Popular posts on all time redership basis

Tuesday, 19 March 2013

ਸਾਨੂੰ ਟੋਰ ਅੰਬੜੀਏ ਟੋਰ - ਸ਼ਿਵ ਕੁਮਾਰ ਬਟਾਲਵੀ

ਸਾਨੂੰ ਟੋਰ ਅੰਬੜੀਏ ਟੋਰ
ਅੰਬੜੀਏ ਟੋਰ ਨੀ
ਪਰ੍ਹਾਂ ਇਹ ਫੂਕ ,
ਚਰਖੜੇ ਤਾਈਂ
ਸਾਥੋਂ ਕੱਤ ਨਾ ਹੋਵੇ ਹੋਰ ਨੀ
ਅੰਬੜੀਏ ਟੋਰ ਨੀ !

ਅੰਬੜੀਏ ਸਾਡੇ ਬਾਹੀਂ ਖੱਲੀਆਂ
ਗੋਰੇ ਹੱਥੀਂ ਰੱਟਨਾਂ
ਇਸ ਰੁੱਤੇ ਸਾਨੂੰ ਭਲਾ ਨਾ ਸੋਹਵੇ
ਪਾ ਤੰਦਾਂ ਦੋ ਥਕਣਾ
ਜਿਸ ਲਈ ਕੱਤਣਾ ,
ਉਹ ਨਾ ਆਪਣਾ
ਤਾਂ ਅਸਾਂ ਕਿਸ ਲਈ
ਕੱਤਣਾ ਹੋਰ ਨੀ !
ਅੰਬੜੀਏ ਟੋਰ ਨੀ !

ਅੰਬੜੀਏ ਲੈ ਕੱਚੀਆਂ ਤੰਦਾਂ
ਸਾਹ ਦੀਆਂ ,ਮਾਹਲ ਵਟੀਵਾਂ
ਰੂਪ ਸਰਾਂ ਦੇ ਪਾਣੀ ਭੇਵਾਂ
ਸੌ ਸੌ ਸ਼ਗਨ ਮਨੀਵਾਂ
ਨਿੱਤ ਬੰਨ੍ਹਾਂ ਗੀਤਾਂ ਦੀਆਂ ਕੌਡਾਂ
ਸ਼ੀਸ਼ੇ ਹੰਝ ਮੜ੍ਹੀਵਾਂ
ਜਿਉਂ ਜਿਉਂ ਮੁੱਖ ਵਖੀਵਾਂ ਸ਼ੀਸ਼ੇ
ਪਾਵੇ ਬਿਰਹਾ ਸ਼ੋਰ ਨੀ !
ਅੰਬੜੀਏ ਟੋਰ ਨੀ !

ਅੰਬੜੀਏ ਇਸ ਚਰਖੇ ਸਾਥੋਂ
ਸੁਪਨੇ ਕੱਤ ਨਾ ਹੋਏ
ਇਸ ਚਰਖੇ ਥੀਂ ,
ਸੈ ਘੁਣ ਲਗੇ ,
ਚਰਮਖ ਖੱਦੇ ਹੋਏ
ਟੁੱਟ ਗਿਆ ਤੱਕਲਾ ,
ਭਰ ਗਿਆ ਬੀੜਾ
ਬਰੜਾਂਦੀ ਘਨਘੋਰ ਨੀ
ਅੰਬੜੀਏ ਟੋਰ ਨੀ !
ਪਰ੍ਹਾਂ ਇਹ ਫ਼ੂਕ
ਚਰਖੜੇ ਤਾਈਂ
ਸਾਥੋਂ ਕੱਤ ਨਾ ਹੋਵੇ ਹੋਰ ਨੀ
ਅੰਬੜੀਏ ਟੋਰ ਨੀ !
........................................................ਸ਼ਿਵ ਕੁਮਾਰ ਬਟਾਲਵੀ

No comments:

Post a Comment