Popular posts on all time redership basis

Thursday, 15 September 2011

ਯੁੱਧ ਜਾਰੀ ਏ - ਜਗਮੋਹਨ ਸਿੰਘ

ਕੋਸ਼ਿਸ਼ ਉਸਨੇ
ਕਦੇ ਵੀ ਨਹੀਂ ਕੀਤੀ
ਉਨ੍ਹਾਂ ਦੇ ਰਾਹ ਦਾ ਰੋੜਾ ਬਣਨ ਦੀ
ਰੜਕਦਾ ਰਹਿੰਦੈ ਫਿਰ ਵੀ
ਉਨ੍ਹਾਂ ਦੀਆਂ ਅੱਖਾਂ ’ਚ ਉਹ
ਤਕਰਾਰ ਕਦੇ ਵੀ ਨਹੀਂ ਹੋਈ
ਉਸਦੀ ਉਨ੍ਹਾਂ ਨਾਲ
ਕਿਸੇ ਗਲੋਂ ਵੀ
ਧਮਕਾਉਣ ਵਾਲੇ ਰੌਅ ’ਚ ਹੀ ਵੇਂਹਦੇ ਨੇ
ਫਿਰ ਵੀ ਉਸਨੂੰ ਉਹ.

ਵੱਖਰਾ ਹੈ ਉਨ੍ਹਾਂ ਤੋਂ
ਤਬੀਅਤਨ ਹੀ ਉਹ
ਵਰਤਾਰਾ ਉਸਦਾ ਤੇ ਚਲਣ ਉਨ੍ਹਾਂ ਦਾ
ਬਿਲਕੁਲ ਉਲਟ ਨੇ.

ਉਹ ਵਿਅਕਤੀ ਹੈ ਕੋਰਾ-ਨਿਕੋਰਾ
ਆਪਣੇ ਕੰਮ ’ਚ ਮਸ਼ਗੂਲ ਰਹਿਣ ਵਾਲਾ
ਤੇ ਦੂਜੇ ਨੇ ਬੰਦੋਬਸਤੀ ਨਿਕੰਮੇਂ.
ਝਲਕ ਪੈਂਦੀ ਹੈ ਉਨ੍ਹਾਂ ਨੂੰ
ਇਕ ਬਾਗ਼ੀ ਦੀ ਉਸ ‘ਚੋਂ
ਇਕ ਦਿਨ ਤਾਂ ਕਹਿ ਹੀ ਦਿੱਤਾ
ਉਨ੍ਹਾਂ ਨੇ ਉਸਨੂੰ :
‘ਠੀਕ ਹੋ ਜਾ ਨਹੀਂ ਤਾਂ ਠੋਕ ਦਿਆਂਗੇ
ਪਰ ਕੁਤਰ ਦਿਆਂਗੇ
ਸੁਪਨੇ ਵਿਹਣਾ ਰੋਕ ਦਿਆਂਗੇ’
ਕੀ ਹੁੰਦਾ ਏ ਠੀਕ ਹੋਣਾ ?
ਪੁਛਿਆ ਉਸਨੇ ਹਿੰਮਤ ਕਰਕੇ.
‘ਅਡਰਾ ਨਾ ਲੱਗ
ਸਾਡੇ ਨਾਲ ਰਲ
ਨਹੀਂ ਤਾਂ ਮਰ’
ਕਿਹਾ ਉਨ੍ਹਾਂ ਨੇ.

ਤੁਹਾਡੇ ਨਾਲ ਰਲਣਾ ਵੀ ਤਾਂ ਮਰਨਾ ਹੈ
ਉਸਨੇ ਜੁਆਬ ਦਿੱਤਾ ਅਣਖ ਨਾਲ
ਅਤੇ ਲੜਾਈ ਲਈ ਕਸਿਆ ਕਮਰਕੱਸਾ
ਯੁਗਾਂ ਯੁਗਾਂਤਰਾਂ ਤੋਂ ਜਾਰੀ ਏ ਇਹ ਯੁੱਧ

............................... - ਜਗਮੋਹਨ ਸਿੰਘ

No comments:

Post a Comment