Popular posts on all time redership basis

Showing posts with label Prof. Puran Singh. Show all posts
Showing posts with label Prof. Puran Singh. Show all posts

Friday, 12 April 2013

ਪ੍ਰੀਤਮ ਛੁਹ ਵਾਲਾ ਫੁੱਲ - ਪ੍ਰੋ. ਪੂਰਨ ਸਿੰਘ

ਤੁਸਾਂ ਛੁਹਿਆ
ਮੈਨੂੰ ਕੰਬਣੀ ਆਈ
ਤੁਸੀਂ ਸਦਿਆ
ਮੈਂ ਆਇਆ
ਤੁਸੀਂ ਚੁਕਿਆ ਜਦ ’ਤਾਂਹ ਨੂੰ
ਸਹਿਮ ਜਿਹਾ ਸੀ ਛਾਇਆ
ਮਿੱਠੀ ਮੌਤ ਵਰਗੀ ਮਸਤੀ ਦਾ
ਨਸ਼ਾ ਜਿਹਾ ਇਕ ਆਇਆ

ਤੁਸਾਂ ਸੁਟਿਆ
ਮੈਂ ਡਿਗਿਆ
ਹੋ ਗਿਆ ਖੰਬੜੀ ਖੰਬੜੀ
ਵਗੀ ਵਾਉ ਸੰਝ ਨੂੰ ਐਸੀ
ਉਡਾ ਗਈ ਚਾਰ ਚੁਫੇਰੇ
ਅਸ਼ਕੇ ਮਹਿਕ ਤੁਹਾਡੀ ਛਹੁ ਦੇ
ਰਹਿੰਦੀ ਦਿਲ ਨੂੰ ਘੇਰੇ
................................................... ਪ੍ਰੋ. ਪੂਰਨ ਸਿੰਘ

Monday, 17 December 2012

ਸਿੱਖ ਹਲਵਾਹਕ ਦਾ ਗੀਤ - ਪ੍ਰੋ. ਪੂਰਨ ਸਿੰਘ

ਇਕ ਸਿੱਖ ਜਗਿਆਸੂ
ਸਿੱਧਾ ਸਾਦਾ ਹਲ-ਵਾਹ
ਪੰਜਾਬ ਦਾ ਜੱਟ ਕ੍ਰਿਸਾਨ
ਪਿਆ ਉਚਾਰੇ ਵਿਚ ਮਸਤੀ ਦੇ
ਵਾਹਿਗੁਰੂ ਦਾ ਹਰਿ ਨਾਮ
ਉਸ ਨੂੰ ਅਨੰਦ ਵਿਚ ਵੇਖ ਲੀਨ
ਲੱਗੇ ਪੁਛਣ ਸੰਸਾਰੀ ਜੀਵ:
"ਬਾਬਾ ਜੀ ਕਿਉਂ ਰਟਦੇ ਹੋ
ਇਕੋ ਹੀ ਹਰਿ ਨਾਮ
ਸਾਨੂੰ ਤਾਂ ਇੰਝ ਜਾਪੇ
ਹੈ ਇਹ ਸਭ ਕੁਝ
ਨਿਰਾਰਥ ਤੇ ਖ਼ਾਮ !"

ਸੰਤ-ਪੁਰਸ਼ ਦਾ ਉੱਤਰ
ਮਿੱਠਾ ਅਤੇ ਨਿਮਰ :
"ਮਿਤਰੋ !
ਮੈਂ ਨਹੀਂ ਹਾਂ ਰਾਜ਼ੀ
ਮੇਰੇ ਤਨ ਵਿਚ ਵਿਚ ਚੀਸਾਂ ਉੱਠਣ
ਭਖਦਾ ਇੰਝ ਇਹ ਜਾਵੇ
ਰੋਮ ਰੋਮ ਵਿਚ ਸੂਈਆਂ ਚੁਭਣ
ਮੇਰੀ ਪੀੜ ਅਕਿਹ,
ਪਵਨ ਵੀ ਹੈ ਮੈਨੂੰ ਲੂੰਹਦੀ
ਮੈਂ ਤਾਂ ਹਾਂ ਬਿਮਾਰ
ਨਰਕੀ ਇਸ ਮਹਾਂ ਅਗਨ ਦਾ
ਦਿਸੇ ਨਾ ਕੋਈ ਦਾਰੂ,
ਪਰ ਮੇਰੇ ਮਿੱਤਰੋ !
ਬਿਨਾਂ ਨਾਮ ਅਉਖਧ
ਇਸ ਕਸ਼ਟ ਦਾ  ਕੋਈ ਨਾ ਹੈ ਇਲਾਜ
ਭਾਵੇਂ  ਜਾਪੇ ਇਦਾਂ
ਕਿ ਸਿਲ-ਅਲੂਣੀ ਚੱਟਾਂ
ਪਰ ਵਾਹਿਗੁਰੂ ਦਾ
ਜਪਦਾ ਮੈਂ ਜਦ  ਨਾਮ,
ਤਾਂ ਮੈਨੂੰ ਇੰਝ ਹੋਵੇ ਪ੍ਰਤੀਤ
ਜਿਵੇਂ ਹਿਮ ਗੰਗਾ ਦੇ ਸੀਤਲ ਜਲ ਵਿਚ
ਕਰਦਾ ਮੈਂ ਇਸ਼ਨਾਨ"
...................................................... - ਪ੍ਰੋ. ਪੂਰਨ ਸਿੰਘ


Thursday, 5 April 2012

ਹੀਰ ਤੇ ਰਾਂਝਾ - ਪ੍ਰੋ. ਪੂਰਨ ਸਿੰਘ


(ਪੰਜਾਬ ਦਾ ਅਲਬੇਲਾ, ਅਲਮਸਤ ਸ਼ਾਇਰ ਪ੍ਰੋ. ਪੂਰਨ ਸਿੰਘ, ਹੀਰ ਨੂੰ ਭੈਣ ਦੇ ਤੌਰ ਤੇ, ਅਤੇ ਰਾਂਝੇ ਨੂੰ ਭਰਾ ਤੇ ਤੌਰ ਤੇ ਚਿਤਵਦਾ ਹੈ. ਸ਼ਾਇਦ ਹੀ ਕਿਸੇ ਹੋਰ ਸ਼ਾਇਰ ਨੇ ਹੀਰ ਰਾਂਝੇ ਲਈ ਅਜਿਹੇ ਮੌਲਿਕ ਅਤੇ ਮੋਹ ਭਰੇ ਸੰਬੋਧਨ ਦੀ ਵਰਤੋਂ ਕੀਤੀ ਹੋਵੇ -ਪ੍ਰੋ. ਪੂਰਨ ਸਿੰਘ ਦੀ ਕਵਿਤਾ ਹੀਰ ਤੇ ਰਾਂਝਾ ਵਿਚੋਂ ਕੁਝ ਅੰਸ਼ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ)


ਆ - ਵੀਰਾ ਰਾਂਝਿਆ
ਆ - ਭੈਣੇਂ ਹੀਰੇ
ਸਾਨੂੰ ਛੋੜ ਨਾ ਜਾਵੋ
ਬਿਨ ਤੁਸਾਂ ਅਸੀਂ ਸਖਣੇ

............................

ਇਕ ਹੀਰ ਅੱਖਰ ਤੇਰੇ ਕੰਨੀਂ ਪਿਆ,
ਤੂੰ ਹੋ ਗਿਆ ਵੀਰਾ! ਸ਼ਹੁ ਦਰਿਆ ਵੇ,
ਜਿਹਦਾ ਆਰ ਨਾ ਪਾਰ ਵੇ.

ਤੇਰਾ ਕਦਮ ਮਿੱਟੀ ਪੰਜਾਬ ’ਤੇ ਮੁੜ ਪੈਂਦਾ ਦੇਖਾਂ
ਤੇਰੇ ਦਿਲ ਦਾ ਉਛਾਲਾ ਸੁਣਾਂ
"ਮੈਂ ਲਿਆਸਾਂ ਚੰਨ ਸਿਆਲ ਨੂੰ".
..............................

ਆ, ਧੀਏ ਸਿਆਲਾਂ ਦੀਏ!
ਪੈਰਾਂ ’ਚ ਪੰਜੇਬਾਂ ਤੇਰੇ,
ਸੁੱਥਣ ਤੇਰੀ ਊਦੀ, ਗੁਲਬਦਨ ਬੁਖਾਰੇ ਦੀ,
ਝੱਗਾ ਤੇਰਾ ਨੀਲਾ, ਅਸਮਾਨ ਸਾਰਾ,
ਜਿਸ ਉੱਤੇ ਗੋਟਾ ਕਿਨਾਰੀ ਚਮਕੇ ਵਾਂਗ ਬਿਜਲੀਆਂ,
ਗਲੇ ਵਿੱਚ ਤੇਰੇ ਕੋਈ ਮਾਂ-ਦਿਤੀ ਸੁਹਣੀ ਮੋਤੀਆਂ ਦੀ ਗਾਨੀ
ਤੇ ਕਲਾਈਆਂ ਵਿਚ ਕਿਰਕਿਟੀਆਂ ਵਾਂਗ ਚਮਕਣ ਜਵਾਹਰਾਤ ਦੀਆਂ ਪੋਂਚੀਆਂ.
ਕੁਵਾਰੀਏ, ਸਾਰਾ ਸੁਹਜ ਸ਼ਿੰਗਾਰ ਹੋਵੇ,
ਤੇ ਸੋਭਾ ਪਾਵੇ ਤੇਰੀ ਬੇਖ਼ਬਰੀ ਦੀਆਂ ਜਵਾਨੀਆਂ.

.........................................ਪ੍ਰੋ. ਪੂਰਨ ਸਿੰਘ

Friday, 13 January 2012

ਇਕ ਵੇਰ ਅਚਨਚੇਤ - ਪ੍ਰੋ. ਪੂਰਨ ਸਿੰਘ

ਇਕ ਵੇਰ ਅਚਨਚੇਤ
ਮੈਂ ਢਹਿ ਪਈ ਸਾਂ !
ਢੱਠੀ ਸਾਂ ਮੈਂ ਟੁਰਦੀ ਟੁਰਦੀ
ਪਤਾ ਨਹੀਂ ਕਿਵੇਂ ਹੋਇਆ - ਠੇਡਾ ਜਿਹਾ ਵੱਜਾ
ਮੈਂ ਢੱਠੀ ਧੈਂ ਦੇ ਕੇ.
ਮੈਨੂੰ ਪੜੁਛਿਆ ਉਸ ਨੇ ਆਪਣੀਆਂ ਬਾਹਾਂ ਵਿਚ
ਉਹ ਜੋ ਦੂਰੋਂ ਬਾਹਾਂ ਖੋਲ੍ਹ ਕੇ ਆਇਆ,
ਮੈਂ ਲੱਗ ਉਹਦੀ ਛਾਤੀ ਫੜਕਦੀ ਸਾਂ
ਵਾਂਗ ਅਚਨਚੇਤ ਫੜੀ ਕਿਸੇ ਹੈਰਾਨ ਪ੍ਰੇਸ਼ਾਨ ਘੁੱਗੀ ਦੇ
ਤੇ ਡਰੀ ਘੁੱਗੀ ਵੱਗ ਲੱਗ ਉਹਦੀ ਛਾਤੀ ਮੇਰਾ ਨਿੱਕਾ ਜਿਹਾ ਸੀਨਾ ਕੰਬਦਾ
ਫੜਕਦਾ ਧੜਕਦਾ
ਮੈਂ ਤਾਂ ਉਲਝ ਗਈ ਉਥੇ
ਫੜੀ ਜਾਲ ਜਿਹੇ ਵਿਚ,
ਮੈਂ ਤਾਂ ਇਕ ਵੇਰੀ ਉਹਨੂੰ ਇੰਝ ਮਿਲੀ ਸਾਂ

Sunday, 18 December 2011

ਪੰਜਾਬ ਦੇ ਦਰਿਆ - ਪ੍ਰੋ. ਪੂਰਨ ਸਿੰਘ

ਰਾਵੀ ਸੁਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿਚਦੀ
ਮੈਨੂੰ ਝਨਾਂ ’ਵਾਜਾਂ ਮਾਰਦੀ
ਮੈਨੂੰ ਜਿਹਲਮ ਪਿਆਰਦਾ,
ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ’ਤੇ ਵਜਦੀ.
ਖਾੜ ਖਾੜ ਚਲਣ ਵਿਚ ਮੇਰੇ ਸੁਫ਼ਨਿਆਂ
ਪੰਜਾਬ ਦੇ ਦਰਿਆ,
ਪਿਆਰ ਅੱਗ ਇਨ੍ਹਾਂ ਨੂੰ ਲੱਗੀ ਹੋਈ
ਪਿਆਰਾ ਜਾਪੁ ਸਾਹਿਬ ਗਾਉਂਦੇ,
ਠੰਢੇ ’ਤੇ ਠਾਰਦੇ,
ਪਿਆਰਦੇ.
.................................................. - ਪ੍ਰੋ. ਪੂਰਨ ਸਿੰਘ

Tuesday, 25 October 2011

ਮੈਂ ਕੁਝ ਸਦੀਆਂ ਦੀ ਨੀਂਦਰ ਵਿਚ - ਪ੍ਰੋ. ਪੂਰਨ ਸਿੰਘ

ਮੈਂ ਕੁਝ ਸਦੀਆਂ ਦੀ ਨੀਂਦਰ ਵਿਚ,
ਟੁਰਦੀ ਸਾਂ ਜ਼ਰੂਰ ਜਾਂਦੀ
ਪਰ ਚੇਤੇ ਕੁਝ ਨਹੀਂ ਸੀ.
ਇਕ ਗਭਰੂ ਕੇਸਾਂ ਵਾਲਾ ਮਿਲਿਆ
ਉਸ ਤੱਕਿਆ ਤੇ ਤੱਕ ਵਿਚ ਮੈਨੂੰ ਇਕ ਪਿਆਲਾ ਦਿਤਾ ਪੀਣ ਨੂੰ
ਮੈਂ ਜੀ ਪਈ ਉਹਦਾ ਅੰਮ੍ਰਿਤ ਪਿਆਲਾ ਪੀ ਕੇ,
ਪਰ ਮੈਂ ਪਛਾਣ ਨਾ ਸਕੀ, ਉਹ ਕੌਣ ਸੀ ?
ਉਹ ਸਦੀਆਂ ਦੀ ਨੀਂਦਰ ਜਿਹੀ ਵਿਚ
ਵਾਂਗ ਕਿਸੇ ਸੁਫਨੇ ਲੰਘ ਗਿਆ,
ਮੈਨੂੰ ਜੀਵਾਣ ਵਾਲਾ.

................................... - ਪ੍ਰੋ. ਪੂਰਨ ਸਿੰਘ

Saturday, 8 October 2011

ਪਸ਼ੂ ਚਰਦੇ - ਪ੍ਰੋ. ਪੂਰਨ ਸਿੰਘ

ਸਾਵੇ ਸਾਵੇ ਘਾਹ ਉਤੇ
ਗਊਆਂ ਤੇ ਮੱਝੀਆਂ ਦਾ ਚਰਨਾਂ.
ਸਿਰ ਆਪਣੇ ਨੀਵੇਂ ਕੀਤੇ
ਪਸ਼ੂਆਂ ਦਾ ਚੁੱਪ-ਚੁਪੀਤੇ
ਚੁਗਣਾ ਤੇ ਰਜਣਾ ਤੇ ਨਸਣਾ.
ਦੇਖ ਦੇਖ ਮੁੜ ਲੋਚਾਂ
ਮੈਂ ਪਸ਼ੂ ਥੀਂਣ ਨੂੰ
ਆਦਮੀ ਬਣ ਬਣ ਥੱਕਿਆ.

ਇਨ੍ਹਾਂ ਪਸ਼ੂਆਂ ਦੇ ਕਿਹੇ ਨਿੱਕੇ ਨਿੱਕੇ ਕੰਮ ਸਾਰੇ,
ਤੇ ਸੁਹਣੀਆਂ ਬੇ-ਜ਼ਿਮੇਵਾਰੀਆਂ,
ਘਾਹ ਖਾਣਾ ਤੇ ਦੁੱਧ ਦੇਣਾ
ਕਿਹਾ ਕੋਮਲ ਜਿਹਾ ਹੁਨਰ ਇਨ੍ਹਾਂ ਚੁਪਾਇਆਂ ਦਾ.
ਤੇ ਖੁਸ਼ੀ ਵਿਚ ਨੱਸਣਾ,
ਦੁਮ ਉਪਰ ਨੂੰ ਮੋੜ ਕੇ
ਖੁਸ਼ੀ ’ਚ ਚੱਕਰ ਦੇ, ਉਤਾਂਹਾਂ ਨੂੰ ਕੁੱਦਣਾਂ
ਤੇ ਨੱਸਣਾਂ ਬੇਤਹਾਸ਼ਾ ਅਗਾਂਹਾਂ ਨੂੰ
ਸਿੰਙਾਂ ਤੇ ਉਲਾਰਨਾ ਜਿਹੜਾ ਅੱਗੇ ਆਏ ਕੋਈ.
ਬਸ ! ਇਨ੍ਹਾਂ ਹੀ ਕੰਮਾਂ ਲਈ
ਮਾਲਕ ਦੇ ਹੱਥ ਦੀਆਂ ਥਾਪੜੀਆਂ
ਤੇ ਵੱਡੀਆਂ ਵੱਡੀਆਂ ਖੁਸ਼ੀਆਂ
ਲ਼ੂੰ ਕੰਡੇ ਖੜੇ ਕਰਨ ਵਾਲੇ ਪਿਆਰ ਦੀਆਂ.
ਮੁੜ ਮੁੜ ਲੋਚਾਂ ਪਸ਼ੂ ਥੀਣ ਨੂੰ
ਮੈਂ ਆਦਮੀ ਬਣ ਬਣ ਥੱਕਿਆ.

.............................. - ਪ੍ਰੋ. ਪੂਰਨ ਸਿੰਘ

Tuesday, 6 September 2011

ਆਵੀਂ ਤੂੰ ਰੱਬ ਮੇਰਿਆ - ਪ੍ਰੋ. ਪੂਰਨ ਸਿੰਘ ( Prof. Puran Singh )

ਆਵੀਂ ਤੂੰ ਰੱਬ ਮੇਰਿਆ
ਵਿਹਲਾ ਵਿਹਲਾ ਆਵੀਂ
ਤਾਵਲਾ ਤਾਵਲਾ,
ਤੇ ਸੁਟੀਂ ਪਰੇ ਹੱਥ ਮੇਰੇ ਵਿਚੋਂ ਖੋਹ ਕੇ,
ਇਹ ਘੰਟੀਆਂ, ਇਹ ਟੱਲੀਆਂ,
ਜਿਹੜੀ ਮੈਂ ਹੱਥ ਵਿਚ ਫੜੀਆਂ,
ਤੇਰੀ ਪੂਜਾ ਲਈ.
ਤੇ ਆਵੀਂ ਬੁਝਾਵੀਂ ਆਪ ਤੂੰ ਆਪਣੇ ਹੱਥ ਨਾਲ,
ਇਹ ਦੀਵੇ ਥਾਲ ’ਚ ਪਾਏ ਮੈਂ,
ਤੇਰੀ ਆਰਤੀ ਕਰਨ ਨੂੰ.
ਤੇ ਪਕੜੀਂ ਹੱਥ ਮੇਰੇ,
ਸੰਭਾਲੀਂ ਮੈਨੂੰ ਤੇਰੇ ਦਰਸ਼ਨ ਦੀ ਖ਼ੁਸ਼ੀ ਵਿਚ ਡਿੱਗਦੀ ਨੂੰ
ਤੇ ਰੱਖੀਂ ਦੋਵੇਂ ਹੱਥ ਆਪਣੇ ਮੇਰੇ ਪੀਲੇ ਪੀਲੇ ਮੂੰਹ ’ਤੇ
ਤੇ ਚੁਕੀਂ ਚੁਕੀਂ ਰੱਬਾ ਅੱਪਣੇ ਹੱਥੀਂ,
ਮੇਰਾ ਮੂੰਹ ਉਤਾਹਾਂ ਨੂੰ,
ਉਨ੍ਹਾਂ ਆਪ ਕੀਤੇ ਹਨੇਰਿਆਂ ਵਿਚ,
ਉਸ ਘੁੱਪ ਹਨੇਰੇ ਵਿਚ ਦੱਸੀਂ,
ਚੁੱਕ ਮੇਰੇ ਨੈਨ ਉਤਾਹਾਂ ਨੂੰ,ਦੱਸੀਂ ਰੱਬਾ !
ਆਪਣੀ ਝੋਲੀ ਵਿਚ ਬਿਠਾ ਕੇ ਰੱਬਾ ਮੈਨੂੰ,
ਆਪਣਾ ਮੁੱਖੜਾ ਚੋਰੀ ਚੋਰੀਆਂ,
ਤੇ ਇਉਂ ਪੜਾਈਂ ਰੱਬਾ !
ਆਪਣੀ ਅਨਪੜ੍ਹ ਜਿਹੀ, ਝੱਲੀ ਜਿਹੀ ਬਰਦੀਆਂ,
ਇਹ ਧੁਰ ਅੰਦਰ ਦੀ ਭੇਤ ਵਾਲੀ ਵਿੱਦਿਆ ਸੱਚ ਦੀ.
ਹਾਂ, ਰੱਬਾ ! ਉਥੇ ਮੇਰੇ ਨੈਨਾਂ ਵਿਚ ਈਦ ਦਾ ਚੰਨ ਚਾੜ੍ਹ ਕੇ,
ਦੱਸੀਂ ਵਿੱਦਿਆ ਦੀ ਅਵਿਦਿਆ, ਉੱਥੇ,
ਤੇ ਚਾਨਣ ਸਾਰੇ ਦਾ ਘੁੱਪ ਹਨੇਰਾ ਤੇ ਹਨੇਰੇ ਦਾ ਚਾਨਣ ਦੱਸੀਂ,
ਦੱਸੀਂ, ਸਭ ਕੁਝ ਨਾ ਕੁਝ ਦਿਸਦਾ ਹੋਰ.

Wednesday, 3 August 2011

ਪ੍ਰੋ. ਪੂਰਨ ਸਿੰਘ ਦੀ ਕਵਿਤਾ "ਗਾਰਗੀ" ਵਿਚੋਂ ਕੁਝ ਅੰਸ਼


ਦੁਨੀਆਂ ਵਿਚ ਕੌਣ
ਜਿਹੜਾ ਅੱਖ ਉਘਾੜ
ਮੇਰੇ ਵਲ ਦੇਖ ਸਕੇ,
ਮੈਂ ਨੰਗਾ ਜਲਾਲ ਹਾਂ.
ਸੂਰਜ ਦੇਖ ਮੈਨੂੰ
ਚੰਨ ਵਾਂਗ ਪੀਲਾ ਪੈਂਦਾ,
ਮੈਂ ਉਹ ਪ੍ਰਕਾਸ਼ ਹਾਂ
ਜਿਸ ਦਾ ਟੁੱਟਾ ਜਿਹਾ ਫੰਘ
ਇਹ ਪ੍ਰਭਾਤ ਹੈ - ਪ੍ਰੋ. ਪੂਰਨ ਸਿੰਘ