Popular posts on all time redership basis

Showing posts with label Jagtarjit. Show all posts
Showing posts with label Jagtarjit. Show all posts

Sunday, 14 July 2013

ਕੀ ਭਰਵਾਸਾ - ਜਗਤਾਰਜੀਤ

ਕੀ ਭਰਵਾਸਾ ਅੱਜ ਦਾ ਕੱਲ੍ਹ ਦਾ
ਪੀਲਾ ਪੱਤਾ ਤੇਜ਼ ਹਵਾਵਾਂ
ਟਾਹਣ ਨਿਰਮੋਹੀ ਰੁੱਤ ਦੀ ਡੰਗੀ
ਅਟਕ ਰਿਹਾ ਬਸ ਡਰਦਾ-ਡਰਦਾ

ਉਦੈ ਕਾਲ ਤੋਂ ਮਰਨ ਦਿਵਸ ਤਕ
ਸੈ ਠੀਕਰ ਸੋਚ ਦੇ ਫੁੱਟੇ
ਪੂਰ ਨਾ ਹੋਇਆ
ਕੋਈ ਭਰਦਾ-ਭਰਦਾ

ਮਿੱਤਰਾਂ ਸੰਗ ਜੋਬਨ ਮੱਤਾ
ਹਰ ਰੁੱਤ ਨਾਲ ਲੜਿਆ
ਕਿਰ ਚਲਿਆ
ਉਹ ਵੀ ਹਰਦਾ-ਹਰਦਾ

ਪੌਣ ਛਮਕ ਨੇ ਛੰਡਿਆ ਪਿੰਡਾ
ਉੱਡਦਿਆਂ ਉੱਡਦਿਆਂ
ਲਹਿ ਗਿਆ ਕੱਜਣ
ਉਹ ਵੀ ਹੁਣ ਖੁਰਦਾ-ਖੁਰਦਾ
........................................ -  ਜਗਤਾਰਜੀਤ

Thursday, 13 June 2013

ਸੂਰਜ - ਜਗਤਾਰਜੀਤ

ਬੁਗਨਵਿਲੀਆ ਦੀ ਡਾਲੀ ’ਤੇ ਬੈਠੀ ਚਿੜੀ
ਗਾ ਰਹੀ ਹੈ

ਜਿਵੇਂ-ਜਿਵੇਂ ਉਹ ਗਾਉਂਦੀ ਹੈ
ਤਿਵੇਂ-ਤਿਵੇਂ ਹਿਲਦੀ ਹੈ ਡਾਲੀ
ਚਿੜੀ, ਗੀਤ ਤੇ ਡਾਲੀ ਨੂੰ
ਇਕ-ਦੂਜੇ ’ਚ ਘੁਲਦਾ ਦੇਖ
ਸੂਹਾ ਹੁੰਦਾ ਜਾਂਦਾ ਹੈ
ਸਿਰੇ ਤੇ ਖਿੜਿਆ ਫੁੱਲ ਦਾ ਗੁੱਛਾ
ਲਗਦਾ ਹੈ ਜਿਵੇਂ
ਗਮਲੇ ’ਚੋਂ ਸੂਰਜ ਉੱਗ ਰਿਹਾ ਹੈ
............................................... - ਜਗਤਾਰਜੀਤ

Wednesday, 3 April 2013

ਕੀ ਭਰਵਾਸਾ - ਜਗਤਾਰਜੀਤ

ਕੀ ਭਰਵਾਸਾ ਅੱਜ ਦਾ ਕੱਲ ਦਾ
ਪੀਲਾ ਪੱਤਾ ਤੇਜ਼ ਹਵਾਵਾਂ
ਟਾਹਣ ਨਿਰਮੋਹੀ ਰੁੱਤ ਦੀ ਡੰਗੀ
ਅਟਕ ਰਿਹਾ ਬੱਸ ਡਰਦਾ ਡਰਦਾ

ਉਦੈ ਕਾਲ ਤੋਂ ਮਰਨ ਦਿਵਸ ਤਕ
ਸੈ ਠੀਕਰ ਸੋਚ ਦੇ ਫੁੱਟੇ
ਪੂਰ ਨਾ ਹੋਇਆ
ਕੋਈ ਭਰਦਾ-ਭਰਦਾ

ਮਿੱਤਰਾਂ ਸੰਗ ਜੋਬਨ ਮੱਤਾ
ਹਰ ਰੁੱਤ ਨਾਲ ਲੜਿਆ
ਕਿਰ ਚਲਿਆ
ਉਹ ਵੀ ਹਰਦਾ-ਹਰਦਾ

ਪੌਣ ਛਮਕ ਨੇ ਛੰਡਿਆ ਪਿੰਡਾ
ਉੱਡਦਿਆਂ-ਉੱਡਦਿਆਂ
ਲਹਿ ਗਿਆ ਕੱਜਣ
ਉਹ ਵੀ ਹੁਣ ਖੁਰਦਾ-ਖੁਰਦਾ
.......................................... - ਜਗਤਾਰਜੀਤ

Tuesday, 2 April 2013

ਅਰਦਾਸ - ਜਗਤਾਰਜੀਤ

ਸਰਕਦੇ-ਸਰਕਦੇ ਹੱਥ
ਆ ਜੁੜੇ ਇਕ-ਦੁਏ ਨਾਲ
ਜੁੜ ਕੇ ਹੌਲੀ-ਹੌਲੀ ਉੱਠਣ ਲੱਗੇ ਉੱਪਰ ਵੱਲ
ਜਿਥੇ ਖਲਾਅ ਦੇ ਸਿਵਾਏ
ਕੁਝ ਨਹੀਂ ਸੀ

ਹੱਥ ਜੁੜੇ ਤਾਂ
ਫੁਰਕਣ ਲੱਗੇ ਬੁੱਲ੍ਹ
ਕੁਝ ਕਹਿਣ ਲਈ
ਜਿਸ ਨੂੰ ਕਦੇ ਮੈਂ 
ਸੁਣਿਆ-ਪੜ੍ਹਿਆ ਨਹੀਂ

ਅਹਿਸਤਾ-ਅਹਿਸਤਾ
ਜੁੜਨ ਲੱਗੀ ਪਲਕ ਨਾਲ ਪਲਕ
ਬਾਹਰਲਾ ਸੰਸਾਰ ਰਹਿ ਗਿਆ ਬਹਰ
ਮਿੰਨਾ-ਮਿੰਨਾ ਜਗਣ ਲੱਗਾ
ਅੰਦਰ ਵੱਸਦਾ ਸੰਸਾਰ

ਭਟਕਦਾ-ਭਟਕਦਾ ਮਨ ਥਿਰ ਹੋਇਆ
ਲੱਗਾ, ਜਿਵੇਂ ਮੈਂ
ਅੱਜ ਆਪਣੇ ਕੋਲ ਚੱਲ ਆਇਆ ਹਾਂ

Thursday, 20 October 2011

ਦਸਤਕ - ਜਗਤਾਰਜੀਤ

ਦਸਤਕ ਸੁਣ
ਜਦ ਕਿਵਾੜ ਖੋਲ੍ਹੇ
ਲੋਅ ਦਾ ਸਮੁੰਦਰ ਮੁਖ਼ਾਤਿਬ ਸੀ
ਉਸ ’ਚੋਂ ਨਿਕਲੇ ਬੋਲ ਕੰਨੀਂ ਪਏ
"ਮੈਂ ਹਾਂ
ਮੇਰੇ ਨਾਲ ਰਬਾਬ ਹੈ"

ਹੈਰਾਨ
ਬੇ-ਬੋਲ ਖੜ੍ਹਾ ਵੇਖਦਾ ਰਿਹਾ
ਕਿਸ ਨੂੰ ਕਹਾਂ
ਕਿਵੇਂ ਕਹਾਂ
"ਅੰਦਰ ਲੰਘ ਆਓ"
ਓਹ ਤਾਂ ਪਹਿਲਾਂ ਹੀ
ਦਾਖ਼ਲ ਹੋ ਚੁੱਕਾ ਸੀ ਘਰ ਅੰਦਰ

ਦਰੋਂ ਬਾਹਰ ਖੜੇ ਚਾਨਣ ’ਚੋਂ
ਆਵਾਜ਼ ਮੁੜ ਗੂੰਜੀ
"ਮੈਂ ਫੇਰ ਆਵਾਂਗਾ
ਮੇਰੇ ਕੋਲ ਇਹ ਰਬਾਬ ਹੈ
ਤੂੰ ਇਸ ਨੂੰ ਆਪਣੇ ਕੋਲ ਰੱਖ"

ਗੁਰੂ ਦਾ ਸਾਜ਼ ਕੀ ਆਇਆ
ਜਿਵੇਂ ਘਰ ਬ੍ਰਹਿਮੰਡ ਆ ਵਸਿਆ
ਬਾਣੀ ਰਬਾਬ ’ਤੇ ਸੁਰ ਹੋਈ
ਚੁਤਰਫੋਂ ਗੂੰਜਦੀ ਸੁਣਦੀ

ਵਿਸਰੇ ਦਿਨ, ਮੌਸਮਾਂ ਦੇ ਰੰਗ
ਹਾਲਾਤ ਵੀ ਭੁੱਲੇ
ਉਹ ਵੀ ਦਿਨ ਸਨ
ਦਿਨਾਂ ਵਰਗੇ
ਆਪਣੇ ਵੀ ਪਰਾਏ ਵੀ

ਦੁੱਖਦੇ ਜਗਤ ਨੂੰ
ਨਾ ਆਏ ਰਾਸ ਬੋਲ
ਬਾਣੀ ਦੇ
ਨਾ ਰਬਾਬ ਦੇ ਸੁਰਾਂ ਨੇ ਠੰਡ ਵਰਤਾਈ
ਮੇਰਾ ਘਰ ਸੂਲ਼ ਬਣ ਕੇ ਚੁਭਣ ਲੱਗਾ ਮੁਹੱਲੇ ਵਿੱਚ
ਅੱਖ ਦੇ ਇਸ਼ਾਰੇ ਨਾਲ
ਵੱਖ ਕੀਤਾ ਜਾਣ ਲੱਗਾ ਸ਼ਹਿਰ ’ਚ ਮੈਨੂੰ

ਕਹਾਂ ਕਿਸ ਨੂੰ
ਕੌਣ ਆਇਆ ਸੀ
ਕੋਈ ਨਹੀਂ ਸੁਣਦਾ
ਨਾ ਵਿਹਲ ਹੈ ਕਿਸੇ ਕੋਲ ਠਹਿਰਣ ਦਾ
ਮੈਂ ਸੱਚ ਦੀ ਗੱਠੜੀ
ਝੂਠ ਵਾਂਗ ਲਕੋਈ ਫਿਰਦਾ ਹਾਂ
ਕਿਸੇ ਨੇ ਮੇਰੇ ਬੋਲਾਂ ਨੂੰ ਰੰਦਣਾਂ ਸ਼ੁਰੂ ਕੀਤਾ
ਕਿਸੇ ਨੇ ਲੋਹਾ ਚੰਡਣਾਂ ਸ਼ੁਰੂ ਕੀਤਾ
ਕੋਈ ਬਲਦੀ ਅੱਗ ’ਚ
ਆਪਣੀ ਅੱਗ ਰਲਾਉਣ ਲਈ ਤਿਆਰ ਬੈਠਾ ਸੀ

ਇਕ ਸ਼ਾਮ ਸਾਰਾ ਲਾਮ ਲਸ਼ਕਰ
ਬੂਹੇ ’ਤੇ ਆਣ ਢੁੱਕਾ ਸੀ
ਮੈਂ ਘਰੋਂ ਬਾਹਰ ਗਲੀਆਂ ਵਿਚ
ਗਲੀਓਂ ਰੜੇ ਮੈਦਾਨ ਜਾ ਪੁੱਜਾ
ਓਥੋਂ ਖੂਬ ਦਿਸਦਾ ਸੀ
ਰਕਸ ਅਗਨ-ਜੀਭਾਂ ਦਾ
ਧੂਏਂ ਦੇ ਪਰਦਿਆਂ ਓਹਲੇ

ਤਦੇ ਅੰਬਰੋਂ ਉੱਤਰੀ ਲੋਅ ਨੇ
ਆ ਘੇਰਿਆ ਮੈਨੂੰ
ਓਹੀ ਆਵਾਜ਼ ਕੰਨਾਂ ’ਚ ਫਿਰ ਗੂੰਜੀ
"ਮੈਂ ਹਾਂ
ਬਿਨਾਂ ਰਬਾਬ ਦੇ
ਕਾਇਨਾਤ ਸੁਰ ਨਹੀਂ ਹੁੰਦੀ
ਇਹਦੇ ਬਿਨਾਂ ਮੇਰੇ ਬੋਲ ਮੈਨੂੰ ਆਪਣੇ ਨਹੀਂ ਲਗਦੇ" - ਜਗਤਾਰਜੀਤ

Friday, 30 September 2011

ਰਬਾਬ - ਜਗਤਾਰਜੀਤ

ਰਬਾਬ ਤਾਂ ਮਰਦਾਨੇ ਦਾ ਨਾਂ ਸੀ,
ਪੂਰੀ ਕਾਇਨਾਤ ਰਾਗ ਵਿਚ ਬੱਝੀ
ਨਾਨਕ ਸਾਹਮਣੇ ਹਾਜ਼ਰ ਹੋ ਜਾਂਦੀ
ਤਦੇ ਨਾਨਕ ਕਹਿੰਦੇ ਸਨ:
ਮਰਦਾਨਿਆਂ ਰਬਾਬ ਵਜਾ

ਬਾਣੀ ਕਦ ਹਾਜ਼ਰ ਹੁੰਦੀ
ਰਬਾਬ ਉਸਨੂੰ ਮੁਖ਼ਾਤਿਬ ਹੁੰਦੀ
ਕਿਤੇ ਵੀ ਦਰਜ ਨਹੀਂ
ਪਰ ਜਦੋਂ ਦੋਵੇਂ ਮਿਲ ਵਿਚਰਦੇ
ਦੁਆਲ਼ਾ ਕੀਲਿਆ ਜਾਂਦਾ

ਸਾਡੇ ਕੋਲ ਤੁਰ ਆਈਆਂ ਹਨ ਕਥਾਵਾਂ
ਜਿਸ ਵਿਚ ਰਬਾਬ ਦੀਆਂ ਤਰਬਾਂ ਨਹੀਂ
ਨਾਨਕ ਦੀ ਆਵਾਜ਼ ਵੀ ਨਹੀਂ
ਲੋਕ-ਬੋਲਾਂ ਦੀ ਅਨੁਗੂੰਜ ਹੈ
ਉਸ ਨਾਲ ਜੁੜਨ ਲਈ

ਰਬਾਬ ਮਰਦਾਨੇ ਨਾਲ
ਮਰਦਾਨਾ ਸਿਖ ਨਾਲ
ਇਕਮਿਕ ਹੋ ਤੁਰੇ ਆ ਰਹੇ ਹਨ

ਮੈਂ ਕਿਵੇਂ ਬੇਮੁੱਖ ਹੋ ਜਾਵਾਂ
ਸਾਜ਼ ਤੋਂ
ਸਾਜ਼ ਤੋਂ ਟੁੱਟਿਆਂ
ਨਾਨਕ ਕਿਵੇਂ ਸਵੀਕਾਰ ਕਰੇਗਾ ਮੈਨੂੰ

............................. - ਜਗਤਾਰਜੀਤ