Popular posts on all time redership basis

Tuesday, 25 June 2013

ਹਰ ਧੀ ਵਿਚ ਉਸਦੀ ਮਾਂ ਹੁੰਦੀ ਏ - ਸੁਰਜੀਤ ਕੌਰ (Surjit Kaur)

ਇਕ ਦਿਨ ਕੁੜੀ ਨੇ ਕਿਹਾ-
ਮਾਂ ! ਆਹ ਲੈ ਫੜ ਆਪਣੇ ਕੰਗਣ
ਮੇਰਾ ਬਚਪਨ ਮੋੜ ਦੇ !
ਮੇਰੇ ਪੈਰੀਂ ਪਾਈਆਂ ਜੋ ਤੂੰ ਬੇੜੀਆਂ
ਉਹ ਖੋਲ੍ਹ ਦੇ !
ਮੈਂ ਨਵੇਂ ਜ਼ਮਾਨੇ ਦੀ ਨਵੀਂ ਕੁੜੀ
ਮੈਂ ਤੇਰੇ ਵਰਗੀ ਨਹੀਂ ਬਣਨਾ ਬੁੜੀ !
ਮੇਰੀ ਰੂਹ ਆਜਾਦ
ਗੁਲਾਮੀ ਦੀਆਂ ਜੰਜੀਰਾਂ
ਮੈਂ ਨਹੀਂ ਪਾਉਣੀਆਂ ਤੇਰੇ ਵਾਂਗ !
ਤੂੰ ਜੋ ਹਰ ਵੇਲੇ ਠਾਣੇਦਾਰਣੀ ਬਣੀਂ ਰਹਿਨੀ ਏਂ
ਮੈਨੂੰ ਤਾੜਦੀ ਤੇ ਵਰਜਦੀ ਰਹਿੰਨੀ ਏਂ 
ਵਿਕਸਣ ਤੇ ਵਿਗਸਣ ਲਈ ਮੈਨੂੰ
ਮੇਰੀ ਥਾਂ ਨਹੀਂ ਦਿੰਦੀ
ਇੰਝ ਲਗਦੈ ਜਿਉਂ ਤੂੰ ਮੇਰੀ ਮਾਂ ਨਹੀਂ ਹੁੰਦੀ !
ਮੈਂ ਜਦ ਮਾਂ ਬਣਾਂਗੀ
ਇੰਝ ਨਹੀਂ ਕਰਾਂਗੀ
..........................
ਫੇਰ ਇਕ ਦਿਨ
ਕੁੜੀ ਵੀ ਮਾਂ ਬਣ ਗਈ  !
ਕੋਈ ਉਸਦੀ ਧੀ  ਵਲ ਤੱਕਦਾ
ਉਹ ਤ੍ਰਬਕਦੀ
ਮੇਰੀ ਧੀ ਮੈਲੀ ਨਾ ਹੋ ਜਾਵੇ
ਉਹ ਡਰਦੀ !
ਉਸਨੂੰ ਵਰਜਦੀ
ਉਹੀ ਕਰਦੀ
ਜੋ ਉਸਦੀ ਮਾਂ ਸੀ
ਉਸ ਨਾਲ ਕਰਦੀ !

ਅਜਕਲ ਉਹ ਅਕਸਰ
ਹੱਸ ਕੇ ਆਖ ਦਿੰਦੀ ਏ-
ਹਰ ਧੀ ਝਰਨੇ ਵਾਂਗ ਹੁੰਦੀ ਏ
ਅਮੋੜ ਤੇ ਨਿਡਰ ਹੁੰਦੀ ਏ
ਕਿਨਾਰੇ ਤੋੜਣ ਦੀ ਕੋਸ਼ਿਸ਼  ਕਰਦੀ ਏ
ਤੇ ਮਾਂ ਉਸਨੂੰ ਵਰਜਦੀ ਏ
ਇਹ ਖੂਬਸੂਰਤੀ ਮਾਂ ਦੇ ਫਰਜ਼ ਦੀ ਏ !

 ਮੇਰੀ ਮਾਂ ਠੀਕ ਕਹਿੰਦੀ ਸੀ-
ਹਰ ਮਾਂ ਨਦੀ ਵਾਂਗ ਹੁੰਦੀ ਹੈ
ਕਿਨਾਰਿਆਂ ਵਿਚ ਵਹਿੰਦੀ ਏ
ਧੀ ਨੂੰ ਆਪਣੀ ਬੁਕੱਲ ਵਿਚ ਸਮੋ ਲੈਂਦੀ ਏ !

ਹਰ ਧੀ ਜਦ ਮਾਂ ਬਣਦੀ ਏ
ਅਪਣੀ ਮਾਂ ਦਾ ਹੀ ਪਰਛਾਵਾਂ ਹੁੰਦੀ ਏ
ਉਸੇ ਵਾਂਗ ਬੋਲਦੀ ਟੁਰਦੀ ਤੇ ਤਕਦੀ ਏ
ਹਰ ਧੀ ਵਿਚ ਉਸਦੀ ਮਾਂ ਹੁੰਦੀ ਏ !
...................................................  - ਸੁਰਜੀਤ ਕੌਰ

1 comment: