Popular posts on all time redership basis

Saturday, 3 August 2013

ਬਜ਼ਾਰ - ਜਗਮੋਹਨ ਸਿੰਘ

ਨਵੇਂ ਯੁਗ ਦਾ ਪ੍ਰਭੂ ਹੈ
ਬਜ਼ਾਰ
ਦਿਸੇ ਭਾਵੇਂ ਜਾਂ ਨਾਂਹ
ਮੌਜੂਦ ਹੈ ਹਰ ਥਾਂ

ਪਤੀ-ਪਤਨੀ ਜਦੋਂ ਮਿਲਦੇ ਨੇ
ਬਜ਼ਾਰ ਦੀ ਮਹੀਨ ਜਿਹੀ ਪਰਤ
ਉਨ੍ਹਾਂ ਵਿਚਾਲੇ ਮੌਜੂਦ ਰਹਿੰਦੀ ਹੈ
ਪਿਓ-ਪੁਤ, ਭੈਣ-ਭਰਾ ਦਰਮਿਆਨ ਬਾਜ਼ਾਰ ਹੈ
ਆਸ਼ਕ ਮਾਸ਼ੂਕ ਵਿਚਾਲੇ ਵੀ

ਇਨਸਾਫ਼ ਕਰ ਰਹੇ ਜੱਜ ਦੇ ਪੈੱਨ ਦੀ ਨੋਕ ਲਿਖਦੀ ਬਜ਼ਾਰ ਹੈ
ਆਪਾਂ ਪੜ੍ਹਦੇ ਕੁਝ ਹੋਰ ਹਾਂ

ਸਕੂਲ ਕਾਲਜ ਯੂਨੀਵਰਸਿਟੀਆਂ ਬਾਜ਼ਾਰ ਨੇ
ਅਧਿਆਪਕ ਅਧਿਆਪਨ ਤੇ ਡਿਗਰੀਆਂ ਵੀ

ਮੀਡੀਆ  ਬਜ਼ਾਰ ਹੈ
ਪਤਾ ਭਾਵੇਂ ਨਾ ਲੱਗੇ
ਆਪਾਂ ਦੇਖਦੇ ਸੁਣਦੇ ਪੜ੍ਹਦੇ ਬਜ਼ਾਰ ਹੀ ਹਾਂ

ਸਿਆਸਤ ਬਜ਼ਾਰ ਹੈ
ਮੁਲਕਾਂ ਦੇ ਹਿੱਤ ਬਜ਼ਾਰ ਨੇ
ਬਜ਼ਾਰ ਜਦੋਂ ਟਕਰਾਉਂਦੇ ਨੇ
ਲੜਦੇ-ਭਿੜਦੇ ਨੇ
ਸਿੰਗ ਫਸਾਉਂਦੇ ਨੇ
ਯੂ ਐੱਨ ਓ ਦੇ ਯਖ਼ ਠੰਢੇ ਜਿਸਮ
ਵਿਚ ਜ਼ੁੰਬਸ਼ ਆਉਂਦੀ ਹੈ
ਤੇ ਉਦੋਂ ਤਕ ਰਹਿੰਦੀ ਹੈ
ਜਦੋਂ ਤੀਕ ਵੱਡਾ ਬਜ਼ਾਰ ਨੂੰ
ਛੋਟੇ ਬਜ਼ਾਰ ਨੂੰ ਡੀਕ ਨਹੀਂ ਲੈਂਦਾ

ਖੇਡ ਬਾਜ਼ਾਰ ਹੈ
ਛੱਕਾ ਲਗਦਾ ਹੈ
ਪੈਪਸੀ ਵਿਕਦਾ ਹੈ
ਫੁਟਬਾਲ ਗੋਲ ਦੀ ਲਾਈਨ ਪਾਰ ਕਰਦੀ ਹੈ
ਕੋਕ ਵਿੱਕਦਾ ਹੈ

ਮਨਾਂ ਵਿਚ ਪਣਪ ਰਹੀ ਅਸੁਰਖਿਆ ਬਜ਼ਾਰ ਹੈ
ਇਸ ਦਾ ਸਮਾਧਾਨ ਵੀ ਬਜ਼ਾਰ ਹੈ

ਬਾਜ਼ਾਰ ਸਾਨੂੰ ਲਗਾਤਾਰ ਭੋਗਦਾ ਹੈ
ਭਾਵੇਂ ਜਾਪਦਾ ਇਹ ਹੈ ਕਿ ਅਸੀਂ ਬਾਜ਼ਾਰ ਨੂੰ ਭੋਗ ਰਹੇ ਹਾਂ

ਤੁਸੀਂ ਮੈਨੂੰ ਪੁਛਿਆ ਹੈ ਕਿ
ਕੌਣ ਮੁਕਤ ਹੈ ?
ਮੈਂ ਕਹਿੰਦਾ ਹਾਂ ਕਿ
ਉਹੀ ਮੁਕਤ ਹੈ ਜੋ ਬਾਜ਼ਾਰ ਤੋਂ ਮੁਕਤ ਹੈ

No comments:

Post a Comment