ਸੁਣਿਆ ਏ ਕਿ ਜਦੋਂ ਮੈਂ ਜੰਮੀ ਸਾਂ
ਤਾਂ ਮੈਨੂੰ ਵੇਖ ਕੇ ‘ਕਿਸੇ’ ਨੇ ਮੂੰਹ ਫੇਰ ਲਿਆ ਸੀ
ਤੇ ‘ਕਿਸੇ’ ਨੇ ਪਿੱਠ ਕਰ ਲਈ ਸੀ.
ਤੇ ਜਿਵੇਂ ਕਹਿੰਦੇ ਨੇ ਕਿ ਬੱਚਾ ਇੱਕੀ ਦਿਨਾਂ ਵਿਚ
ਪਿਓ ਦੀ ਪੱਗ ਪਛਾਣ ਲੈਂਦਾ ਹੈ -
ਮੈਂ ਪਿੱਠ ਪਛਾਣ ਲਈ ਸੀ !
ਉਦੋਂ ਹੀ ਮੈਂ, ਪਿੱਠਾਂ ਨੂੰ ਵੇਖਣ ਤੇ ਜਰਨ ਦੀ ਆਦੀ ਹੋ ਗਈ -
ਤੇ ਜਦੋਂ ਵੀ ਅੱਖਾਂ ’ਚ ਰੋਹ ਭਰਿਆ
ਤਾਂ ਮੈਂ ਉਨ੍ਹਾਂ ਪਿੱਠਾਂ ਉਪਰ
ਆਪਣੀ ਉਦਾਸ ਇਬਾਰਤ ਲਿਖ ਦਿੱਤੀ -
ਜਿਸ ਨੂੰ ਉਹ ਪਿੱਠਾਂ ਵਾਲੇ
ਕਦੇ ਵੀ ਪੜ੍ਹ ਨਹੀਂ ਸਕੇ !
ਮੈਂ ਤਾਂ ਕਿਆਰੀ ਵਿਚ, ਹੋਰਨਾਂ ਪੌਦਿਆਂ ਨਾਲ
ਕਿਸੇ ਖੱਬਲ ਵਾਂਗ ਉੱਗ ਪਈ ਸਾਂ
ਤੇ ਖੱਬਲ ਵਾਂਗ ਹੀ ਪਲ ਗਈ ਹਾਂ !
ਮਾਲੀ ਨੇ ਜਦੋਂ ਵੀ ਚਾਹਿਆ,
ਮੈਨੂੰ ਪੁੱਟ ਕੇ ਸੁੱਟਣ ਦੀ ਕੋਈ ਕਸਰ ਨਹੀਂ ਛੱਡੀ !
ਪਰ ਮੈਂ ਉਨ੍ਹਾਂ ਪੌਦਿਆਂ ਦੀਆਂ ਜੜ੍ਹਾਂ ਨਾਲ,
ਮੁੜ ਉੱਗ ਪਈ !
ਪੌਦਿਆਂ ਨੂੰ ਗੋਡੀ ਹੁੰਦੀ
ਮੇਰੇ ਅੰਗ ਜ਼ਖ਼ਮੀਂ ਵੀ ਹੋ ਜਾਂਦੇ ਤਾਂ ਮੈਂ ਮੂਕ ਰਹਿੰਦੀ,
ਮੇਰੀਆਂ ਬਿਮਾਰ ਤਿੜਾਂ ਪੀੜ ਨਾਲ ਕੁਰਲਾਉਂਦੀਆਂ -
ਪਰ ਮੈਂ ਦੰਦਾਂ ਥੱਲੇ ਜੀਭ ਦੇ ਕੇ
ਅੱਥਰੂ ਅੱਥਰੂ ਹੋਈ ਪਈ ਰਹਿੰਦੀ !
ਖੱਬਲ ਵਰਗੀ ਹੌਂਦ ਨੇ-
ਪਿਆਰ ਭਰੇ ਹੱਥ ਦੇ ਪੋਟਿਆਂ ਦੀ ਛੋਹ ਲਈ
ਮੇਰੀ ਸਹਿਕ ਨੇ -
ਤੇ ਘਣਛਾਵਾਂ ਬੂਟਾ ਹੁੰਦਿਆਂ ਸੁੰਦਿਆਂ
ਮੇਰੇ ਹਿੱਸੇ ਆਈ ਤਿੱਖੀ ਧੁੱਪ ਦੇ ਅਹਿਸਾਸ ਨੇ
ਮੈਨੂੰ ਮੰਗਤੀ ਬਣਾ ਦਿੱਤਾ ਹੈ.
ਮੈਂ ਛਾਂ ਦੇ ਇਕ ਇਕ ਕਤਰੇ ਲਈ
ਉਡਦੇ ਬਾਜ਼ਾਂ ਮਗਰ ਵੀ ਭੱਜੀ ਹਾਂ
ਤੇ ਦਰੋਂ ਬੇਦਰ ਹੋ ਕੇ
ਕਈ ਵਾਰ ਬੇਆਬਰੂ ਵੀ ਹੋਈ ਹਾਂ !
ਮੈਨੂੰ ਨਹੀਂ ਪਤਾ ਕਿ ਕਦੋਂ ਪਹੁ-ਫੁੱਟੀ ਸੀ
ਕਦੋਂ ਸਵੇਰ ਹੋਈ ਸੀ -
ਤੇ ਦੁਪਿਹਰਾ ਕਿਵੇਂ ਢਲ ਗਿਆ -
ਮੈਂ ਤਾਂ ਜਦੋਂ ਤੋਂ ਆਪਣਾ ਚਿਹਰਾ
ਸ਼ੀਸ਼ੇ ’ਚ ਤੱਕਿਆ ਹੈ -
ਮੈਨੂੰ ਇਸ ਉਪਰ ਝੁਰੜੀਆਂ ਹੀ ਦਿੱਸੀਆਂ ਨੇ !
ਮੈਂ ਖੱਬਲ ਵਾਂਗ
ਮੁੜ ਮੁੜ ਅਤੇ ਬਦੋਬਦੀ ਉੱਗੀ ਹਾਂ
ਤੇ ਬਦੋਬਦੀ ਪਲੀ ਹਾਂ
........................... - ਪਾਲ ਕੌਰ
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
Popular posts on all time redership basis
-
Bhai Veer Singh (1872-1957) was a poet of mysticism. He wrote in Punjabi. His poem ਕੰਬਦੀ ਕਲਾਈ is being presented with English translation b...
-
ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ ਮੱਲੋ ਮੱਲੀ ਉਥੇ ਦਿਲ ਮਾਰਦਾ ਉਡਾਰੀਆਂ ਪ੍ਯਾਲੇ ਅਣਡਿਠੇ ਨਾਲ ਬੁੱਲ ਲਗ ਜਾਣ ਉਥੇ ਰਸ ਤੇ ਸਰੂਰ ਚੜ੍ਹੇ ਝੂਮਾਂ ਆਉਣ ...
-
੧ ਦੁਨੀਆਂ ਵਿਚ ਕੌਣ ਜਿਹੜਾ ਅੱਖ ਉਘਾੜ ਮੇਰੇ ਵਲ ਦੇਖ ਸਕੇ, ਮੈਂ ਨੰਗਾ ਜਲਾਲ ਹਾਂ. ਸੂਰਜ ਦੇਖ ਮੈਨੂੰ ਚੰਨ ਵਾਂਗ ਪੀਲਾ ਪੈਂਦਾ, ਮੈਂ ਉਹ ਪ੍ਰਕਾਸ਼ ਹਾਂ ਜਿਸ ਦਾ ਟੁ...
-
ਖ਼ਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ? ਕੀ ਭਾਲਦੀਏ ? ਕੀ ਰੁੱਸ ਗਿਆ ਤੇਰਾ ਢੋਲ ਕੁੜੇ? ਯਾਂ ਸਖਣੀ ਤੇਰੀ ਝੋਲ ਕੁੜੇ ਯਾਂ ਸਰਘੀ ਵੇਲੇ ਤੱਕਿਆ ਈ ਕੋਈ ਡਾਢਾ ਭੈੜਾ ਸੁਫਨਾ...
-
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪ...
-
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ, ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿ...
-
ਇਕਨਾਂ ਨੂੰ ਘਿਉ ਖੰਡ ਨਾ ਮੈਦਾ ਭਾਵਈ ਬਹੁਤੀ ਬਹੁਤੀ ਮਾਇਆ ਚੱਲੀ ਆਵਈ ਇਕਨਾਂ ਨਹੀਂ ਸਾਗ ਅਲੂਣਾ ਪੇਟ ਭਰ ਵਜੀਦਾ ਕੌਣ ਸਾਹਿਬ ਨੂੰ ਆਖੇ ਅੰਞ ਨਹੀਂ ਅੰਞ ਕਰ
-
[ਪਰਸੰਗ: ਪੰਜਾਬ ਦੇ ਤ੍ਰਾਸਦੀ ਭਰੇ ਦਿਨਾਂ ਵਿਚ ਹੋਈਆਂ ਗੁੰਮਸ਼ੁਦਗੀਆਂ; ਸਮਰਪਨ: ਸ. ਜਸਵੰਤ ਸਿੰਘ ਖਾਲੜਾ] ਇਕ ਮਾਂ ਬਹੁਤ ਦੂਰ ਕਿਸੇ ਥਾਂ ਤੱਕ ਰਹੀ ਹੈ ਰਾਹ ਆਪਣੇ ਯ...
-
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣ...
Jagnohan singh ji...shukria meri nazam apne blog te lagaan lai...tuhada blog vdhia hai ate nazaman di chon v khoobsurat hai....duaavan ne ! Paul kaur
ReplyDelete