Popular posts on all time redership basis

Tuesday, 6 September 2011

ਆਵੀਂ ਤੂੰ ਰੱਬ ਮੇਰਿਆ - ਪ੍ਰੋ. ਪੂਰਨ ਸਿੰਘ ( Prof. Puran Singh )

ਆਵੀਂ ਤੂੰ ਰੱਬ ਮੇਰਿਆ
ਵਿਹਲਾ ਵਿਹਲਾ ਆਵੀਂ
ਤਾਵਲਾ ਤਾਵਲਾ,
ਤੇ ਸੁਟੀਂ ਪਰੇ ਹੱਥ ਮੇਰੇ ਵਿਚੋਂ ਖੋਹ ਕੇ,
ਇਹ ਘੰਟੀਆਂ, ਇਹ ਟੱਲੀਆਂ,
ਜਿਹੜੀ ਮੈਂ ਹੱਥ ਵਿਚ ਫੜੀਆਂ,
ਤੇਰੀ ਪੂਜਾ ਲਈ.
ਤੇ ਆਵੀਂ ਬੁਝਾਵੀਂ ਆਪ ਤੂੰ ਆਪਣੇ ਹੱਥ ਨਾਲ,
ਇਹ ਦੀਵੇ ਥਾਲ ’ਚ ਪਾਏ ਮੈਂ,
ਤੇਰੀ ਆਰਤੀ ਕਰਨ ਨੂੰ.
ਤੇ ਪਕੜੀਂ ਹੱਥ ਮੇਰੇ,
ਸੰਭਾਲੀਂ ਮੈਨੂੰ ਤੇਰੇ ਦਰਸ਼ਨ ਦੀ ਖ਼ੁਸ਼ੀ ਵਿਚ ਡਿੱਗਦੀ ਨੂੰ
ਤੇ ਰੱਖੀਂ ਦੋਵੇਂ ਹੱਥ ਆਪਣੇ ਮੇਰੇ ਪੀਲੇ ਪੀਲੇ ਮੂੰਹ ’ਤੇ
ਤੇ ਚੁਕੀਂ ਚੁਕੀਂ ਰੱਬਾ ਅੱਪਣੇ ਹੱਥੀਂ,
ਮੇਰਾ ਮੂੰਹ ਉਤਾਹਾਂ ਨੂੰ,
ਉਨ੍ਹਾਂ ਆਪ ਕੀਤੇ ਹਨੇਰਿਆਂ ਵਿਚ,
ਉਸ ਘੁੱਪ ਹਨੇਰੇ ਵਿਚ ਦੱਸੀਂ,
ਚੁੱਕ ਮੇਰੇ ਨੈਨ ਉਤਾਹਾਂ ਨੂੰ,ਦੱਸੀਂ ਰੱਬਾ !
ਆਪਣੀ ਝੋਲੀ ਵਿਚ ਬਿਠਾ ਕੇ ਰੱਬਾ ਮੈਨੂੰ,
ਆਪਣਾ ਮੁੱਖੜਾ ਚੋਰੀ ਚੋਰੀਆਂ,
ਤੇ ਇਉਂ ਪੜਾਈਂ ਰੱਬਾ !
ਆਪਣੀ ਅਨਪੜ੍ਹ ਜਿਹੀ, ਝੱਲੀ ਜਿਹੀ ਬਰਦੀਆਂ,
ਇਹ ਧੁਰ ਅੰਦਰ ਦੀ ਭੇਤ ਵਾਲੀ ਵਿੱਦਿਆ ਸੱਚ ਦੀ.
ਹਾਂ, ਰੱਬਾ ! ਉਥੇ ਮੇਰੇ ਨੈਨਾਂ ਵਿਚ ਈਦ ਦਾ ਚੰਨ ਚਾੜ੍ਹ ਕੇ,
ਦੱਸੀਂ ਵਿੱਦਿਆ ਦੀ ਅਵਿਦਿਆ, ਉੱਥੇ,
ਤੇ ਚਾਨਣ ਸਾਰੇ ਦਾ ਘੁੱਪ ਹਨੇਰਾ ਤੇ ਹਨੇਰੇ ਦਾ ਚਾਨਣ ਦੱਸੀਂ,
ਦੱਸੀਂ, ਸਭ ਕੁਝ ਨਾ ਕੁਝ ਦਿਸਦਾ ਹੋਰ.

1 comment:

  1. ਪ੍ਰੋ: ਪੁਰਨ ਸਿੰਘ ਦੀਆ ਸਾਰੀਆ ਰਚਨਾਵਾਂ ਵਿੱਚ ਬਾਕਮਾਲ ਪ੍ਰੀਤਮ ਪਰਮਾਤਮਾ ਨਾਲ ਬੇ ਖੌਫ ਸੁੱਚ ਤੇ ਬੇਲੱਜਾ ਰਿਸਤਾ ਦੇਖਣ ਨੂੰ ਮਿੱਲਿਆ ਹੈ ਮੈ ਇਹਨਾਂ ਦਿ ਕਿਤਾਬ ਜਗਦੀਆ ਜੋਤਾਂ ਪੜੀ ਬਹੁਤ ਹੀ ਸੁੰਦਰ .......

    ReplyDelete