Popular posts on all time redership basis

Thursday, 13 October 2011

ਕੀ ਕੋਈ ਮਾਣ ਕਰੇ ਜੀਵਨ ਤੇ, ਕੀ ਕੋਈ ਗੱਲ ਲਮਕਾਵੇ ! - ਤਾਰਾ ਸਿੰਘ

ਪਿਆਰ ਤੇਰਾ ਜੀਵਨ ਵਿਚ ਮੈਨੂੰ,
ਕੁੱਲ ਏਨਾ ਚਿਰ ਮਿਲਿਆ -
ਜੇਠ ਹਾੜ ਦੀ ਰੁੱਤੇ,
ਜਿਉਂ ਥੱਲ ਭੁਜਦੇ ਸਿਖਰ ਦੁਪਿਹਰੇ,
ਇੱਕ ਕਿਣਕੇ ਦੇ ਉਤੋਂ,
ਅੱਕ-ਕੱਕੜੀ ਦਾ ਫੰਭਾ ਉਡਦਾ
ਪਲ-ਛਿਣ ਛਾਂ ਕਰ ਜਾਵੇ !

ਹੇ ਮੇਰੀ ਸਰਘੀ-ਮੁੱਖ ਚੰਨੀਏਂ,
ਯਾਦ ਤੇਰੀ ਮੈਂ ਸਾਂਭ ਸਾਂਭ ਕੇ,
ਇੰਝ ਦਿਲ ਅੰਦਰ ਰੱਖੀ -
ਜਿਉਂ ਸਿਆਲੀ ਰੁੱਤੇ,
ਟੁੱਟੇ ਹੋਏ ਛੱਪਰ ਦੇ ਉੱਤੇ,
ਮੀਂਹ ਗੜੇ ਦਾ ਵਸਦਾ,
ਛਪਰ ਚੋਵੇ,
ਥੱਲੇ ਇਕ ਮੁਸਾਫਰ ਬੈਠਾ ਅੱਗ ਬਾਲ ਕੇ,
ਤ੍ਰਿੱਪ ਤ੍ਰਿੱਪ ਚੋਂਦੇ ਮੀਂਹ ਦੇ ਟੇਪਿਉਂ,
ਨਿੱਘ ਬਚਾਵਣ ਖਾਤਰ,
ਰੋਕ ਪਿੱਠ ਤੇ ਗੰਧਲਾ ਪਾਣੀ,
ਅੱਗ ਤੇ ਝੁਕਿਆ ਹੋਵੇ.

ਕਾਹਦਾ ਮਾਣ ਕਰੇ ਕੋਈ ਦਿਲ ਤੇ, ਕੀ ਕੋਈ ਬੰਨ੍ਹੇ ਦ੍ਹਾਵੇ
ਪੱਲਾ ਸਬਰ ਮੇਰੇ ਦਾ ਦਿਲ ਤੋਂ ਏਦਾਂ ਛੁੱਟ ਛੁੱਟ ਜਾਵੇ -
ਜਿਉਂ ਕਣਕਾਂ ਦੇ ਵੱਢਾਂ ਦੇ ਵਿੱਚ,
ਨਿੱਕਾ ਜਿਹਾ ਪੋਲੀ ਦਾ ਬੂਟਾ,
ਜੁੰਡਾਂ ਦੇ ਵਿਚ ਫਸਿਆ ਹੋਵੇ,
ਹਵਾ ਦੇ ਧੱਫਿਆਂ ਨਾਲ ਵਿਚਾਰਾ,
ਕਦੇ ਫਸੇ, ਛੁਟ ਜਾਵੇ
ਫਸ ਜਾਵੇ, ਛੁੱਟ ਜਾਵੇ.

ਮੇਰੇ ਰੋਮ ਰੋਮ ’ਚੋਂ ਹਰ ਦਮ,
ਰਹਿੰਦੀ ਏਦਾਂ ਰਵਾਂ ਹੈ ਪਿਆਰ-ਕਹਾਣੀ -
ਕਿਤੇ ਕਿਤੇ ਜਿਉਂ ਪਰਬਤਾਂ ਅੰਦਰ,
ਸਿਲ੍ਹਿੱਆਂ ਸਿਲ੍ਹਿੱਆਂ ਪਥਰਾਂ ਵਿਚੋਂ
ਹੌਲੀ ਹੌਲੀ ਸਿੰਮਦਾ ਰਹਿੰਦਾ
ਕੋਸਾ ਕੋਸਾ ਪਾਣੀ

.......................................... - ਤਾਰਾ ਸਿੰਘ

No comments:

Post a Comment