Popular posts on all time redership basis

Showing posts with label Tara Singh. Show all posts
Showing posts with label Tara Singh. Show all posts

Tuesday, 30 October 2012

ਚਿੰਤਾ ਦਾ ਵਿਸਥਾਰ - ਤਾਰਾ ਸਿੰਘ

ਘਰ ਦੇ ਵੀ ਹਨ
ਕੰਮ ਧੰਧੇ ਸਭ ਸਰਦੇ ਵੀ ਹਨ
ਖਾਂਦੇ ਪੀਂਦੇ ਲੋਕੀਂ ਆਦਰ ਕਰਦੇ ਵੀ ਹਨ
ਉਚੀ-ਨੀਵੀਂ ਸੁਣ ਕੇ ਲੋਕ ਜਰਦੇ ਵੀ ਹਨ
ਨਾ ਲਈਏ, ਤਾਂ ਵੱਡੇ ਲੋਕੀਂ ਡਰਦੇ ਵੀ ਹਨ
ਬਾਹਰ ਕੁਝ ਮੁਹੱਬਤਾਂ ਵੀ ਨੇ, ਪਰਦੇ ਵੀ ਹਨ
ਨਾ ਮਿਲੀਏ ਤਾਂ ਹੁਸਨ ਵਾਲੇ
ਠੰਡੇ ਹਾਉਕੇ ਭਰਦੇ ਵੀ ਹਨ
ਪਹਿਲਾਂ ਮਰ ਜਾਣ ਦੇ ਵਾਇਦੇ
ਦਾਅਵੇ ਰੋਜ਼ ਹਸ਼ਰ ਦੇ ਵੀ ਹਨ

ਜਦ ਸਮਰੱਥ ਵਸਤਾਂ ਤੇ ਸਤਿਕਾਰ ਨਹੀਂ ਸੀ
’ਕੱਲਾ ਸੀ ਕੋਈ ਯਾਰ ਨਹੀਂ ਸੀ
ਹਰ ਬੂਹੇ ’ਤੇ ਦੁਰਦੁਰ ਸੀ, ਦਿਲਦਾਰ ਨਹੀਂ ਸੀ
ਉਚੀ ਨੀਵੀਂ ਆਖਣ ਦਾ ਅਧਿਕਾਰ ਨਹੀਂ ਸੀ
ਘਰ ਦੇ ਨੀ ਸਨ, ਤੇ ਆਪਣਾ ਘਰਬਾਰ ਨਹੀਂ ਸੀ
ਤਦ ਮੈਨੂੰ ਗੁਆਚ ਜਾਣ ਦਾ ਫਿਕਰ ਨਹੀਂ ਸੀ
ਚਿੰਤਾ ਦਾ ਵਿਸਥਾਰ ਨਹੀਂ ਸੀ

ਹੁਣ ਤਾਂ ਸਭ ਕੁਝ ਹੈ
ਹਰ ਵੇਲੇ ਚਿੰਤਾ ਰਹਿੰਦੀ ਹੈ
ਕਿਸੇ ਪਾਸਿਓਂ ਭੁਰ ਨਾ ਜਾਵਾਂ
ਆਂਢ-ਗੁਆਂਢੇ ਧੁੱਪ ਬੜੀ ਹੈ, ਖ਼ੁਰ ਨਾ ਜਾਵਾਂ
ਕਰਨ ਵਾਲੇ ਕੰਮ ਬੜੇ ਨੇ, ਕਿਰ ਨਾ ਜਾਵਾਂ
ਮੈਂ ਆਯੂ ਦੀ ਜਿਸ ਮੰਜ਼ਿਲ ’ਤੇ
ਇਥੋਂ ਲੋਕੀਂ ਤੁਰ ਜਾਂਦੇ ਨੇ
ਮੈਂ ਵੀ ਕਿਧਰੇ ਖੜ੍ਹਾ ਖੜੋਤਾ ਤੁਰ ਨਾ ਜਾਵਾਂ

.............................................................- ਤਾਰਾ ਸਿੰਘ

Thursday, 7 June 2012

ਮੋਮਬੱਤੀਆਂ - ਤਾਰਾ ਸਿੰਘ

ਮਰਹੂਮ ਸ਼ਾਇਰ ਤਾਰਾ ਸਿੰਘ ਦੀ ਬਹੁਤ ਖੂਬਸੂਰਤ ਕਵਿਤਾ "ਮੋਮਬੱਤੀਆਂ" ਪਾਠਕਾਂ ਦੀ ਨਜ਼ਰ ਕਰ ਰਹੇ ਹਾਂ.
ਸੁਰਜੀਤ ਪਾਤਰ ਦੀ ਚਰਚਿਤ ਅਤੇ ਖੂਬਸੂਰਤ ਕਵਿਤਾ "ਜਗਾ ਦੇ ਮੋਮਬੱਤੀਆ", ਨੂੰ ਤਾਰਾ ਸਿੰਘ ਦੀ ਕਵਿਤਾ ਦੇ ਵਿਚੋਂ ਝਲਕਦੀ ਉਦਾਸ ਸੁਰ ਦਾ ਸੁਹਜ ਭਰਪੂਰ, ਸੰਵੇਦਨਾਤਮਕ ਪ੍ਰਤੀਕਰਮ ਸਮਝਿਆ ਜਾਂਦਾ ਹੈ.


ਕਾਹਨੂੰ ਬਾਲਦੈਂ ਬਨੇਰੇ ’ਤੇ ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ

ਬੂਹੇ ਤੇ ਸ਼ਰਮਿੰਦਗੀ ਦੇ ਦਾਗ਼ ਰਹਿਣ ਦੇ
ਬਦਨਾਮ ਰਾਜਨੀਤੀ ਦੇ ਸੁਰਾਗ਼ ਰਹਿਣ ਦੇ
ਆਉਣ ਵਾਲਿਆਂ ਨੇ ਅੱਜ ਦਾ ਕਸੂਰ ਲੱਭਣਾ
ਇਨ੍ਹਾਂ ਘਰਾਂ ਵਿਚ ਬੁਝੇ ਹੋਏ ਚਿਰਾਗ਼ ਰਹਿਣ ਦੇ

ਕਿੱਥੇ ਜਾਏਂਗਾ? ਦਿਸ਼ਾਵਾਂ ਸਭ ਲਹੂ-ਤੱਤੀਆਂ
ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮਬੱਤੀਆਂ

ਸੁੱਚੀ ਰੱਤ ਨਾਲ ਪੋਚੀ ਹੋਈ ਥਾਂ ਰਹਿਣ ਦੇ
ਇਨ੍ਹਾਂ ਕੰਧਾਂ ਉਤੇ ਉਕਰੇ ਹੋਏ ਨਾਂ ਰਹਿਣ ਦੇ

ਕੁਝ ਬੇਕਸੂਰ ਚੀਕਾਂ ਵਾਲੇ ਖੇਤ ਰਹਿਣ ਦੇ
ਕੁਝ ਸਾਜਿਸ਼ਾਂ ਦੇ ਮਾਰੇ ਹੋਏ ਗਿਰਾਂ ਰਹਿਣ ਦੇ

ਐਵੇਂ ਭਾਲ ਨਾ ਖ਼ਿਜ਼ਾਵਾਂ ਵਿਚ ਫੁੱਲ-ਪੱਤੀਆਂ
ਅਜੇ ਬਾਲ ਨਾ ਬਨੇਰਿਆਂ ’ਤੇ ਮੋਮਬੱਤੀਆਂ

ਸੂਹਾ ਬੂਰ ਤਲਵਾਰਾਂ ਉਤੋਂ ਝੜ ਜਾਣ ਦੇ
ਗੁੱਸਾ ਥੋਥਿਆਂ ਵਿਚਾਰਾਂ ਉਤੋਂ ਝੜ ਜਾਣ ਦੇ
ਜਿਹੜੇ ਘਰਾਂ ਉਤੇ ਲਹੂ ਦੇ ਨਿਸ਼ਾਨ ਲਿਖੇ ਨੇ
ਉਹ ਨਿਸ਼ਾਨ ਵੀ ਦੀਵਾਰਾਂ ਉਤੋਂ ਝੜ ਜਾਣ ਦੇ

ਕਾਲੀ ਰੁੱਤ ਨੇ ਸੁਗੰਧਾਂ ਕੁੱਲ ਸਾੜ ਘਤੀਆਂ
ਅਜੇ ਬਾਲ ਨਾ ਬਨੇਰਿਆਂ ਤੇ ਤੇ ਮੋਮਬੱਤੀਆਂ

ਜਦੋਂ ਗੱਲ ਤੇ ਦਲੀਲ ਬਲਵਾਨ ਨਾ ਰਹੇ
ਉਦੋਂ ਤੇਗ਼ ਤਲਵਾਰ ਵੀ ਮਿਆਨ ਨਾ ਰਹੇ
ਐਸੀ ਵਗੀ ਏ ਹਵਾ ਅਸੀਂ ਅੱਖੀਂ ਦੇਖਿਆ
ਜਿੰਦ ਜਾਨ ਕਹਿਣ ਵਾਲੇ ਜਿੰਦ ਜਾਨ ਨਾ ਰਹੇ

ਨਹੀਂ ਰੁਕੀਆਂ ਹਵਾਵਾਂ ਅਜੇ ਮਾਣ-ਮਤੀਆਂ
ਅਜੇ ਬਾਲ ਨਾ ਬਨੇਰਿਆਂ ਤੇ ’ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰਾਂ ’ਚੋਂ ਹਵਾਵਾਂ ਤੱਤੀਆਂ

................................................... ਤਾਰਾ ਸਿੰਘ

Thursday, 29 March 2012

ਚਿੰਤਾ ਦਾ ਵਿਸਥਾਰ - ਤਾਰਾ ਸਿੰਘ

ਘਰ ਦੇ ਵੀ ਹਨ
ਕੰਮ ਧੰਧੇ ਸਭ ਸਰਦੇ ਵੀ ਹਨ
ਖਾਂਦੇ ਪੀਂਦੇ ਲੋਕੀਂ ਆਦਰ ਕਰਦੇ ਵੀ ਹਨ
ਉਚੀ-ਨੀਵੀਂ ਸੁਣ ਕੇ ਲੋਕ ਜਰਦੇ ਵੀ ਹਨ
ਨਾ ਲਈਏ, ਤਾਂ ਵੱਡੇ ਲੋਕੀਂ ਡਰਦੇ ਵੀ ਹਨ
ਬਾਹਰ ਕੁਝ ਮੁਹੱਬਤਾਂ ਵੀ ਨੇ, ਪਰਦੇ ਵੀ ਹਨ
ਨਾ ਮਿਲੀਏ ਤਾਂ ਹੁਸਨ ਵਾਲੇ
ਠੰਡੇ ਹਾਉਕੇ ਭਰਦੇ ਵੀ ਹਨ
ਪਹਿਲਾਂ ਮਰ ਜਾਣ ਦੇ ਵਾਇਦੇ
ਦਾਅਵੇ ਰੋਜ਼ ਹਸ਼ਰ ਦੇ ਵੀ ਹਨ

ਜਦ ਸਮਰੱਥ ਵਸਤਾਂ ਤੇ ਸਤਿਕਾਰ ਨਹੀਂ ਸੀ
’ਕੱਲਾ ਸੀ ਕੋਈ ਯਾਰ ਨਹੀਂ ਸੀ
ਹਰ ਬੂਹੇ ’ਤੇ ਦੁਰਦੁਰ ਸੀ, ਦਿਲਦਾਰ ਨਹੀਂ ਸੀ
ਉਚੀ ਨੀਵੀਂ ਆਖਣ ਦਾ ਅਧਿਕਾਰ ਨਹੀਂ ਸੀ
ਘਰ ਦੇ ਨੀ ਸਨ, ਤੇ ਆਪਣਾ ਘਰਬਾਰ ਨਹੀਂ ਸੀ
ਤਦ ਮੈਨੂੰ ਗੁਆਚ ਜਾਣ ਦਾ ਫਿਕਰ ਨਹੀਂ ਸੀ
ਚਿੰਤਾ ਦਾ ਵਿਸਥਾਰ ਨਹੀਂ ਸੀ

ਹੁਣ ਤਾਂ ਸਭ ਕੁਝ ਹੈ
ਹਰ ਵੇਲੇ ਚਿੰਤਾ ਰਹਿੰਦੀ ਹੈ
ਕਿਸੇ ਪਾਸਿਓਂ ਭੁਰ ਨਾ ਜਾਵਾਂ
ਆਂਢ-ਗੁਆਂਢੇ ਧੁੱਪ ਬੜੀ ਹੈ, ਖ਼ੁਰ ਨਾ ਜਾਵਾਂ
ਕਰਨ ਵਾਲੇ ਕੰਮ ਬੜੇ ਨੇ, ਕਿਰ ਨਾ ਜਾਵਾਂ
ਮੈਂ ਆਯੂ ਦੀ ਜਿਸ ਮੰਜ਼ਿਲ ’ਤੇ
ਇਥੋਂ ਲੋਕੀਂ ਤੁਰ ਜਾਂਦੇ ਨੇ
ਮੈਂ ਵੀ ਕਿਧਰੇ ਖੜ੍ਹਾ ਖੜੋਤਾ ਤੁਰ ਨਾ ਜਾਵਾਂ

.............................ਤਾਰਾ ਸਿੰਘ

Tuesday, 3 January 2012

ਬਰਸਦਿਆ ਮੇਘਲਿਆ - ਤਾਰਾ ਸਿੰਘ

ਇਕ ਬੂੰਦ ਮੁੜ੍ਹਕੇ ਦੀ
ਜਿਦ੍ਹਾ ਹੰਝੂਆਂ ਨਾਲ ਵਿਹਾਰ
ਮਿੱਟੀ ਦੀ ਮੈਂ ਇਕ ਮੁੱਠੜੀ
ਜਿਦ੍ਹਾ ਧਰਤੀ ਝੱਲੇ ਨਾ ਭਾਰ
ਇਕ ਹਾਉਕਾ ਜਿੰਦੜੀ ਦਾ
ਜਿਹੜਾ ਹਉਕਿਆਂ ਵਿਚ ਨਾ ਸ਼ੁਮਾਰ
ਇਕ ਬੋਲ ਸੱਜਣਾ ਨੂੰ
ਜਿਹੜਾ ਹਿੱਸਿਆ ਬੁਲ੍ਹਾਂ ਵਿਚਕਾਰ
ਭਰੀ ਭਰੀ ਇਕ ਬਦਲੀ
ਜਿਹੜੀ ਝੁਲਸ ਗਈ ਥਲ-ਬਾਰ
ਬਰਸਦਿਆ ਮੇਘਲਿਆ
ਕਦੇ ਇਸ ਵਲ ਝਾਤੀ ਮਾਰ
..................................................................... - ਤਾਰਾ ਸਿੰਘ

Saturday, 5 November 2011

ਮਹਿਰਮੇ, ਨੀ ਸਾਥਣੇ - ਤਾਰਾ ਸਿੰਘ

ਮਹਿਰਮੇ, ਨੀ ਸਾਥਣੇ
ਦੇਹ ਇਜਾਜ਼ਤ ਭੋਲੀਏ
ਚੁੰਮ ਲਾਂ ਮੈਂ ਆਪਣੀ ਬੱਚੀ ਦੇ ਪੈਰ
ਜਿਨ੍ਹਾਂ ਦੇ ਨੌਹਾਂ ’ਚ ਹਾਲੇ ਮੈਲ ਦਾ ਕਿਣਕਾ ਨਹੀਂ

ਦੇਹ ਇਜਾਜ਼ਤ ਮਹਿਰਮੇ
ਮੇਰਿਆਂ ਬੁਲ੍ਹਾਂ ਦੀ ਛੁਹ ਵੀ -
ਮਾਣ ਲਏ ਕੁੱਖ ਦਾ ਸੁਆਦ

ਕੀ ਪਤਾ
ਡੁਲ੍ਹੇ ਨਾ ਡੁਲ੍ਹੇ ਫੇਰ ਸ਼ਿੰਗਰਫ਼ ਜਹੀ ਸਵੇਰ
ਕੀ ਪਤਾ
ਕਿਸ ਛਿਣ ਇਨ੍ਹਾਂ ਪ੍ਰਮਾਣੂਆਂ ਦੀ-
ਅੱਖ ਮੈਲੀ ਹੋ ਜਾਏ
ਕੀ ਪਤਾ
ਕਿਸ ਉਡਦੇ ਛਿਣ ਦੇ ਪੰਖ ਚੱਟ ਲਵੇ ਲਾਟ ਕੋਈ

ਕੀ ਪਤਾ
ਕਦ ਸਮੇਂ ਦੇ ਬੁਲ੍ਹੀਂ ਹੁੰਗਾਰਾ ਸੌਂ ਜਾਏ

ਕੀ ਪਤਾ ਕਦ ਕੋੜ੍ਹ ਦਾ ਗ੍ਰਸਿਆ ਇਹ ਮਨੁੱਖ
ਅੰਮਾਂ ਹਵਾ ਦੇ ਸੁਲਗਦੇ ਜਿਸਮ ਨੂੰ
ਕਰ ਦਏ ਮਜਬੂਰ ਤਰ੍ਹੱਕ ਜਾਵਣ ਲਈ

ਕੀ ਪਤਾ ਕਦ ਬ੍ਰੀਜ ਉਪਜਾਊ ਧਰਤ ਅੰਗਾਂ ’ਤੇ ਇਹ-
ਧੂੜ ਦੇਵੇ ਬਾਂਝਪਨ ਦੀ ਖਾਦ, ਆਦਮ ਦੀ ਔਲਾਦ

ਕੀ ਪਤਾ, ਨੀ ਸਾਥਣੇ
ਕਦ ਜਨਮ ਦੇ ਕਿਸੇ ਚੁੰਮਣ ਦਾ ਜੰਮਨ-ਛਿਣ-
ਮੌਤ-ਛਿਣ ਬਣ ਜਾਏਗਾ

ਕੀ ਪਤਾ
ਨਵ-ਜਨਮੀਆਂ ਬੱਚੀਆਂ ਦੇ ਅੰਗਾਂ ’ਚ-
ਕਦੇ ਕੋਈ ਛਿਲਤ ਸੁਲਗੇਗੀ, ਕਿ ਨਾ !
ਕੀ ਪਤਾ
ਇਹ ਸ਼ਿੰਗਰਫੀ, ਸੰਦਲੀ ਉਸ਼ੇਰਾਂ ਭੱਖ ਲੈਣ

ਇਸ ਤੋਂ ਪਹਿਲਾਂ ਮਹਿਰਮੇ-ਕਿ-
ਯੁੱਗ-ਰਾਖੇ ਨਵ-ਉਸੇਰਾਂ ਭੱਖ ਜਾਣ
ਇਸ ਤੋਂ ਪਹਿਲਾਂ ਕਿ
ਇਨ੍ਹਾਂ ਪ੍ਰਮਾਣੂਆਂ ਦੀ ਅੱਖ ਮੈਲੀ ਹੋ ਜਾਏ
ਇਸ ਤੋਂ ਪਹਿਲਾਂ ਕਿ
ਜਨਮ-ਛਿਣ-ਪੰਖ ਚੱਟੇ ਲਾਟ ਕੋਈ
ਇਸ ਤੋਂ ਪਹਿਲਾਂ ਕਿ
ਸਮੇਂ ਦੇ ਸੋਹਲ ਬੁਲ੍ਹਾਂ ’ਤੇ ਹੁੰਗਾਰਾ ਸੌਂ ਜਾਏ
ਇਸ ਤੋਂ ਪਹਿਲਾਂ ਕਿ
ਮਨੁੱਖ ਪਿੰਡੇ ’ਤੇ ਹੋ ਜਾਏ ਕੋੜ੍ਹ ਗੁੱਸੇ ਦਾ ਨਾਸੂਰ
ਇਸ ਤੋਂ ਪਹਿਲਾਂ ਕਿ
ਸੁਲਗਦਾ ਜਿਸਮ ਹਵਾ ਦਾ, ਤਰ੍ਹੱਕ ਜਾਵਣ ਲਈ ਮਜਬੂਰ ਹੋਵੇ
ਇਸ ਤੋਂ ਪਹਿਲਾਂ ਕਿ
ਧਰਤ ਅੰਗਾਂ ’ਤੇ ਕੋਈ
ਧੂੜ ਦੇਵੇ ਬਾਂਝਪਨ ਦੀ ਖਾਦ, ਆਦਮ ਦੀ ਔਲਾਦ
ਇਸ ਤੋਂ ਪਹਿਲਾਂ ਕਿ
ਜਨਮ ਦੇ ਚੁੰਮਣਾਂ ਦਾ ਜਨਮ-ਛਿਣ ਕਾਲਖ ਬਣੇ
ਇਸ ਤੋਂ ਪਹਿਲਾਂ ਕਿ
ਕੋਈ ਹਵਾ ਦੀਆਂ ਜਾਈਆਂ ਦਾ-
ਸਧਰਾਇਆ ਭਵਿਸ਼ ਹੀ ਮੇਸ ਦੇਏ
ਦੇਹ ਇਜ਼ਜ਼ਾਤ ਮਹਿਰਮੇ
ਮੈਂ ਸਮੇ ਦੇ ਓਸ ਛਿਣ ਨੂੰ ਚੁੰਮ ਲਾਂ
ਜਿਸ ਦੇ ਨੌਹਾਂ ’ਚ ਹਾਲੇ -
ਮੈਲ ਦਾ ਕਿਣਕਾ ਨਹੀਂ

....................... - ਤਾਰਾ ਸਿੰਘ

Monday, 24 October 2011

ਮਸੀਹਾ - ਤਾਰਾ ਸਿੰਘ

ਦੋਸਤਾ !
ਸੰਗੀਨ ਜਿਹੀ ਇਕ ਗਾਲ੍ਹ ਦੇ ਮੈਨੂੰ
ਕਿ ਨੀਰਸ ਮੁੱਦਤਾਂ ਦੀ ਦੋਸਤੀ ਦਾ ਅੰਤ ਹੋ ਜਾਏ.

ਜਦੋਂ, ਤੂੰ ਤੇ ਮੈਂ
ਕਦੇ ਮਿਲਦੇ ਹਾਂ
ਇਕ ਦੂਜੇ ਤੋਂ ਡਰਦੇ ਹਾਂ
ਪਤਾ ਹੁੰਦਾ ਹੈ -
ਇਕ ਦੂਜੇ ਤੋਂ ਸੁਖ ਪੁੱਛਣੀ ਹੈ ਦੋਹਾਂ ਨੇ

ਸੁਆਦੋਂ ਸਖਣੇ
ਸੁਆਂਗੀ ਜਿਹੇ ਬੋਲਾਂ ਦੇ ਨਾਤੇ ਦਾ
ਸੱਮੁਚੇ ਮੈਂ
ਮੇਰੇ ਸਮਿਆਂ ਨੇ
ਜਨਾਜ਼ਾ ਰੋਜ਼ ਢੋਇਆ ਹੈ

ਮੇਰਾ, "ਮੈਂ" ਮਰ ਗਿਆ ਹੈ
ਓ ਮਸੀਹਾ !
ਜ਼ਿੰਦਗੀ ਦੇ ਦੇ ! - ਤਾਰਾ ਸਿੰਘ

Thursday, 13 October 2011

ਕੀ ਕੋਈ ਮਾਣ ਕਰੇ ਜੀਵਨ ਤੇ, ਕੀ ਕੋਈ ਗੱਲ ਲਮਕਾਵੇ ! - ਤਾਰਾ ਸਿੰਘ

ਪਿਆਰ ਤੇਰਾ ਜੀਵਨ ਵਿਚ ਮੈਨੂੰ,
ਕੁੱਲ ਏਨਾ ਚਿਰ ਮਿਲਿਆ -
ਜੇਠ ਹਾੜ ਦੀ ਰੁੱਤੇ,
ਜਿਉਂ ਥੱਲ ਭੁਜਦੇ ਸਿਖਰ ਦੁਪਿਹਰੇ,
ਇੱਕ ਕਿਣਕੇ ਦੇ ਉਤੋਂ,
ਅੱਕ-ਕੱਕੜੀ ਦਾ ਫੰਭਾ ਉਡਦਾ
ਪਲ-ਛਿਣ ਛਾਂ ਕਰ ਜਾਵੇ !

ਹੇ ਮੇਰੀ ਸਰਘੀ-ਮੁੱਖ ਚੰਨੀਏਂ,
ਯਾਦ ਤੇਰੀ ਮੈਂ ਸਾਂਭ ਸਾਂਭ ਕੇ,
ਇੰਝ ਦਿਲ ਅੰਦਰ ਰੱਖੀ -
ਜਿਉਂ ਸਿਆਲੀ ਰੁੱਤੇ,
ਟੁੱਟੇ ਹੋਏ ਛੱਪਰ ਦੇ ਉੱਤੇ,
ਮੀਂਹ ਗੜੇ ਦਾ ਵਸਦਾ,
ਛਪਰ ਚੋਵੇ,
ਥੱਲੇ ਇਕ ਮੁਸਾਫਰ ਬੈਠਾ ਅੱਗ ਬਾਲ ਕੇ,
ਤ੍ਰਿੱਪ ਤ੍ਰਿੱਪ ਚੋਂਦੇ ਮੀਂਹ ਦੇ ਟੇਪਿਉਂ,
ਨਿੱਘ ਬਚਾਵਣ ਖਾਤਰ,
ਰੋਕ ਪਿੱਠ ਤੇ ਗੰਧਲਾ ਪਾਣੀ,
ਅੱਗ ਤੇ ਝੁਕਿਆ ਹੋਵੇ.

ਕਾਹਦਾ ਮਾਣ ਕਰੇ ਕੋਈ ਦਿਲ ਤੇ, ਕੀ ਕੋਈ ਬੰਨ੍ਹੇ ਦ੍ਹਾਵੇ
ਪੱਲਾ ਸਬਰ ਮੇਰੇ ਦਾ ਦਿਲ ਤੋਂ ਏਦਾਂ ਛੁੱਟ ਛੁੱਟ ਜਾਵੇ -
ਜਿਉਂ ਕਣਕਾਂ ਦੇ ਵੱਢਾਂ ਦੇ ਵਿੱਚ,
ਨਿੱਕਾ ਜਿਹਾ ਪੋਲੀ ਦਾ ਬੂਟਾ,
ਜੁੰਡਾਂ ਦੇ ਵਿਚ ਫਸਿਆ ਹੋਵੇ,
ਹਵਾ ਦੇ ਧੱਫਿਆਂ ਨਾਲ ਵਿਚਾਰਾ,
ਕਦੇ ਫਸੇ, ਛੁਟ ਜਾਵੇ
ਫਸ ਜਾਵੇ, ਛੁੱਟ ਜਾਵੇ.

ਮੇਰੇ ਰੋਮ ਰੋਮ ’ਚੋਂ ਹਰ ਦਮ,
ਰਹਿੰਦੀ ਏਦਾਂ ਰਵਾਂ ਹੈ ਪਿਆਰ-ਕਹਾਣੀ -
ਕਿਤੇ ਕਿਤੇ ਜਿਉਂ ਪਰਬਤਾਂ ਅੰਦਰ,
ਸਿਲ੍ਹਿੱਆਂ ਸਿਲ੍ਹਿੱਆਂ ਪਥਰਾਂ ਵਿਚੋਂ
ਹੌਲੀ ਹੌਲੀ ਸਿੰਮਦਾ ਰਹਿੰਦਾ
ਕੋਸਾ ਕੋਸਾ ਪਾਣੀ

.......................................... - ਤਾਰਾ ਸਿੰਘ