Popular posts on all time redership basis

Thursday, 20 October 2011

ਸਰਘੀ - ਅਜਮੇਰ ਰੋਡੇ

ਮੈਂ ਤੇਰੀ ਸਰਘੀ ਵਿਚ ਇਸ਼ਨਾਨ ਕਰ ਕੇ ਹਟਿਆਂ ਹਾਂ
ਤੇਰੀ ਉਡੀਕ ਵਿਚ ਮੈਂ ਓਹੀ ਵਸਤਰ ਪਹਿਨ ਕੇ ਬੈਠਾਂ
ਜੋ ਮੈਨੂੰ ਜਨਮ ਸਮੇਂ ਮਿਲੇ ਸਨ
ਮੈਲੇ ਵਸਤਰਾਂ ਨਾਲ ਤੈਨੂੰ ਕਿਵੇਂ ਉਡੀਕ ਸਕਦਾ ਹਾਂ

ਤੇਰਾ ਹਥ ਸੂਰਜ ਦੀ ਪਹਿਲੀ ਕਿਰਨ ਵਿਚ ਆਵੇਗਾ
ਤੇ ਮੇਰੀ ਨੰਗੀ ਦੇਹ ਨੂੰ ਛੋਹ ਜਾਵੇਗਾ
ਦੇਹ ਦੇ ਰੋਮ ਰੋਮ ਵਿਚ ਬੈਠੀ ਇੰਦਰੀ
ਥਰਥਰਾ ਉਠੇਗੀ

ਗੀਤਾ ਕਹਿੰਦੀ ਹੈ
ਇੰਦਰੀਆਂ ਤੋਂ ਪਰੇ ਮਨ ਦੀ ਦੁਨੀਆਂ ਹੈ
ਮਨ ਦੀਆਂ ਸੀਮਾਵਾਂ ਤੋਂ ਪਾਰ ਬੁੱਧੀ
ਬੁੱਧੀ ਤੋਂ ਅੱਗੇ ਆਤਮਾ ਹੈ
ਆਤਮਾ ਤੋਂ ਅੱਗੇ ਆਦਿ ਚਿਣਗ ਹੈ
ਜੋ ਤੇਰੀ ਛੋਹ ਵਿਚ ਹੈ

ਤੂੰ ਆ
ਮੈਂ ਆਪਣੇ ਅੰਗਾਂ ਚੋਂ
ਸਿੰਮੇ ਚਾਨਣ ਦਾ ਕਰਮੰਡਲ
ਤੇਰੇ ਪੈਰਾਂ ਤੇ ਡੋਲ੍ਹ ਦੇਵਾਂਗਾ
ਤੇ ਤੇਰੇ ਨਾਲ ਲਗ ਕੇ ਬੈਠ ਜਾਵਾਂਗਾ
ਆਦਿ ਚਿਣਗ ਵਿਚ ਲਿਖੀਆਂ
ਬਾਤਾਂ ਸੁਣਨ ਲਈ
ਆਦਿ ਅੰਤ ਦੀ ਲੀਲ੍ਹਾ ਵੇਖਣ ਲਈ - ਅਜਮੇਰ ਰੋਡੇ

No comments:

Post a Comment