Popular posts on all time redership basis

Sunday, 11 December 2011

ਇਹ ਜੁ ਚੰਨ ਦੀ ਚਾਨਣੀ ਹੈ... - ਸੁਰਜੀਤ ਪਾਤਰ

ਇਹ ਜੁ ਚੰਨ ਦੀ ਚਾਨਣੀ ਹੈ
ਇਹ ਜੁ ਤਾਰਿਆਂ ਦੀ ਲੋਅ ਹੈ
ਪੜ੍ਹੀਏ ਤਾਂ ਤੇਰਾ ਖ਼ਤ ਹੈ
ਸੁਣੀਏ ਤਾਂ ਤੇਰੀ ਸੋਅ ਹੈ

ਤੂੰ ਜੁ ਉਮਰ ਭਰ ਜਗਾਏ
ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ
ਉਨ੍ਹਾਂ ਦੀਵਿਆਂ ਦੀ ਲੋਅ ਹੈ

ਤੇਰੇ ਲਫ਼ਜ਼ ਨੇ ਲਹੂ ਵਿਚ
ਤੇਰਾ ਰਾਗ ਹੈ ਰਗਾਂ ਵਿਚ
ਐ ਗ਼ਜ਼ਲ ਵਸੇਂ ਤੂੰ ਸਾਹੀਂ
ਤੇਰੇ ਤੋਂ ਕੀ ਲੁਕੋਅ ਹੈ

ਇਹ ਜੁ ਬਾਤ ਤੂੰ ਕਹੀ ਹੈ
ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ
ਤੇ ਸਵੇਰੀਆਂ ਦੀ ਸੋਅ ਹੈ

ਸੀ ਉਹ ਨੇਕ-ਬਖ਼ਤ ਸੂਰਜ
ਉਹ ਜੋ ਹੋਈਆ ਅਸਤ ਸੂਰਜ
ਇਹ ਦੇਖ ਕੇ ਉਸ ਦੇ
ਜਾਇਆਂ 'ਚ ਉਸਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ
ਧੁੱਪ ਦਾ ਹੀ ਤਰਜੁਮਾ ਹੈ
ਤੇ ਇਹ ਧੁੱਪ ਵੀ ਓੜਕਾਂ ਨੂੰ
ਕਿਸੇ ਬਲ ਰਹੇ ਦੀ ਲੋਅ ਹੈ

ਨਫ਼ਰਤ ਦੇ ਤੀਰ ਚੱਲਦੇ
ਐਪਰ ਨ ਮੈਨੂੰ ਸੱਲਦੇ
ਮੇਰੀ ਆਤਮਾ ਦੁਆਲੇ
ਤੇਰੇ ਪਿਆਰ ਦੀ ਸੰਜੋਅ ਹੈ

ਜੋ ਜਾਣਦੇ ਨ ਉਸ ਨੂੰ
ਉਹ ਖ਼ਾਕ ਜਾਣਦੇ ਨੇ
ਜੋ ਜਾਣਦੇ ਉਨ੍ਹਾਂ ਲਈ
ਉਹ ਤਾਰਿਆਂ ਦੀ ਲੋਅ ਹੈ

ਸਾਗਰ ਦੇ ਵਿਚ ਉਤਰ ਕੇ
ਸਭ ਰੰਗ ਜਲ 'ਚ ਭਰ ਕੇ
ਖੁਦ ਨੂੰ ਨੁਮਾਇਆਂ ਕਰ ਕੇ
ਬੁੱਝ ਜਾਣ ਵਿਚ ਵੀ ਲੋਅ ਹੈ

...................................................... - ਸੁਰਜੀਤ ਪਾਤਰ

No comments:

Post a Comment