Popular posts on all time redership basis

Wednesday, 13 March 2013

ਔਰਤ ਹਾਂ ਮੈਂ - ਗੁਲਸ਼ਨ ਦਿਆਲ

ਔਰਤ ਹਾਂ ਮੈਂ
ਪਿਆਰੀ ਜਿਹੀ ਧੀ
ਬਾਬੁਲ ਦੇ ਵਿਹੜੇ
ਦਾ ਸੁਹੱਪਣ
ਉਸ ਦੀਆਂ ਥੱਕ ਚੁੱਕੀਆਂ
ਝੁਰੜੀਆਂ ਦੀ ਮੁਸਕਾਨ ਹਾਂ ਮੈਂ
ਔਰਤ ਹਾਂ ਮੈਂ....
ਆਪਣੀ ਮਾਂ ਦੀਆਂ ਆਂਦਰਾਂ
ਉਸ ਦੇ ਦੁਖ ਸੁਖ ਦਾ ਸਹਾਰਾ
ਉਸ ਦੇ ਕਾਲਜੇ ਦੀ ਠੰਡਕ
ਔਰਤ ਹਾਂ ਮੈਂ...
ਆਪਣੇ ਵੀਰ ਦੀ ਭੈਣ
ਜ਼ਾਲਮ ਦੁਨੀਆ ਦੇ ਪਥਰੀਲੇ ਰਾਹਾਂ
ਤੇ ਕੋਮਲਤਾ ਦਾ ਅਹਿਸਾਸ ਹਾਂ ਮੈਂ
ਔਰਤ ਹਾਂ ਮੈਂ....
ਆਪਣੀ ਭੈਣ ਦੀ ਭੈਣ
ਸਹੇਲੀ ਦੀ ਸਹੇਲੀ
ਉਸ ਦੇ ਸੁਫਨਿਆਂ ਦਾ ਰਾਜ਼
ਉਸ ਦੇ ਚਿਹਰੇ ਤੋਂ ਹੰਝੂਆਂ ਨੂੰ
ਚੁੰਮਦੀ ਹੋਈ ਮੁਸਕਰਾਹਟ ਹਾਂ ਮੈਂ
ਔਰਤ ਹਾਂ ਮੈਂ...
ਆਪਣੀ ਸੁਬਕ ਜਿਹੀ ਧੀ ਲਈ
ਲੋਰੀ ,ਤੇ ਕੋਸਾ ਜਿਹਾਂ ਚੁੰਮਣ ਹਾਂ ਮੈਂ...
ਇਬਾਦਤ ਵਰਗਾ ਅਹਿਸਾਸ
ਜਗਾਉਂਦੀ ਆਪਣੇ ਪੁੱਤ ਦੀ
ਰੱਬ ਵਰਗੀ ਮਾਂ ਹਾਂ ਮੈਂ
ਖੁਦਾ ਦੇ ਬੰਦੇ ਲਈ ਦੋਸਤ ਮਹਿਬੂਬ ,
ਉਸ ਦੀਆਂ ਪੀੜ੍ਹੀਆਂ ਨੂੰ
ਚਲਦਾ ਰਖਣ ਲਈ ਨੇਹਮਤ ਹਾਂ ਮੈਂ
ਮੈਂਨੂੰ ਹੱਦ ਨਹੀਂ ਬੰਨ੍ਹ ਸਕਦੀ
ਦੇਸ਼ ਨਹੀਂ ਬੰਨ੍ਹ ਸਕਦੇ
ਸਭ ਕਾਸੇ ਤੋਂ ਪਾਰ ਹਾਂ ਮੈਂ
ਪੂਰੀ ਦੁਨੀਆ ਹਾਂ ਮੈਂ
ਇਸ ਧਰਤ ਮਾਂ ਦੀ ਅਮਾਨਤ ਹਾਂ ਮੈਂ
ਥੱਕੇ ਹੋਏ ਆਦਮ ਲਈ
ਚੈਨ ਹਾਂ ਮੈਂ , ਆਰਾਮ ਹਾਂ ਮੈਂ
ਤੱਤੀਆਂ ,ਤੇਜ਼ ਹਵਾਵਾਂ ਵਿੱਚ
ਮਿਠੀ ਠੰਡੀ ਹਵਾ ਦਾ ਬੁਲ੍ਹਾ ਹਾਂ ਮੈਂ
ਢਹਿ ਢੇਰੀ ਹੋ ਚੁੱਕੇ ਕਦਮਾਂ ਲਈ
ਰਵਾਨਗੀ ਹਾਂ ਮੈਂ
ਮਜ਼ਦੂਰੀ ਕਰਦੇ ਹੋਏ ਹਥਾਂ ਦੇ ਅੱਟਣਾ
ਲਈ ਰੇਸ਼ਮੀ ਅਹਿਸਾਸ ਹਾਂ ਮੈਂ
ਜਿੰਦਗੀ ਦੀਆਂ ਕੁੜੱਤੜਾਂ
ਭਰੇ ਪਲਾਂ ਵਿੱਚ
ਸ਼ਹਿਦ ਵਰਗਾ ਸੁਆਦ ਹਾਂ ਮੈਂ
ਨਾਚ ਹਾਂ ਮੈਂ
ਤਰੰਗ ਹਾਂ
ਉਸ ਦਾ ਹੋਸ਼ ਵੀ ਮੈਂ ਹੈਂ
ਤੇ ਉਸ ਦੀ ਬੇਹੋਸ਼ੀ ਵੀ ਮੈਂ ਹਾਂ
ਕਲਾ ਹਾਂ ਮੈਂ ਉਸ ਦੀ
ਸੰਗੀਤ ਵੀ ਮੈਂ ਹਾਂ
ਤੇ ਗੀਤ ਵੀ ਮੈਂ ਹਾਂ ,
ਤੇ ਸਚ ਤੇ ਇਹ ਹੈ ਕਿ
ਮੈਂ ਉਸ ਦੀਆਂ ਸਾਰੀਆਂ
ਬੇ-ਇਨਸਾਫੀਆਂ ਲਈ ਮੁਆਫੀ ਵੀ ਹਾਂ
ਉਸ ਦੀਆਂ ਬੇਵਫਾਈਆਂ ਨੂੰ
ਭੁਲਾਉਂਦੀ ਹੋਈ
ਖੁਦਾ ਵਲੋਂ ਰਹਿਮ ਹਾਂ
ਗੁਰੂ ਦੀ ਬਖਸ਼ਿਸ਼ ਹਾਂ ਮੈਂ
ਔਰਤ ਹਾਂ ਮੈਂ ......

No comments:

Post a Comment