Popular posts on all time redership basis

Saturday, 11 May 2013

ਔਰਤ ਯਾਦ ਰਖਦੀ ਹੈ - ਗੁਰਦੇਵ ਚੌਹਾਨ

ਔਰਤ ਯਾਦ ਰਖਦੀ ਹੈ
ਤੁਹਾਡੇ ਇਰਾਦਿਆਂ ਦੇ ਰੰਗ
ਵਾਅਦਿਆਂ ਨੂੰ ਨਹੀਂ ਭੁੱਲਦੀ ਉਹ
ਤੇ ਯਾਦ ਰਖਦੀ ਹੈ
ਤੁਸੀਂ ਕਦੋਂ ਅਤੇ ਕਿੱਥੇ
ਕਿਹਾ ਸੀ ਉਸਨੂੰ
ਕਿ ਉਹ ਲਗਦੀ ਹੈ ਬਹੁਤ ਸੁੰਦਰ
ਕਦ ਅਤੇ ਕਿੱਥੇ
ਤੁਸੀਂ ਭੁੱਲੇ ਸੋ ਕਹਿਣਾ ਉਸ ਨੂੰ
ਕਿ ਤੁਸੀਂ ਕਰਦੇ ਹੋ ਉਸ ਨੂੰ ਬਹੁਤ ਪਿਆਰ
ਯਾਦ ਰੱਖਣਾ ਆਦਤ ਹੈ ਉਸਦੀ
ਤੇ ਭੁੱਲ ਜਾਣਾ ਤੁਹਾਡੀ

ਪਰ ਜਦ ਵਰ੍ਹਿਆਂ ਬਾਅਦ
ਤੁਸੀਂ ਫਿਰ ਸਾਂਝੇ ਆਕਾਸ਼ ਦੀ ਗੁੱਠ ਵਿਚ
ਮਿਲਦੇ ਹੋ
ਘੁਲਦੇ ਬੱਦਲ ਦੀ ਗੱਲ ਕਰਦੇ ਹੋ
ਜਾਂ ਸੋਕਾ ਪੈਣ ਦੀ
ਤਾਂ ਉਹ ਦੁਹਰਾਉਂਦੀ ਹੈ, ਵਾਰ ਵਾਰ
ਤੇ ਭੁੱਲ ਜਾਂਦੀ
ਵਕਫ਼ਾ ਅਤੇ ਵਾਪਰਿਆ ਸਭ ਕੁਝ

ਔਰਤ ਵਿਚ ਸਮਾਂ
ਦਿਨਾਂ, ਮਹੀਨਿਆਂ, ਵਰ੍ਹਿਆਂ ਵਿਚ ਨਹੀਂ ਚਲਦਾ
ਇਹ ਤਾਂ ਚਲਦਾ ਹੈ ਅਨੰਨਤਾ ਵਿਚ
ਅਤੇ ਛਿਣ ’ਚ ਵੀ ਬੀਤ ਸਕਦੀ ਹੈ ਉਮਰ

ਔਰਤ ਪਾਸ ਹੈ ਬਹੁਤ ਘੱਟ
ਇਸ ਲਈ ਯਾਦ ਰੱਖਦੀ ਹੈ
ਉਹ ਸਭ ਤੋਂ ਵੱਧ
.........................................  - ਗੁਰਦੇਵ ਚੌਹਾਨ

No comments:

Post a Comment