Popular posts on all time redership basis

Thursday, 20 October 2011

ਦਸਤਕ - ਜਗਤਾਰਜੀਤ

ਦਸਤਕ ਸੁਣ
ਜਦ ਕਿਵਾੜ ਖੋਲ੍ਹੇ
ਲੋਅ ਦਾ ਸਮੁੰਦਰ ਮੁਖ਼ਾਤਿਬ ਸੀ
ਉਸ ’ਚੋਂ ਨਿਕਲੇ ਬੋਲ ਕੰਨੀਂ ਪਏ
"ਮੈਂ ਹਾਂ
ਮੇਰੇ ਨਾਲ ਰਬਾਬ ਹੈ"

ਹੈਰਾਨ
ਬੇ-ਬੋਲ ਖੜ੍ਹਾ ਵੇਖਦਾ ਰਿਹਾ
ਕਿਸ ਨੂੰ ਕਹਾਂ
ਕਿਵੇਂ ਕਹਾਂ
"ਅੰਦਰ ਲੰਘ ਆਓ"
ਓਹ ਤਾਂ ਪਹਿਲਾਂ ਹੀ
ਦਾਖ਼ਲ ਹੋ ਚੁੱਕਾ ਸੀ ਘਰ ਅੰਦਰ

ਦਰੋਂ ਬਾਹਰ ਖੜੇ ਚਾਨਣ ’ਚੋਂ
ਆਵਾਜ਼ ਮੁੜ ਗੂੰਜੀ
"ਮੈਂ ਫੇਰ ਆਵਾਂਗਾ
ਮੇਰੇ ਕੋਲ ਇਹ ਰਬਾਬ ਹੈ
ਤੂੰ ਇਸ ਨੂੰ ਆਪਣੇ ਕੋਲ ਰੱਖ"

ਗੁਰੂ ਦਾ ਸਾਜ਼ ਕੀ ਆਇਆ
ਜਿਵੇਂ ਘਰ ਬ੍ਰਹਿਮੰਡ ਆ ਵਸਿਆ
ਬਾਣੀ ਰਬਾਬ ’ਤੇ ਸੁਰ ਹੋਈ
ਚੁਤਰਫੋਂ ਗੂੰਜਦੀ ਸੁਣਦੀ

ਵਿਸਰੇ ਦਿਨ, ਮੌਸਮਾਂ ਦੇ ਰੰਗ
ਹਾਲਾਤ ਵੀ ਭੁੱਲੇ
ਉਹ ਵੀ ਦਿਨ ਸਨ
ਦਿਨਾਂ ਵਰਗੇ
ਆਪਣੇ ਵੀ ਪਰਾਏ ਵੀ

ਦੁੱਖਦੇ ਜਗਤ ਨੂੰ
ਨਾ ਆਏ ਰਾਸ ਬੋਲ
ਬਾਣੀ ਦੇ
ਨਾ ਰਬਾਬ ਦੇ ਸੁਰਾਂ ਨੇ ਠੰਡ ਵਰਤਾਈ
ਮੇਰਾ ਘਰ ਸੂਲ਼ ਬਣ ਕੇ ਚੁਭਣ ਲੱਗਾ ਮੁਹੱਲੇ ਵਿੱਚ
ਅੱਖ ਦੇ ਇਸ਼ਾਰੇ ਨਾਲ
ਵੱਖ ਕੀਤਾ ਜਾਣ ਲੱਗਾ ਸ਼ਹਿਰ ’ਚ ਮੈਨੂੰ

ਕਹਾਂ ਕਿਸ ਨੂੰ
ਕੌਣ ਆਇਆ ਸੀ
ਕੋਈ ਨਹੀਂ ਸੁਣਦਾ
ਨਾ ਵਿਹਲ ਹੈ ਕਿਸੇ ਕੋਲ ਠਹਿਰਣ ਦਾ
ਮੈਂ ਸੱਚ ਦੀ ਗੱਠੜੀ
ਝੂਠ ਵਾਂਗ ਲਕੋਈ ਫਿਰਦਾ ਹਾਂ
ਕਿਸੇ ਨੇ ਮੇਰੇ ਬੋਲਾਂ ਨੂੰ ਰੰਦਣਾਂ ਸ਼ੁਰੂ ਕੀਤਾ
ਕਿਸੇ ਨੇ ਲੋਹਾ ਚੰਡਣਾਂ ਸ਼ੁਰੂ ਕੀਤਾ
ਕੋਈ ਬਲਦੀ ਅੱਗ ’ਚ
ਆਪਣੀ ਅੱਗ ਰਲਾਉਣ ਲਈ ਤਿਆਰ ਬੈਠਾ ਸੀ

ਇਕ ਸ਼ਾਮ ਸਾਰਾ ਲਾਮ ਲਸ਼ਕਰ
ਬੂਹੇ ’ਤੇ ਆਣ ਢੁੱਕਾ ਸੀ
ਮੈਂ ਘਰੋਂ ਬਾਹਰ ਗਲੀਆਂ ਵਿਚ
ਗਲੀਓਂ ਰੜੇ ਮੈਦਾਨ ਜਾ ਪੁੱਜਾ
ਓਥੋਂ ਖੂਬ ਦਿਸਦਾ ਸੀ
ਰਕਸ ਅਗਨ-ਜੀਭਾਂ ਦਾ
ਧੂਏਂ ਦੇ ਪਰਦਿਆਂ ਓਹਲੇ

ਤਦੇ ਅੰਬਰੋਂ ਉੱਤਰੀ ਲੋਅ ਨੇ
ਆ ਘੇਰਿਆ ਮੈਨੂੰ
ਓਹੀ ਆਵਾਜ਼ ਕੰਨਾਂ ’ਚ ਫਿਰ ਗੂੰਜੀ
"ਮੈਂ ਹਾਂ
ਬਿਨਾਂ ਰਬਾਬ ਦੇ
ਕਾਇਨਾਤ ਸੁਰ ਨਹੀਂ ਹੁੰਦੀ
ਇਹਦੇ ਬਿਨਾਂ ਮੇਰੇ ਬੋਲ ਮੈਨੂੰ ਆਪਣੇ ਨਹੀਂ ਲਗਦੇ" - ਜਗਤਾਰਜੀਤ

No comments:

Post a Comment