Popular posts on all time redership basis

Wednesday, 17 July 2013

ਮੁੜ ਜਾਵਾਂਗੇ, ਮੁੜ ਜਾਵਾਂਗੇ - ਅਵਤਾਰ ਜੰਡਿਆਲਵੀ

ਪਿੰਡ ਪ੍ਰਦੇਸਾਂ ਤੋਂ
ਇਕ ਤਾਰੇ ਵਾਂਗੂੰ ਦਿਸਦਾ,
ਜਦੋਂ ਕਦੀ
ਰਾਤਾਂ ਦਾ ਨ੍ਹੇਰਾ ਭਾਰੂ ਹੁੰਦਾ,
ਪਿੰਡ ਦੇ ਮੋਹ ਦਾ ਛਾਲਾ
ਹੌਲੀ-ਹੌਲੀ ਰਿਸਦਾ
ਮੁੜ ਜਾਵਾਂਗੇ,ਮੁੜ ਜਾਵਾਂਗੇ....
ਕੀ ਹੋਇਆ ਜੇ
ਪ੍ਰਦੇਸਾਂ ਵਿਚ ਦਰਦ ਬੜਾ ਹੈ
ਕੀ ਹੋਇਆ ਜੇ
ਰੰਗ ਅੰਬਰ ਦਾ ਜ਼ਰਦ ਬੜਾ ਹੈ
ਪਰ ਬਾਪੂ ਦੇ
ਮੋਢੇ ਉੱਤੇ ਕਰਜ਼ ਬੜਾ ਹੈ
ਮੁੜ ਜਾਵਾਂਗੇ, ਮੁੜ ਜਾਵਾਂਗੇ....
ਕੁਝ ਪਿੰਡੇ ਦਾ ਨੰਗ
ਸਮੇਂ ਦੀ ਝੋਲੀ ਪਾਈਏ
ਕੁਝ ਵਰ੍ਹਿਆਂ ਦੀ ਰੇਤ
ਬਨੇਰੇ ਘਰ ਦੇ ਲਾਈਏ
ਕੁਝ ਧੀਆਂ,ਪੁੱਤਰਾਂ ਦਾ
ਅੱਗਾ ਸਾਂਭ ਸੰਭਾਈਏ
ਮੁੜ ਜਾਵਾਂਗੇ, ਮੁੜ ਜਾਵਾਂਗੇ....
ਦੇਸ-ਦੇਸ ਦੇ ਮੌਸਮ
ਦਾ ਵੀ ਕੀ ਭਰਵਾਸਾ
ਭਾਵੇਂ ਚਰਬੀ ਦਾ ਮੁੱਲ
ਪੈਂਦਾ ਚੰਗਾ ਖ਼ਾਸਾ
ਏਸ ਦੇਸ ਵਿਚ
ਨਿੰਦਿਆ ਜਾਂਦਾ ਸਾਡਾ ਹਾਸਾ
ਮੁੜ ਜਾਵਾਂਗੇ, ਮੁੜ ਜਾਵਾਂਗੇ.....
ਅਗਲੇ ਸਾਲ ਜਾਂ ਰੁੱਤ ਫਿਰੀ
ਤਾਂ ਮੁੜ ਜਾਵਾਂਗੇ
ਫਿਰ ਮਿੱਤਰਾਂ ਦੀ ਢਾਣੀ
ਅੰਦਰ ਜੁੜ ਜਾਵਾਂਗੇ
....................................... -  ਅਵਤਾਰ ਜੰਡਿਆਲਵੀ

No comments:

Post a Comment