਸਿੰਘ ਅਤੇ ਸਾਥੀਆਂ ਦੇ ਖੂਨ
ਅਤੇ ਸਾਹਿਬਾਂ ਦੇ ਹੰਝੂ ਦੀ ਬਨਿਸਬਤ
ਗੁਰੂ -ਸਿਖ ਦਾ ਰਿਸ਼ਤਾ
ਸਮੇਂ-ਕਾਲ ਦੀਆਂ ਸੀਮਾਵਾਂ ਤੋਂ ਬਾਹਰ
ਫਲਸਫਿਆਂ, ਖੋਜਾਂ-ਕਾਢਾਂ,
ਆਧੁਨਿਕਤਾ ਦੀਆਂ ਤਰਜ਼ਾਂ
ਪੈਮਾਨਿਆਂ ਤੋਂ ਪਾਰ
ਅਮਰਤਵਾ ਪ੍ਰਾਪਤ ਕਰ ਚੁੱਕਾ ਹੈ

ਜੋ ਰਿਸ਼ਤੇ ਸਦੀਵੀ ਹੁੰਦੇ ਨੇ
ਉਹ ਸੈਆਂ ਜਾਨਾਂ ਤੋਂ ਵੀ ਵੱਧ ਕੀਮਤੀ ਹੁੰਦੇ ਨੇ
ਜਿਨ੍ਹਾਂ ਸੀਨਿਆਂ ਵਿਚ ਦਿਲ
ਪਿਆਰਿਆਂ ਲਈ ਧੜਕਦਾ ਹੈ
ਉਹ ਕਰੋੜਾਂ ਜ਼ਖਮਾਂ ਦਾ ਦਰਦ
ਸਹਿ ਸਕਣ ਦੇ ਸਮਰੱਥ ਹੁੰਦੇ ਨੇ
ਹੰਝੂ ਅਜਿਹੇ ਰਿਸ਼ਤਿਆਂ ਲਈ ਹੀ ਡਲਕਦੇ ਨੇ
ਅਤੇ ਨਵੀਆਂ ਪ੍ਰੇਮ ਗਾਥਾਵਾਂ ਸਿਰਜਦੇ ਨੇ

............................................................... - ਜਗਮੋਹਨ ਸਿੰਘ

No comments:

Post a Comment