Popular posts on all time redership basis

Sunday, 25 September 2011

ਵਸੀਅਤ - ਨ੍ਰਿਪਇੰਦਰ ਰਤਨ

ਜਦੋਂ ਸਵਾਸਾਂ ਦੀ ਡੋਰ ਮੁੱਕੇ
ਅਗਨ-ਭੇਂਟ ਨਾ ਕਰਨਾ ਮੈਨੂੰ
ਮੇਰੇ ਲਈ ਜੋ ਲਕੜੀ ਬਲਣੀ
ਮੈਥੋਂ ਵੱਧ ਉਪਯੋਗੀ ਹੈ

ਮਿੱਟੀ ਅੰਦਰ
ਨਾ ਦੱਬਣਾ ਮੈਨੂੰ
ਦਿਲ ਦਿਮਾਗ਼ ਵਿਚ ਦੱਬੀਆਂ
ਨਫ਼ਰਤਾਂ ਹਵਸਾਂ ਲਾਲਚਾਂ
ਕਮੀਨਗੀਆਂ ਕੱਟੜਪੁਣੇ ਦੀਆਂ ਜ਼ਹਿਰਾਂ
ਨਾਲ ਮਤਾਂ
ਇਸ ਧਰਤੀ ਦੇ ਫ਼ਲ ਫੁੱਲ ਫ਼ਸਲਾਂ
ਅਤੇ ਬਨਸਪਤੀ
ਜ਼ਹਰੀਲੇ ਨਾ ਹੋ ਜਾਣ

ਜਲ-ਪ੍ਰਵਾਹ ਨਾ ਕਰਨਾ ਮੈਨੂੰ
ਮੇਰੀ ਛਾਤੀ ਅਤੇ ਨੈਣਾ ਵਿਚ ਡੱਕੇ
ਹਓਕਿਆਂ ਚੀਕਾਂ ਅਤੇ ਹੰਝੂਆਂ ਨਾਲ
ਸਾਰੇ ਪਾਣੀ ਕੌੜੇ ਕੁਸੈਲੇ ਬਕਬਕੇ
ਅਤੇ ਮਾਰੂ ਨਾ ਹੋ ਜਾਣ

ਗਿਰਝਾਂ ਵਾਸਤੇ ਨਾ ਸੁੱਟਣਾ ਮੈਨੂੰ
ਸਾਰੀ ਉਮਰ ਹੀ ਮੇਰੇ ਆਪਣੇ
ਮੈਨੂੰ ਚੂੰਡਦੇ ਨੋਚਦੇ ਖਰੋਚਦੇ ਰਹੇ ਨੇ
ਗਿਰਝਾਂ ਨੂੰ ਕੀ ਲੱਭੇਗਾ

ਬਸ ਇਸ ਕੌਤਕੀ ਟਪੂਸੀਬਾਜ਼ ਨੂੰ
ਡਾਕਟਰਾਂ ਦੇ ਹਵਾਲੇ ਕਰ ਦੇਣਾ
ਤੇ ਕਹਿਣਾ
ਉਹ ਚੀਰ-ਫਾੜ ਕਰਕੇ
ਇਹ ਲੱਭਣ ਤਾਂ ਸਹੀ ਕਿ
ਉਹ ਕੀ ਸੀ
ਇਸ ਮਾੜਚੂ ਜਿਹੇ ਛੋਟੇ ਜਿਹੇ ਸਰੀਰ ਵਿਚ
ਜੋ ਸਾਰੀ ਉਮਰ ਇਸ ਨੂੰ
ਦੁੜਾਉਂਦਾ ਰਿਹਾ ਤੜਫਾਉਂਦਾ ਰਿਹਾ
ਕਦੀ ਹਸਾਉਂਦਾ ਰਿਹਾ ਕਦੀ ਰੁਆਉਂਦਾ ਰਿਹਾ
ਪਿਆਰ ਵਿਚ ਮਰਨਾ ਜਨੂੰਨ ਵਿਚ ਮਾਰਨਾ
ਮਰਦਿਆਂ ਨੂੰ ਬਚਾਉਣਾ ਜੀਊਂਦਿਆ ਨੂੰ ਸਾੜਨਾ
ਸਿਖਾਉਂਦਾ ਰਿਹਾ
ਕਦੀ ਮਨੁੱਖ ਕਦੀ ਹੈਵਾਨ
ਕਦੀ ਖ਼ੁਦਾ ਕਦੀ ਸ਼ੈਤਾਨ
ਬਣਾਉਂਦਾ ਰਿਹਾ

ਜਦੋਂ ਸਵਾਸਾਂ ਦੀ ਡੋਰ ਮੁੱਕੇ
ਅਗਨ-ਭੇਂਟ ਨਾ ਕਰਨਾ ਮੈਨੂੰ

ਅੱਖਰ ਸਤੰਬਰ ੨੦੦੫ ਵਿਚੋਂ ਧੰਨਵਾਦ ਸਹਿਤ

No comments:

Post a Comment