Popular posts on all time redership basis

Thursday, 6 October 2011

ਹੁੰਦਾ ਸੀ ਏਥੇ ਸ਼ਖਸ ਇਕ ਸੱਚਾ - ਸੁਰਜੀਤ ਪਾਤਰ

ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿਧਰ ਗਿਆ
ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿਧਰ ਗਿਆ

ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿਧਰ ਗਿਆ
ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿਧਰ ਗਿਆ

ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ
ਸਾਜ਼ਿੰਦੇ ਪੁੱਛਦੇ ਸਾਜ਼ ਨੂੰ, ਨਗਮਾ ਕਿਧਰ ਗਿਆ

ਪਲਕਾਂ ਵੀ ਖੂਬ ਲੰਮੀਆਂ, ਕਜਲਾ ਵੀ ਖ਼ੂਬ ਪਰ
ਉਹ ਤੇਰੇ ਸੁਹਣੇ ਨੈਣਾਂ ਦਾ ਸੁਪਨਾ ਕਿਧਰ ਗਿਆ

ਸਭ ਨੀਰ ਗੰਧਲ, ਸ਼ੀਸ਼ੇ ਧੁੰਧਲੇ ਹੋਏ ਇਸ ਤਰ੍ਹਾਂ
ਹਰ ਸ਼ਖਸ ਪੁੱਛਦਾ ਏ, ਮੇਰਾ ਚਿਹਰਾ ਕਿਧਰ ਗਿਆ

ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿਚ
ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿਧਰ ਗਿਆ

ਧੁਖਦੀ ਜ਼ਮੀਨੋਂ ਉੱਠ ਕੇ ਅਰਸ਼ਾਂ 'ਤੇ ਪਹੁੰਚ ਕੇ
ਧੂੰਆਂ ਖ਼ਿਲਾਅ ਨੂੰ ਪੁੱਛਦਾ; ਅੱਲ੍ਹਾ ਕਿਧਰ ਗਿਆ

ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਉਹ ਕਹਿ ਸਕਣ
ਹਾਏ ਉਹ ਜਿਗਰੀ ਯਾਰਾਂ ਦਾ ਜਿਗਰਾ ਕਿਧਰ ਗਿਆ

ਬਣਿਆ ਖਬਰ ਅਖਬਾਰ ਦੀ, ਰੱਦੀ 'ਚ ਵਿਕ ਗਿਆ
ਟੁੱਕੜਾ ਜਿਗਰ ਦਾ, ਨੈਣਾਂ ਦਾ ਤਾਰਾ ਕਿਧਰ ਗਿਆ

ਹਰ ਵਾਰ ਛੱਬੀ ਜਨਵਰੀ ਮਾਯੂਸ ਪਰਤਦੀ
ਲੱਭਦੀ ਹੈ ਰੁੱਖ ਜੋ ਰੱਤ ਦਾ ਸੀ ਸਿੰਜਿਆ ਕਿਧਰ ਗਿਆ

ਕਿੱਥੇ ਗਏ ਉਹ ਯਾਰ ਮੇਰੇ, ਮੇਰਾ ਆਸਰਾ
ਉਹ ਧਰਮਾ, ਕਰਮਾ, ਸੁੱਚਾ ਤੇਰ ਪਿਆਰਾ ਕਿਧਰ ਗਿਆ

ਚੁੱਪ ਹੋ ਗਏ ਇਕ ਛਣਕਦੀ ਝਾਂਜਰ ਦੇ ਬੋਰ ਜਦ
ਮੇਲੇ 'ਚ ਸ਼ੋਰ ਮਚ ਗਿਆ ਮੇਲਾ ਕਿਧਰ ਗਿਆ

ਹੱਸਦਾ ਹੈ ਉਸ ਤੇ ਪੋਚ ਨਵਾਂ, ਪੁੱਛਦਾ ਇਕ ਬਜ਼ੁਰਗ
ਜਾਂਦਾ ਸੀ ਦਿਲ ਤੋਂ ਦਿਲ ਨੂੰ ਜੋ ਰਸਤਾ ਕਿਧਰ ਗਿਆ

ਸ਼ਾਇਰ ਤੇਰੇ ਕਲਾਮ ਵਿਚ ਹੁਣ ਪੁਖਤਗੀ ਤਾਂ ਹੈ
ਸਤਰਾਂ 'ਚੋਂ ਪਰ ਉਹ ਥਿਰਕਦਾ ਪਾਰਾ ਕਿੱਧਰ ਗਿਆ

"ਪਾਤਰ" ਨੂੰ ਜਾਣ ਜਾਣ ਕੇ ਪੁੱਛਦੀ ਹੈ ਅੱਜ ਹਵਾ
ਰੇਤੇ ਤੇ ਤੇਰਾ ਨਾਮ ਸੀ ਲਿਖਿਆ ਕਿਧਰ ਗਿਆ

................................................................... - ਸੁਰਜੀਤ ਪਾਤਰ

1 comment:

  1. Shiar tere kalam vich hun pukhtagi tan hai, satran cho oh thirkada para kidher gaya-Patar ji da dil tumbda da kalam hai hr satar vich bahut gehraiee hai-beete hoe same nal badlian kadra keemta da sog hai, rusia hya apna pan hai ate bigdia bhawikh hai-shiar purane waqat nu yad kardahai te ajj te tipni karda hai-shandar kalam bahut hi maza aya ji

    Resham Singh

    ReplyDelete