Popular posts on all time redership basis

Monday, 26 December 2011

ਅਮਰ ਗਾਥਾ - ਜਗਮੋਹਨ ਸਿੰਘ

ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਸੰਵੇਦਨਸ਼ੀਲ ਨਜ਼ਮ

ਸਿਆਲਾਂ ਦੀ
ਯਖ਼ ਠੰਡੀ ਰਾਤ ’ਚ
ਦਾਦੀ
ਸਿਖਾਉਂਦੀ ਹੈ
ਪੋਤਿਆਂ ਨੂੰ ਜਾਚ
ਫ਼ਿਕਰਾਂ ਦੀ ਪੰਡ ਲਾਂਭੇ ਰਖਣ ਦੀ
ਭੁਖਿਆਂ ਸੌਣ ਦੀ
ਪਾਲੇ ’ਚ ਠਰਨ ਦੀ
ਉਫ਼ ਨਾ ਕਰਨ ਦੀ

ਸਿਆਲਾਂ ਦੀ
ਯਖ਼ ਠੰਡੀ ਰਾਤ ’ਚ
ਦਾਦੀ
ਸਮਝਾਉਂਦੀ ਹੈ
ਮਾਸੂਮ ਪੋਤਿਆਂ ਨੂੰ
ਜਿਊਣ ਦੇ ਅਰਥ
ਧੌਣ ਉੱਚੀ ਰਖਣ ਦੀ ਵਿਧਾ
ਮੌਤ ਦੇ ਮਾਅਨੇ
ਨੀਹਾਂ ’ਚ ਖੜ੍ਹਕੇ
ਮੁਸਕੁਰਾਉਣ ਦੀ ਅਦਾ

ਸਿਆਲਾਂ ਦੀ
ਯਖ਼ ਠੰਡੀ ਰਾਤ ’ਚ
ਦਾਦੀ
ਨਿਹਾਰਦੀ ਹੈ
ਸੁੱਤੇ ਬਾਲਾਂ ਦੇ ਚਿਹਰੇ
ਗੱਲਾਂ ਪਲੋਸਦੀ ਹੈ
ਸਿਰਾਂ ਤੇ ਹੱਥ ਫੇਰਦੀ ਹੈ
ਮਨ ਹੀ ਮਨ ਸਭ ਕੁਝ ਨਿਸਾਰਦੀ ਹੈ

ਸਿਆਲਾਂ ਦੇ ਯਖ਼ ਠੰਡੇ ਦਿਨ
ਦਾਦੀ ਜਗਾਉਂਦੀ ਹੈ
ਬੇਫ਼ਿਕਰ ਸੁੱਤੇ ਬਾਲ਼ਾਂ ਨੂੰ
ਤਿਆਰਦੀ ਹੈ ਪਿਆਰਦੀ ਹੈ
ਪਿੱਠਾਂ ਪਲੋਸਦੀ ਹੈ
ਬਾਰ-ਬਾਰ ਚੁੰਮਦੀ ਹੈ
ਘੁੱਟ-ਘੁੱਟ ਸੀਨੇ ਲਾਉਂਦੀ ਹੈ
ਦਾਦੇ ਦੇ ਰਾਹ
ਅਨੁਸਰਣ ਲਈ ਤੋਰਦੀ ਹੈ

ਸਿਆਲਾਂ ਦੇ ਉਸ ਯਖ਼ ਠੰਡੇ ਦਿਨ
ਸੂਰਜ ਨਹੀਂ ਨਿਕਲਦਾ
ਦੋ ਟਿਮਟਿਮਾਉਂਦੇ ਦੀਵੇ
ਚੌਗਿਰਦਾ ਰੁਸ਼ਨਾਉਂਦੇ ਨੇ
ਦੋ ਤਾਜ਼ਾ ਖਿੜੇ ਫੁੱਲ
ਮਹਿਕਾਂ ਬਿਖੇਰਦੇ ਨੇ
ਹਰ ਕਿਸੇ ਦੇ ਮਨ ਨੂੰ ਭਾਉਂਦੇ ਨੇ
ਨੀਹਾਂ ’ਚ ਚਿਣਨ ਤੋਂ ਨਹੀਂ ਘਬਰਾਉਂਦੇ
ਹੱਸ ਕੇ ਅਲਵਿਦਾ ਕਹਿੰਦੇ ਨੇ
ਰਾਜ ਮਿਸਤਰੀ ਦੀ ਅੱਖ ’ਚੋਂ ਹੰਝੂ ਡਲਕਦਾ ਹੈ
ਜਲਾਦ ਦੇ ਕਾਲਜੇ ’ਚੋਂ ਹੂਕ ਨਿਕਲਦੀ ਹੈ

ਸਿਆਲਾਂ ਦੇ ਉਸ ਯਖ਼ ਠੰਡੇ ਦਿਨ
ਦਾਦੀ ਢੂੰਡਣ ਨਿਕਲਦੀ ਹੈ
ਮਾਸੂਮ ਪੋਤਿਆਂ ਨੂੰ
ਸੈਆਂ ਪ੍ਰਕਾਸ਼ ਮੀਲਾਂ ਦਾ
ਸਫ਼ਰ ਕਰ
ਨਾਲ ਜਾ ਰਲਦੀ ਹੈ
ਦਾਦੀ ਪੋਤਿਆਂ ਦੀ
ਪਿਆਰ-ਗਾਥਾ ਨੂੰ
ਅਮਰ ਕਰ ਦੇਂਦੀ ਹੈ

........................................... - ਜਗਮੋਹਨ ਸਿੰਘ

No comments:

Post a Comment