Popular posts on all time redership basis

Showing posts with label Paul Kaur. Show all posts
Showing posts with label Paul Kaur. Show all posts

Friday, 1 February 2013

ਕੁਝ ਚੁਭਦਾ ਹੈ - ਪਾਲ ਕੌਰ

ਕੁਝ ਚੁਭਦਾ ਹੈ
ਕਾਲਜੇ ’ਚ ਮੇਰੇ
ਬੈਠਾ ਏ ਇਕ ਦਰਦ
ਮੁੜ ਮੁੜ ਸੁਆਂਦੀ ਹਾਂ
ਮੁੜ ਮੁੜ ਉਠਦਾ ਹੈ !

ਦੋਸਤ ਨੇ ਆਖਿਆ ਦਰਦ ਤੇ ਟਿਕੇ ਰਹਿਣਾ
ਨਹੀਂ ਹੈ ਕੋਈ ਯਾਤਰਾ -
ਆਪਣੇ ਅਤੇ ਦਰਦ ਉਤੇ ਪਾ ਕੋਈ ਪੁਲ
ਤੇ ਹੋ ਜਾ ਪਾਰ-
ਉਸਾਰੇ ਪੁਲ ਬਥੇਰੇ
ਪਰ ਪੁਲ ਉਤੋਂ ਲੰਘਦਿਆਂ
ਥ੍ਹੰਮ ਥ੍ਹੰਮ ਹਿਲਦਾ ਹੈ
ਦਰਦ ਫਿਰ ਉਠਦਾ ਹੈ
ਕੁਝ ਚੁਭਦਾ ਹੈ !

ਫਿਰ ਗੁਰ-ਵਾਕ ਮਿਲਿਆ
ਕਿ ਕੁਝ ਨਹੀਂ ਹੁੰਦਾ ਦਰਦ
ਇਹ ਤਾਂ ਆਪਣੇ ਹੀ ਦੁਆਲੇ ਉਣਿਆ
ਜਾਲ ਹੁੰਦਾ ਹੈ ਮਹਿਜ਼,
ਚੁਭਦਾ ਹੈ ਹਉਂ ਦੇ ਯੁਧ ਵਿਚ ਲੱਗਾ ਹਰ ਤੀਰ .
ਹੋਣਾ ਹੈ ਇਸ ਦਰਦ ਤੋਂ ਮੁਕਤ
ਤਾਂ ਨਿਕਲ ਪਹਿਲਾਂ ਇਸ ਜਾਲ ਤੇ ਯੁਧ ’ਚੋਂ ਬਾਹਰ

ਹੁੰਦੀ ਹਾਂ ਮੁੜ ਮੁੜ ਆਪਣੇ ਸਨਮੁੱਖ
ਕਰਦੀ ਹਾਂ ਮੁੜ ਮੁੜ ਕਈ ਕੌਲ
ਪਰ ਪਾਸਾ ਪਰਤਦਿਆਂ ਹੀ
ਫਿਰ ਉਠਦੀ ਏ ਟੀਸ
ਹੁੰਦਾ ਏ ਦਰਦ
ਕੁਝ ਚੁਭਦਾ ਹੈ !
.................................................. - ਪਾਲ ਕੌਰ

Thursday, 31 May 2012

ਨਾਪ-ਅਨਾਪ .......-ਪਾਲ ਕੌਰ

ਪਾਇਆ ਸੀ ਕਦੇ ਚੋਲਾ ਇਕ
ਪਰ ਸੁੰਗੜਦਾ ਰਿਹਾ ਉਸ ਅੰਦਰ ਜਿਸਮ
ਲੈ ਨਾ ਸਕੀ ਖੁਲ੍ਹ ਕੇ ਸਾਹ !

ਮਿਲਿਆ ਕੋਈ
ਤਾਂ ਕਤਰ ਦਿੱਤਾ ਉਸ ਚੋਲੇ ਦਾ ਵਾਫ਼ਰ ਆਕਾਰ
ਕਰ ਦਿਤਾ ਉਸ ਨੂੰ ਮੇਰੇ ਜਿਸਮ ਦੇ ਨਾਪ

ਪਰ ਹਿੱਲ ਗਿਆ ਏ ਹੁਣ ਫਿਰ ਨਾਪ
ਘੁਟ ਰਹੀ ਹਾਂ ਇਸ ਲਿਬਾਸ ਵਿਚ
ਤੇ ਘਿਰ ਗਈ ਹਾਂ ਇਸ ਲਿਬਾਸ
ਤੇ ਆਪਣੀਆਂ ਕਤਰਨਾਂ ਦੇ ਵਿਚਕਾਰ !

ਕਦੇ ਤਾਂ ਜੀ ਕਰਦਾ ਏ
ਚੁੱਕ ਲਵਾਂ ਇਹ ਕਤਰਨਾਂ
ਸੀਅ ਲਵਾਂ ਇਨ੍ਹਾਂ ਨੂੰ ਲਿਬਾਸ ਦੇ ਨਾਲ
ਪਰ ਕੀ ਕਰਾਂਗੀ ਇਹ ਲੀਰੋ-ਲੀਰ ਜੁੜਿਆ ਚੋਲਾ ?

ਹੁਣ ਤਾਂ ਇਹੋ ਜੀਅ ਕਰਦਾ ਏ
ਲਾਹ ਸੁਟਾਂ ਇਹ ਲਿਬਾਸ
ਤੇ ਮਾਰ ਕੇ ਲੋਈ ਦੀ ਬੁੱਕਲ
ਕਰ ਦਿਆਂ ਜਿਸਮ ਨੂੰ
ਕਿਸੇ ਵੀ ਨਾਪ ਤੋਂ ਪਾਰ !

............................................................ ਪਾਲ ਕੌਰ

Wednesday, 4 January 2012

ਹਾਸਿਲ - ਪਾਲ ਕੌਰ

ਦੁਖਾਂਤ ਇਹ ਨਹੀਂ ਸੀ ਕਿ ਸਵਾਲ ਔਖੇ ਸਨ
ਤੇ ਉਨ੍ਹਾਂ ਦੇ ਹੱਲ ਨਹੀਂ ਲੱਭੇ
ਦੁਖਾਂਤ ਇਹ ਹੋਇਆ ਏ
ਕਿ ਰਕਮਾਂ ਲਿਖ ਲਿਖ ਕੇ ਵਹੀ ਭਰ ਚੁੱਕੀ ਸੀ
ਉਦੋਂ ਸਮਝ ਆਏ ਫਾਰਮੂਲੇ !

ਕੁਝ ਰਕਮਾਂ ਤਾਂ ਖੌਰੇ ਮੁੱਢੋਂ ਹੀ ਗਲਤ ਸਨ
ਉਨ੍ਹਾਂ ਤੇ ਕੋਈ ਫਾਰਮੂਲਾ ਨਹੀਂ ਲੱਗਦਾ
ਬੱਸ ਵਹੀ ਦੇ ਕਈ ਪੰਨੇ ਮੱਲੀ ਬੈਠੀਆਂ ਨੇ
ਕੁਝ ਰਕਮਾਂ ਲਿਖਣ ਲੱਗੀ ਆਪ ਟਪਲਾ ਖਾ ਗਈ
ਫਾਰਮੂਲਾ ਤਾਂ ਲਗਦਾ ਏ
ਪਰ ਹਾਸਿਲ ਕੁਝ ਨਹੀਂ ਹੁੰਦਾ !

ਬੱਸ ਇਕ ਦੋ ਰਕਮਾਂ ਨੇ
ਜਿਨ੍ਹਾਂ ਸਮਝਾਏ ਨੇ ਕਈ ਫਾਰਮੂਲੇ
ਤੇ ਜਿਨ੍ਹਾਂ ਦਾ ਬੱਸ ਹਾਸਿਲ ਹੀ ਹਾਸਿਲ ਹੈ .

ਜਦੋਂ ਵੀ ਕਦੇ ਖੋਲ੍ਹਦੀ ਹਾਂ ਵਹੀ
ਹਰ ਪੰਨੇ ਤੇ ਰੁਕ ਕੇ ਸੋਚਦੀ ਹਾਂ
ਏਥੇ ਇਹ ਹੁੰਦਾ ਤਾਂ ਇੰਜ ਹੋ ਜਾਂਦਾ
ਏਥੇ ਇੰਜ ਹੀ ਲਿਖਦੀ ਤਾਂ ਇੰਜ ਹੋ ਜਾਂਦਾ

ਤੇ ਹੁਣ ਇਕ ਦੋ ਸਫਿਆਂ ਲਈ
ਚੁੱਕਣਾ ਪੈਂਦਾ ਏ ਐਵੇਂ ਹੀ ਕਾਲੇ ਕੀਤੇ
ਸਫ਼ਿਆਂ ਦੀ ਸਾਰੀ ਵਹੀ ਦਾ ਭਾਰ !

ਬੱਸ ਇਹੀ ਹੈ ਹਾਸਿਲ ਸਾਰੀ ਵਹੀ ਦਾ
ਕਿ ਜਦੋਂ ਲੱਭਦੇ ਨੇ ਫਾਰਮੂਲੇ
ਤਾਂ ਸਵਾਲ ਹੱਲ ਕਰਨ ਲਈ
ਕੋਈ ਸਫ਼ਾ ਖਾਲੀ ਨਹੀਂ ਬਚਦਾ !

Friday, 9 December 2011

ਡੁਹਾਗਣ - ਪਾਲ ਕੌਰ

ਉਹ
ਸਦਾ ਔਗਣਾਂ ਕਰ ਕੇ ਹੀ ਨਹੀਂ ਹੁੰਦੀ ਡੁਹਾਗਣ
ਕਈ ਵਾਰ ਸੁਆਦ ਬਦਲਣ ਲਈ
ਰੱਦ ਦਿੱਤੀ ਜਾਂਦੀ ਹੈ ਉਹ !

ਇਸ ਡੁਹਾਗਣ ਦਾ ਨਹੀਂ ਹੁੰਦਾ
ਕਿਸੇ ਦੂਜੇ ਸੰਗ ਹੇਤ
ਉਹ ਤਾਂ ਸਾਰੀ ਉਮਰ ਪਛਾਣਦੀ ਰਹਿੰਦੀ ਏ
ਆਪਣੇ ਸਿਰ ਉਤਲੀ ਚੁੰਨੀ ਦਾ ਰੰਗ !

ਹਰ ਕਾਰਜ ਵਿਚ ਉਹਨੂੰ ਲੱਗਦਾ ਏ
ਕਿ ਉਹ ਨਹੀਂ ਕਿਸੇ ਦੀ ਕੁਝ ਵੀ
ਉਹ ਤਾਂ ਹੈ ਬੱਸ ਲਾਗਣ-
ਜੋ ਉਹਨੂੰ ਮਿਲਦਾ ਏ
ਸ਼ਗਨਾਂ ਵਾਲਿਆਂ ਦੇ ਸਿਰੋਂ ਵਾਰਿਆ ਹੁੰਦਾ ਏ !

ਡੁਹਾਗਣ ਹੌਲੀ ਹੌਲੀ ਹੋ ਜਾਂਦੀ ਏ ਐਸਾ ਮਕਾਨ !
ਜੋ ਹੈ ਤਾਂ ਸੁਹਣਾ, ਮਜ਼ਬੂਤ, ਕੀਮਤੀ
ਪਰ ਛੱਤਾਂ ਤੇ ਲੱਗ ਜਾਂਦੇ ਨੇ ਜਾਲੇ-
ਚੀਜ਼ਾਂ ਤੇ ਜੰਮ ਜਾਂਦੀ ਏ ਧੂੜ
ਫਿੱਟ ਜਾਂਦੇ ਨੇ ਪਰਦਿਆਂ ਦੇ ਰੰਗ
ਬੱਸ ਨਹੀਂ ਹੁੰਦੀ ਕਦੇ ਸ਼ੁਭ ਪ੍ਰਭਾਤ
ਤੇ ਨਹੀਂ ਆਉਂਦੀ ਕਦੇ ਕੋਈ ਹੁਸੀਨ ਸ਼ਾਮ !
ਕਈ ਵਾਰ ਧਰਮਸ਼ਾਲਾ ’ਚ ਪਿਆ
ਦਾਨਪਾਤਰ ਬਣ ਜਾਂਦੀ ਏ ਉਹ
ਕੋਈ ਉਸ ਵਿਚ ਦਾਨ,
ਕੋਈ ਭਿੱਖਿਆ
ਤੇ ਕੋਈ ਘਟੀਆ ਜੁਮਲਾ ਲਿਖ ਕੇ ਪਾ ਜਾਂਦਾ ਏ

ਕਈ ਵਾਰ ਉਹ ਵੇਖਦੀ ਏ
ਕੋਈ ਫੁੱਲਾਂ ਭਰਿਆ ਬਾਗ
ਤਾਂ ਉੱਗ ਆਉਂਦੀ ਏ
ਆਪਣੇ ਵੀਰਾਨੇ ਵਿਚ ਵੀ
ਭਾਵੇਂ ਹੁੰਦੀ ਏ ਕੋਈ ਕੈਕਟਸ ਉਹ !
ਦੁੱਖ-ਸੁੱਖ ਤੋਂ ਖਾਲੀ
ਦਰਿਆ ’ਚ ਡੁੱਬੀ
ਪਰ ਪਾਣੀ ਦੀ ਛੁਹ ਤੋਂ
ਵਾਂਝੀ ਹੁੰਦੀ ਏ ਡੁਹਾਗਣ !

......................................... - ਪਾਲ ਕੌਰ

Friday, 16 September 2011

ਖੱਬਲ - ਪਾਲ ਕੌਰ

ਸੁਣਿਆ ਏ ਕਿ ਜਦੋਂ ਮੈਂ ਜੰਮੀ ਸਾਂ
ਤਾਂ ਮੈਨੂੰ ਵੇਖ ਕੇ ‘ਕਿਸੇ’ ਨੇ ਮੂੰਹ ਫੇਰ ਲਿਆ ਸੀ
ਤੇ ‘ਕਿਸੇ’ ਨੇ ਪਿੱਠ ਕਰ ਲਈ ਸੀ.

ਤੇ ਜਿਵੇਂ ਕਹਿੰਦੇ ਨੇ ਕਿ ਬੱਚਾ ਇੱਕੀ ਦਿਨਾਂ ਵਿਚ
ਪਿਓ ਦੀ ਪੱਗ ਪਛਾਣ ਲੈਂਦਾ ਹੈ -
ਮੈਂ ਪਿੱਠ ਪਛਾਣ ਲਈ ਸੀ !

ਉਦੋਂ ਹੀ ਮੈਂ, ਪਿੱਠਾਂ ਨੂੰ ਵੇਖਣ ਤੇ ਜਰਨ ਦੀ ਆਦੀ ਹੋ ਗਈ -
ਤੇ ਜਦੋਂ ਵੀ ਅੱਖਾਂ ’ਚ ਰੋਹ ਭਰਿਆ
ਤਾਂ ਮੈਂ ਉਨ੍ਹਾਂ ਪਿੱਠਾਂ ਉਪਰ
ਆਪਣੀ ਉਦਾਸ ਇਬਾਰਤ ਲਿਖ ਦਿੱਤੀ -
ਜਿਸ ਨੂੰ ਉਹ ਪਿੱਠਾਂ ਵਾਲੇ
ਕਦੇ ਵੀ ਪੜ੍ਹ ਨਹੀਂ ਸਕੇ !
ਮੈਂ ਤਾਂ ਕਿਆਰੀ ਵਿਚ, ਹੋਰਨਾਂ ਪੌਦਿਆਂ ਨਾਲ
ਕਿਸੇ ਖੱਬਲ ਵਾਂਗ ਉੱਗ ਪਈ ਸਾਂ
ਤੇ ਖੱਬਲ ਵਾਂਗ ਹੀ ਪਲ ਗਈ ਹਾਂ !

ਮਾਲੀ ਨੇ ਜਦੋਂ ਵੀ ਚਾਹਿਆ,
ਮੈਨੂੰ ਪੁੱਟ ਕੇ ਸੁੱਟਣ ਦੀ ਕੋਈ ਕਸਰ ਨਹੀਂ ਛੱਡੀ !
ਪਰ ਮੈਂ ਉਨ੍ਹਾਂ ਪੌਦਿਆਂ ਦੀਆਂ ਜੜ੍ਹਾਂ ਨਾਲ,
ਮੁੜ ਉੱਗ ਪਈ !

ਪੌਦਿਆਂ ਨੂੰ ਗੋਡੀ ਹੁੰਦੀ
ਮੇਰੇ ਅੰਗ ਜ਼ਖ਼ਮੀਂ ਵੀ ਹੋ ਜਾਂਦੇ ਤਾਂ ਮੈਂ ਮੂਕ ਰਹਿੰਦੀ,
ਮੇਰੀਆਂ ਬਿਮਾਰ ਤਿੜਾਂ ਪੀੜ ਨਾਲ ਕੁਰਲਾਉਂਦੀਆਂ -
ਪਰ ਮੈਂ ਦੰਦਾਂ ਥੱਲੇ ਜੀਭ ਦੇ ਕੇ
ਅੱਥਰੂ ਅੱਥਰੂ ਹੋਈ ਪਈ ਰਹਿੰਦੀ !

ਖੱਬਲ ਵਰਗੀ ਹੌਂਦ ਨੇ-
ਪਿਆਰ ਭਰੇ ਹੱਥ ਦੇ ਪੋਟਿਆਂ ਦੀ ਛੋਹ ਲਈ
ਮੇਰੀ ਸਹਿਕ ਨੇ -
ਤੇ ਘਣਛਾਵਾਂ ਬੂਟਾ ਹੁੰਦਿਆਂ ਸੁੰਦਿਆਂ
ਮੇਰੇ ਹਿੱਸੇ ਆਈ ਤਿੱਖੀ ਧੁੱਪ ਦੇ ਅਹਿਸਾਸ ਨੇ
ਮੈਨੂੰ ਮੰਗਤੀ ਬਣਾ ਦਿੱਤਾ ਹੈ.

ਮੈਂ ਛਾਂ ਦੇ ਇਕ ਇਕ ਕਤਰੇ ਲਈ
ਉਡਦੇ ਬਾਜ਼ਾਂ ਮਗਰ ਵੀ ਭੱਜੀ ਹਾਂ
ਤੇ ਦਰੋਂ ਬੇਦਰ ਹੋ ਕੇ
ਕਈ ਵਾਰ ਬੇਆਬਰੂ ਵੀ ਹੋਈ ਹਾਂ !

ਮੈਨੂੰ ਨਹੀਂ ਪਤਾ ਕਿ ਕਦੋਂ ਪਹੁ-ਫੁੱਟੀ ਸੀ
ਕਦੋਂ ਸਵੇਰ ਹੋਈ ਸੀ -
ਤੇ ਦੁਪਿਹਰਾ ਕਿਵੇਂ ਢਲ ਗਿਆ -
ਮੈਂ ਤਾਂ ਜਦੋਂ ਤੋਂ ਆਪਣਾ ਚਿਹਰਾ
ਸ਼ੀਸ਼ੇ ’ਚ ਤੱਕਿਆ ਹੈ -
ਮੈਨੂੰ ਇਸ ਉਪਰ ਝੁਰੜੀਆਂ ਹੀ ਦਿੱਸੀਆਂ ਨੇ !

ਮੈਂ ਖੱਬਲ ਵਾਂਗ
ਮੁੜ ਮੁੜ ਅਤੇ ਬਦੋਬਦੀ ਉੱਗੀ ਹਾਂ
ਤੇ ਬਦੋਬਦੀ ਪਲੀ ਹਾਂ

........................... - ਪਾਲ ਕੌਰ