Popular posts on all time redership basis

Showing posts with label Shiv Kumar Batalvi. Show all posts
Showing posts with label Shiv Kumar Batalvi. Show all posts

Saturday, 15 June 2013

ਮਸੀਹਾ ਦੋਸਤੀ - ਸ਼ਿਵ ਕੁਮਾਰ ਬਟਾਲਵੀ

ਮੈਂ ਦੋਸਤੀ ਦੇ ਜਸ਼ਨ  ‘ਤੇ
ਇਹ ਗੀਤ ਜੋ ਅੱਜ  ਪੜ੍ਹ ਰਿਹਾਂ
ਮੈਂ ਦੋਸਤਾਂ ਦੀ ਦੋਸਤੀ
ਦੀ ਨਜ਼ਰ ਇਸ ਨੂੰ ਕਰ ਰਿਹਾਂ
ਮੈਂ ਦੋਸਤਾਂ ਲਈ  ਫ਼ੇਰ ਅੱਜ
ਇਕ ਵਾਰ ਸੂਲੀ ਚੜ੍ਹ ਰਿਹਾਂ।
ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇ
ਗੀਤ ਦੀ ਸੂਲੀ ਚੜ੍ਹਾਂ
ਤੇ ਇਸ ਗੁਲਾਬੀ ਮਹਿਕਦੇ
ਮੈਂ ਜਸ਼ਨ ਨੂੰ ਸੋਗੀ ਕਰਾਂ
ਮੈਂ ਸੋਚਦਾ ਕਿ ਜੁਲਫ਼ ਦਾ ਨਹੀਂ
ਜੁਲਮ ਦਾ ਨਗ਼ਮਾ ਪੜ੍ਹਾਂ
ਤੇ ਦੋਸਤਾਂ ਦੀ ਤਲੀ ‘ਤੇ
ਕੁਝ ਸੁਲਗਦੇ ਅੱਖਰ  ਧਰਾਂ।
ਦੋਸਤੋ ਅੱਜ ਦੋਸਤੀ ਦੀ
ਪੋਹ-ਸੁਦੀ ਸੰਗਰਾਂਦ ‘ਤੇ
ਇਹ ਜੋ ਮੈਂ ਅੱਜ ਅੱਗ ਦੇ
ਕੁਝ ਸ਼ਬਦ ਭੇਟਾ ਕਰ ਰਿਹਾਂ
ਮੈਂ ਜੋ ਗੀਤਾਂ ਦਾ ਮਸੀਹਾ
ਫੇਰ ਸੂਲੀ ਚੜ੍ਹ ਰਿਹਾਂ
ਮੈਂ ਦੋਸਤੀ ਦਾ ਖੂਬਸੂਰਤ
ਫ਼ਰਜ ਪੂਰਾ ਕਰ ਰਿਹਾਂ
ਮੈਂ ਦੋਸਤੀ ਦੇ ਮੌਸਮਾਂ ਦਾ
ਰੰਗ ਗੂੜ੍ਹਾ ਕਰ ਰਿਹਾਂ।
ਦੋਸਤੋ ਇਸ ਅੱਗ ਦੇ
ਤੇ ਧੁੱਪ ਦੇ ਤਹਿਵਾਰ ‘ਤੇ
ਮੈਂ ਵੇਖਦਾਂ ਕਿ ਸਾਡਿਆਂ
ਲਹੂਆਂ ਦਾ ਮੌਸਮ ਸਰਦ ਹੈ
ਮੈਂ ਵੇਖਦਾਂ ਕਿ ਹੱਕ ਲਈ
ਉੱਠੀ ਹੋਈ ਆਵਾਜ਼ ਦੇ
ਸ਼ਬਦਾਂ ਦਾ ਸਿੱਕਾ ਸੀਤ ਹੈ
ਬੋਲਾਂ ਦਾ ਲੋਹਾ ਸਰਦ ਹੈ
ਮੈਂ ਵੇਖਦਾ ਕਿ ਚਮਨ ਵਿਚ
ਆਈ ਹੋਈ ਬਹਾਰ ਦੇ
ਹੋਠਾਂ ‘ਤੇ ਡੂੰਘੀ ਚੁੱਪ ਹੈ
ਅੱਖਾਂ ‘ਚ ਗੂਹੜਾ ਦਰਦ ਹੈ
ਦੋਸਤੋ ਅਜ ਦੋਸਤੀ ਦੇ
ਸੂਰਜੀ ਇਸ ਦਿਵਸ ‘ਤੇ
ਇਹ ਜ਼ਿੰਦਗੀ ਦੀ ਜ਼ਿੰਦਗੀ ਦੇ
ਵਾਰਸਾਂ ਨੂੰ ਅਰਜ਼ ਹੈ
ਕਿ ਜ਼ਿੰਦਗੀ ਇਕ ਖ਼ਾਬ ਨਹੀਂ
ਸਗੋਂ ਜ਼ਿੰਦਗੀ ਇਕ ਫ਼ਰਜ਼ ਹੈ।
ਜ਼ਿੰਦਗੀ ਦੇ ਵਾਰਸੋ
ਇਸ ਫ਼ਰਜ਼ ਨੂੰ ਪੂਰਾ ਕਰੋ
ਤੇ ਦੋਸਤੀ ਦੇ ਰੰਗ ਨੂੰ
ਕੁਝ  ਹੋਰ ਵੀ ਗੂਹੜਾ ਕਰੋ
ਇਹ ਜੋ ਸਾਡੀ ਦੋਸਤੀ ਦਾ
ਸਰਦ ਮੌਸਮ ਆ ਗਿਐ
ਏਸ ਮੌਸਮ ਦੀ ਤਲੀ ‘ਤੇ
ਸੁਲਗਦੇ ਸੂਰਜ ਧਰੋ
ਤੇ ਜ਼ਿੰਦਗੀ ਦੇ ਅਮਲ, ਇਸ਼ਕ
ਸੱਚ, ਸੁਹਜ, ਗਿਆਨ ਦੀ
ਸ਼ੌਕ ਦੇ ਸ੍ਰਿਵਾਲਿਆਂ ‘ਚ
ਬੈਠ ਕੇ ਪੂਜਾ ਕਰੋ
ਤੇ ਜ਼ਿੰਦਗੀ ਦੇ ਕਾਤਲਾਂ ਨੂੰ
ਕੂਕ ਕੇ ਅੱਜ ਇਹ  ਕਹੋ
ਕਿ ਜ਼ਿੰਦਗੀ ਦੇ ਅਰਥ
ਬਹੁ-ਹੁਸੀਨ ਨੇ ਆਉ ਪੜ੍ਹੋ
ਤੇ ਆਉਣ ਵਾਲੇ ਸੂਰਜਾਂ ਦੀ
ਧੁੱਪ ਨਾ ਜ਼ਖਮੀ ਕਰੋ।
ਦੋਸਤੋ ਅੱਜ ਸੁਰਖ ਤੋਂ
ਸੂਹੇ ਦੁਪਹਿਰੇ-ਲਹੂ ਦਾ
ਉਮਰ ਦੇ ਧੁਪਿਆਏ
ਪੱਤਣਾਂ ‘ਤੇ ਜੋ ਮੇਲਾ ਹੋ ਰਿਹੈ
ਦੋਸਤੋ ਗੁਲਨਾਰ, ਗੂੜ੍ਹ
ਤੇ ਹਿਨਾਏ-ਸ਼ੌਕ ਦਾ
ਤੇ ਹੁਸਨ ਦੀ ਮਾਸੂਮੀਅਤ ਦਾ
ਪੁਰਬ ਜੋ ਅੱਜ ਹੋ ਰਿਹੈ
ਦੋਸਤੋ ਸੂਹੀ ਮੁਹੱਬਤ
ਦੇ ਸ਼ਰਾਬੀ ਜ਼ਿਕਰ ਦਾ
ਤੇ ਅੱਜ ਸੁਨਹਿਰੇ ਦਿਲਾਂ ਦਾ
ਜੋ ਸ਼ੋਰ ਉੱਚੀ ਹੋ ਰਿਹੈ
ਮੈਂ ਸ਼ੋਰ ਵਿਚ ਵੀ ਸੁਣ ਰਿਹਾਂ
ਇਕ ਹਰਫ਼ ਬੈਠਾ ਰੋ ਰਿਹੈ
ਇਕ ਦੋਸਤੀ ਦਾ ਹਰਫ਼
ਜਿਹੜਾ ਰੋਜ਼  ਜ਼ਖ਼ਮੀ ਹੋ ਰਿਹੈ।
ਦੋਸਤੋ ਇਸ ਹਰਫ਼ ਨੂੰ
ਹੁਣ ਹੋਰ ਜ਼ਖ਼ਮੀ ਨਾ ਕਰੋ
ਆਉਣ ਵਾਲੇ ਸੂਰਜਾਂ ਦੀ
ਧੁੱਪ ਦੀ ਰਾਖੀ ਕਰੋ
ਇਹ ਜੋ ਸਾਡੀ ਖੁਦਕਸ਼ੀ ਦਾ
ਸਰਦ ਮੌਸਮ ਆ ਰਿਹੈ
ਏਸ ਮੌਸਮ ਤੋਂ ਬਚਣ ਦਾ
ਕੋਈ ਤਾਂ ਹੀਲਾ ਕਰੋ
ਏਸ ਮੌਸਮ ਦੀ ਤਲੀ ‘ਤੇ
ਕੋਈ ਤਾਂ ਸੂਰਜ  ਧਰੋ।
ਦੋਸਤੋ ਅੱਜ ਦੋਸਤੀ ਦੀ
ਅਰਗਵਾਨੀ ਸ਼ਾਮ  ‘ਤੇ
ਜੇ ਦੋਸਤ ਮੇਰੇ ਗੀਤ ਦੇ
ਅੱਜ ਪਾਕ ਹਰਫ਼ ਪੜ੍ਹ ਸਕੇ
ਜੇ ਦੋਸਤ ਅੱਜ ਦੀ ਦੋਸਤੀ
ਦੀ ਮੁਸਕਰਾਂਦੀ ਸ਼ਾਮ  ‘ਤੇ
ਜੇ ਜੰਗ ਦੇ ਤੇ ਅਮਨ ਦੇ
ਅੱਜ ਠੀਕ ਅਰਥ ਕਰ ਸਕੇ
ਤਾਂ ਦੋਸਤਾਂ ਦੀ ਕਸਮ ਹੈ
ਮੈਂ ਦੋਸਤਾਂ ਲਈ  ਮਰਾਂਗਾ
ਮੈਂ ਦੋਸਤੀ ਦੇ ਮੌਸਮਾਂ ਨੂੰ
ਹੋਰ ਗੂਹੜਾ ਕਰਾਂਗਾ
ਮੈਂ ਮਸੀਹਾ ਦੋਸਤੀ ਦਾ
ਰੋਜ਼ ਸੂਲੀ ਚੜ੍ਹਾਂਗਾ।
ਦੋਸਤੋ ਓ ਮਹਿਰਮੋ
ਓ ਸਾਥਿਓ ਓ ਬੇਲੀਓ
ਮੈਂ ਮੁਹੱਬਤ ਦੀ ਕਸਮ ਖਾ ਕੇ
ਇਹ ਵਾਅਦਾ ਕਰ ਰਿਹਾਂ
ਮੈਂ ਦੋਸਤੀ ਦੇ ਨਾਮ ਤੋਂ
ਸਭ ਕੁਝ ਨਿਛਾਵਰ ਕਰ ਰਿਹਾਂ
ਤੇ ਇਨਕਲਾਬ ਆਉਣ ਤਕ
ਮੈਂ ਰੋਜ਼ ਸੂਲੀ ਚੜ੍  ਰਿਹਾਂ।
................................................. - ਸ਼ਿਵ ਕੁਮਾਰ ਬਟਾਲਵੀ

Sunday, 26 May 2013

ਸਫ਼ਰ - ਸ਼ਿਵ ਕੁਮਾਰ ਬਟਾਲਵੀ

ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ
ਇਸ਼ਕ ਨੇ ਜੋ ਕੀਤੀਆਂ ਬਰਬਾਦੀਆਂ
ਮੈਂ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ
ਮੈਂ ਤੇਰੀ ਮਹਿਫਲ ਦਾ ਬੁਝਿਆ ਇਕ ਚਿਰਾਗ
ਮੈਂ ਤੇਰੇ ਹੋਠਾਂ ‘ਚੋਂ ਕਿਰਿਆ ਜ਼ਿਕਰ ਹਾਂ
ਇਕ ‘ਕੱਲੀ ਮੌਤ ਹੈ ਜਿਸ ਦਾ ਇਲਾਜ
ਚਾਰ ਦਿਨ ਦੀ ਜ਼ਿੰਦਗੀ ਦਾ ਫ਼ਿਕਰ ਹਾਂ
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈਂ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ
ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆ ‘ਚ ਕੈਸਾ ਬਸ਼ਰ ਹਾਂ
ਕੱਲ੍ਹ ਕਿਸੇ ਸੁਣਿਆ ਹੈ ‘ਸ਼ਿਵ’ ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ
.................................................................  - ਸ਼ਿਵ ਕੁਮਾਰ ਬਟਾਲਵੀ

Thursday, 21 March 2013

ਇਹ ਮੇਰਾ ਗੀਤ - ਸ਼ਿਵ ਕੁਮਾਰ ਬਟਾਲਵੀ

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ!
ਇਹ ਮੇਰਾ ਗੀਤ ਧਰਮ ਤੋਂ ਮੈਲਾ
ਸੂਰਜ ਜੇਡ ਪੁਰਾਣਾ
ਕੋਟ ਜਨਮ ਤੋਂ ਪਿਆ ਅਸਾਨੂੰ
ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਚਾਹ ਨਾ ਕਾਈ
ਇਸ ਨੂੰ ਹੋਠੀਂ ਲਾਣਾ!
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਝਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ
ਨੂਰ-ਪਾਕ ਦੇ ਵੇਲੇ ਰੱਖ ਵਿਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ‘ਚੋਂ
ਪੌਣਾਂ ਦਾ ਲੰਘ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆਂ ਸਾਨੂੰ
ਕਬਰੀਂ ਲੱਭਣ ਆਉਣਾ
ਸਭਨਾਂ ਸਈਆਂ ਇਕ ਆਵਾਜ਼ੇ
ਮੁੱਖੋਂ ਬੋਲਲ ਅਲਾਣਾ!
“ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ
............................................- ਸ਼ਿਵ ਕੁਮਾਰ ਬਟਾਲਵੀ

Tuesday, 19 March 2013

ਸਾਨੂੰ ਟੋਰ ਅੰਬੜੀਏ ਟੋਰ - ਸ਼ਿਵ ਕੁਮਾਰ ਬਟਾਲਵੀ

ਸਾਨੂੰ ਟੋਰ ਅੰਬੜੀਏ ਟੋਰ
ਅੰਬੜੀਏ ਟੋਰ ਨੀ
ਪਰ੍ਹਾਂ ਇਹ ਫੂਕ ,
ਚਰਖੜੇ ਤਾਈਂ
ਸਾਥੋਂ ਕੱਤ ਨਾ ਹੋਵੇ ਹੋਰ ਨੀ
ਅੰਬੜੀਏ ਟੋਰ ਨੀ !

ਅੰਬੜੀਏ ਸਾਡੇ ਬਾਹੀਂ ਖੱਲੀਆਂ
ਗੋਰੇ ਹੱਥੀਂ ਰੱਟਨਾਂ
ਇਸ ਰੁੱਤੇ ਸਾਨੂੰ ਭਲਾ ਨਾ ਸੋਹਵੇ
ਪਾ ਤੰਦਾਂ ਦੋ ਥਕਣਾ
ਜਿਸ ਲਈ ਕੱਤਣਾ ,
ਉਹ ਨਾ ਆਪਣਾ
ਤਾਂ ਅਸਾਂ ਕਿਸ ਲਈ
ਕੱਤਣਾ ਹੋਰ ਨੀ !
ਅੰਬੜੀਏ ਟੋਰ ਨੀ !

ਅੰਬੜੀਏ ਲੈ ਕੱਚੀਆਂ ਤੰਦਾਂ
ਸਾਹ ਦੀਆਂ ,ਮਾਹਲ ਵਟੀਵਾਂ
ਰੂਪ ਸਰਾਂ ਦੇ ਪਾਣੀ ਭੇਵਾਂ
ਸੌ ਸੌ ਸ਼ਗਨ ਮਨੀਵਾਂ
ਨਿੱਤ ਬੰਨ੍ਹਾਂ ਗੀਤਾਂ ਦੀਆਂ ਕੌਡਾਂ
ਸ਼ੀਸ਼ੇ ਹੰਝ ਮੜ੍ਹੀਵਾਂ
ਜਿਉਂ ਜਿਉਂ ਮੁੱਖ ਵਖੀਵਾਂ ਸ਼ੀਸ਼ੇ
ਪਾਵੇ ਬਿਰਹਾ ਸ਼ੋਰ ਨੀ !
ਅੰਬੜੀਏ ਟੋਰ ਨੀ !

ਅੰਬੜੀਏ ਇਸ ਚਰਖੇ ਸਾਥੋਂ
ਸੁਪਨੇ ਕੱਤ ਨਾ ਹੋਏ
ਇਸ ਚਰਖੇ ਥੀਂ ,
ਸੈ ਘੁਣ ਲਗੇ ,
ਚਰਮਖ ਖੱਦੇ ਹੋਏ
ਟੁੱਟ ਗਿਆ ਤੱਕਲਾ ,
ਭਰ ਗਿਆ ਬੀੜਾ
ਬਰੜਾਂਦੀ ਘਨਘੋਰ ਨੀ
ਅੰਬੜੀਏ ਟੋਰ ਨੀ !
ਪਰ੍ਹਾਂ ਇਹ ਫ਼ੂਕ
ਚਰਖੜੇ ਤਾਈਂ
ਸਾਥੋਂ ਕੱਤ ਨਾ ਹੋਵੇ ਹੋਰ ਨੀ
ਅੰਬੜੀਏ ਟੋਰ ਨੀ !
........................................................ਸ਼ਿਵ ਕੁਮਾਰ ਬਟਾਲਵੀ

Sunday, 3 February 2013

ਬਿਰਹੜਾ - ਸ਼ਿਵ ਕੁਮਾਰ ਬਟਾਲਵੀ

ਲੋਕੀਂ ਪੂਜਣ ਰੱਬ
ਮੈਂ ਤੇਰਾ ਬਿਰਹੜਾ
ਸਾਨੂੰ ਸੌ ਮੱਕਿਆਂ ਦਾ ਹੱਜ
ਵੇ ਤੇਰਾ ਬਿਰਹੜਾ !

ਲੋਕ ਕਹਿਣ ਮੈਂ ਸੂਰਜ ਬਣਿਆ
ਲੋਕ ਕਹਿਣ ਮੈਂ ਰੋਸ਼ਨ ਹੋਇਆ
ਸਾਨੂੰ ਕੇਹੀ ਲਾ ਗਿਆ ਅੱਗ
ਵੇ ਤੇਰਾ ਬਿਰਹੜਾ !

ਪਿੱਛੇ ਮੇਰੇ ਮੇਰਾ ਸਾਇਆ
ਅੱਗੇ ਮੇਰੇ ਮੇਰਾ ਨ੍ਹੇਰਾ
ਕਿਤੇ ਜਾਏ ਨਾ ਬਾਹੀਂ ਛੱਡ
ਵੇ ਤੇਰਾ ਬਿਰਹੜਾ !

ਨਾ ਇਸ ਵਿਚ ਕਿਸੇ ਤਨ ਦੀ ਮਿੱਟੀ
ਨਾ ਇਸ ਵਿਚ ਕਿਸੇ ਮਨ ਦਾ ਕੂੜਾ
ਅਸਾਂ ਚਾੜ੍ਹ ਛਟਾਇਆ ਛੱਜ
ਵੇ ਤੇਰਾ ਬਿਰਹੜਾ !
ਜਦ ਵੀ ਗ਼ਮ ਦੀਆਂ ਘੜੀਆਂ ਆਈਆਂ
ਲੈ ਕੇ ਪੀੜਾਂ ਤੇ ਤਨਹਾਈਆਂ
ਅਸਾਂ ਕੋਲ ਬਿਠਾਇਆ ਸੱਦ
ਵੇ ਤੇਰਾ ਬਿਰਹੜਾ !

ਕਦੀ ਤਾਂ ਸਾਥੋਂ ਸ਼ਬਦ ਰੰਗਾਵੇ
ਕਦੀ ਤਾਂ ਸਾਥੋਂ ਗੀਤ ਉਣਾਵੇ
ਸਾਨੂੰ ਲੱਖ ਸਿਖਾ ਗਿਆ ਚੱਜ
ਵੇ ਤੇਰਾ ਬਿਰਹੜਾ !

ਜਦ ਪੀੜਾਂ ਮੇਰੇ ਪੈਰੀਂ ਪਈਆਂ
ਸਿਦਕ ਮੇਰੇ ਦੇ ਸਦਕੇ ਗਈਆਂ
ਤਾਂ ਵੇਖਣ ਆਇਆ ਜੱਗ
ਵੇ ਤੇਰਾ ਬਿਰਹੜਾ !

ਅਸਾਂ ਜਾਂ ਇਸ਼ਕੋਂ ਰੁਤਬਾ ਪਾਇਆ
ਲੋਕ ਵਧਾਈਆਂ ਦੇਵਣ ਆਇਆ
ਸਾਡੇ ਰੋਇਆ ਗਲ ਨੂੰ ਲੱਗ
ਵੇ ਤੇਰਾ ਬਿਰਹੜਾ !

ਮੈਨੂੰ ਤਾਂ ਕੁਝ ਅਕਲ ਨਾ ਕਾਈ
ਦੁਨੀਆਂ ਮੈਨੂੰ ਦੱਸਣ ਆਈ
ਸਾਨੂੰ ਤਖ਼ਤ ਬਿਠਾ ਗਿਆ ਅੱਜ
ਵੇ ਤੇਰਾ ਬਿਰਹੜਾ !

ਸਾਨੂੰ ਸੌ ਮੱਕਿਆਂ ਦਾ ਹੱਜ
ਵੇ ਤੇਰਾ ਬਿਰਹੜਾ!

Friday, 18 January 2013

ਆਰਤੀ - ਸ਼ਿਵ ਕੁਮਾਰ ਬਟਾਲਵੀ

ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
ਮੰਗਣ ਗੀਤ ਅੱਜ ਜਾਵਾਂ
ਜੋ ਤੈਨੂੰ ਕਰਨ ਲਈ ਭੇਟਾ
ਮੈਂ ਤੇਰੇ ਦੁਆਰੇ 'ਤੇ ਆਵਾਂ

ਮੇਰਾ ਕੋਈ ਗੀਤ ਨਹੀਂ ਐਸਾ
ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੋਹਲ ਛਿੰਦੇ ਬੋਲ
ਨੀਂਹਾਂ ਵਿਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ
ਯਾਰੜੇ ਦੇ ਸੱਥਰੀਂ ਗਾਵੇ

ਚਿੜੀ ਦੇ ਖੰਭ ਦੀ ਲਲਕਾਰ
ਸੌ ਬਾਜਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ
ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ
ਮੈ ਕਿਹੜੇ ਬੋਲ ਦੀ ਭੇਟਾ
ਲੈ ਤੇਰੇ ਦੁਆਰ 'ਤੇ ਆਵਾਂ
ਮੇਰੇ ਗੀਤਾਂ ਦੀ ਮਹਿਫ਼ਲ 'ਚੋਂ
ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ 'ਤੇ
ਤੇਰੇ ਸਾਹਵੇਂ ਖੜਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ
ਆਪਣੇ ਖੂਨ ਵਿਚ ਧੋਵੇ
ਕਿ ਜਿਸਦੀ ਮੌਤ ਪਿੱਛੋਂ
ਓਸ ਨੂੰ ਕੋਈ ਸ਼ਬਦ ਨਾ ਰੋਵੇ
ਕਿ ਜਿਸ ਨੂੰ ਪੀੜ ਤਾਂ ਕੀਹ
ਪੀੜ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ
ਕਿਥੋਂ ਲੈ ਕੇ ਮੈਂ ਆਵਾਂ
ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ
ਦੂਰ ਕਿੰਜ ਜਾਵਾਂ ।

ਮੈਂ ਤੇਰੀ ਉਸਤਤੀ ਦਾ ਗੀਤ
ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ
ਤੇ ਨੈਣਾਂ 'ਚ ਰੋਹ ਹੋਵੇ
ਜਿਦ੍ਹੇ ਵਿਚ ਵਤਨ ਦੀ ਮਿੱਟੀ ਲਈ
ਅੰਤਾਂ ਦਾ ਮੋਹ ਹੋਵੇ
ਜਿਦ੍ਹੇ ਵਿਚ ਲਹੂ ਤੇਰੇ ਦੀ
ਰਲੀ ਲਾਲੀ ਤੇ ਲੋਅ ਹੋਵੇ
ਮੈਂ ਆਪਣੇ ਲਹੂ ਦਾ
ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ ।

ਮੈਂ ਚਾਹੁੰਦਾ ਏਸ ਤੋਂ ਪਹਿਲਾਂ
ਕਿ ਤੇਰੀ ਆਰਤੀ ਗਾਵਾਂ
ਮੈਂ ਮੈਲੇ ਸ਼ਬਦ ਧੋ ਕੇ
ਜੀਭ ਦੀ ਕਿੱਲੀ 'ਤੇ ਪਾ ਆਵਾਂ
ਤੇ ਮੈਲੇ ਸ਼ਬਦ ਸੁੱਕਣ ਤੀਕ
ਤੇਰੀ ਹਰ ਪੈੜ ਚੁੰਮ ਆਵਾਂ
ਤੇਰੀ ਹਰ ਪੈੜ 'ਤੇ
ਹੰਝੂ ਦਾ ਇਕ ਸੂਰਜ ਜਗਾ ਆਵਾਂ
ਮੈਂ ਲੋਹਾ ਪੀਣ ਦੀ ਆਦਤ
ਜ਼ਰਾ ਗੀਤਾਂ ਨੂੰ ਪਾ ਆਵਾਂ
ਮੈਂ ਸ਼ਾਇਦ ਫੇਰ ਕੁਝ
ਭੇਟਾ ਕਰਨ ਯੋਗ ਹੋ ਜਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
ਮੰਗਣ ਗੀਤ ਅੱਜ ਜਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ ।

Monday, 7 January 2013

ਚੀਰੇ ਵਾਲਿਆ (ਗੀਤ) - ਸ਼ਿਵ ਕੁਮਾਰ ਬਟਾਲਵੀ

ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ
ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ

ਅਸੀਂ ਜੰਗਲੀ ਹਿਰਨ ਦੀਆਂ ਅੱਖੀਆਂ
ਬੇਲਿਆਂ 'ਚ ਬਲ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਬੇਲਿਆਂ 'ਚ ਬਲ ਵੇ ਰਹੀਆਂ ਚੀਰੇ ਵਾਲਿਆ

ਅਸੀਂ ਪੱਤਣਾਂ 'ਤੇ ਪਈਆਂ ਬੇੜੀਆਂ
ਪਈਆਂ ਪਈਆਂ ਡੁੱਬ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਡੁੱਬ ਵੇ ਰਹੀਆਂ ਚੀਰੇ ਵਾਲਿਆ

ਅਸੀਂ ਖੰਡ ਮਿਸ਼ਰੀ ਦੀਆਂ ਡਲੀਆਂ
ਪਈਆਂ ਪਈਆਂ ਖੁਰ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਖੁਰ ਵੇ ਰਹੀਆਂ ਚੀਰੇ ਵਾਲਿਆ

ਅਸੀਂ ਕਾਲੇ ਚੰਦਨ ਦੀਆਂ ਗੇਲੀਆਂ
ਪਈਆਂ ਪਈਆਂ ਧੁਖ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਧੁਖ ਵੇ ਰਹੀਆਂ ਚੀਰੇ ਵਾਲਿਆ

ਅਸੀਂ ਕੱਚਿਆਂ ਘਰਾਂ ਦੀਆਂ ਕੰਧੀਆਂ
ਪਈਆਂ ਪਈਆਂ ਭੁਰ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਭੁਰ ਵੇ ਰਹੀਆਂ ਚੀਰੇ ਵਾਲਿਆ

...................................................................... - ਸ਼ਿਵ ਕੁਮਾਰ ਬਟਾਲਵੀ

Saturday, 15 December 2012

ਯਾਰਿੜਆ ! - ਸ਼ਿਵ ਕੁਮਾਰ ਬਟਾਲਵੀ



ਯਾਰਿੜਆ ! ਰੱਬ ਕਰਕੇ ਮੈਨੂੰ,
ਪੈਣ ਬਿਰ੍ਹੋਂ ਦੇ ਕੀੜੇ ਵੇ!
ਨੈਣਾਂ ਦੇ ਦੋ ਸੰਦਲੀ ਬੂਹੇ,
ਜਾਣ ਸਦਾ ਲਈ ਭੀੜੇ ਵੇ!
ਯਾਦਾਂ ਦਾ ਇਕ ਛੰਬ ਮਟੀਲਾ,
ਸਦਾ ਲਈ ਸੁੱਕ ਜਾਏ ਵੇ!
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ,
ਆ ਕੋਈ ਢੋਰ ਲਤੀੜੇ ਵੇ!
ਬੰਨ੍ਹ ਤਤੀਰੀ ਚੋਵਣ ਦੀਦੇ,
ਜਦ ਤੇਰਾ ਚੇਤਾ ਆਵੇ ਵੇ!
ਐਸਾ ਸਰਦ ਭਰਾਂ ਇਕ ਹਉਕਾ,
ਟੁੱਟ ਜਾਵਣ ਮੇਰੇ ਬੀੜੇ ਵੇ!
ਇਉਂ ਕਰਕੇ ਮੈਂ ਘਿਰ ਜਾਂ ਅੜਿਆ,
ਵਿਚ ਕਸੀਸਾਂ ਚੀਸਾਂ ਵੇ!
ਜਿਉਂ ਗਿਰਝਾਂ ਦਾ ਟੋਲਾ ਕੋਈ,
ਮੋਇਆ ਕਰੰਗ ਧਰੀੜੇ ਵੇ!
ਲਾਲ ਬਿੰਬ ਹੋਠਾਂ ਦੀ ਜੋੜੀ,
ਘੋਲ ਵਸਾਰਾਂ ਪੀਵੇ ਵੇ!
ਬੱਬਰੀਆਂ ਬਣ ਰੁਲਣ ਕੁਰਾਹੀਂ,
ਮਨ-ਮੰਦਰ ਦੇ ਦੀਵੇ ਵੇ!
ਆਸਾਂ ਦੀ ਪਿਪਲੀ ਰੱਬ ਕਰਕੇ
ਤੋੜ ਜੜ੍ਹੋਂ ਸੁੱਕ ਜਾਏ ਵੇ!
ਡਾਰ ਸ਼ੌਂਕ ਦੇ ਟੋਟਰੂਆਂ ਦੀ,
ਗੋਲ੍ਹਾਂ ਬਾਝ ਮਰੀਵੇ ਵੇ!
ਮੇਰੇ ਦਿਲ ਦੀ ਹਰ ਇਕ ਹਸਰਤ,
ਬਨਵਾਸੀ ਟੁਰ ਜਾਵੇ ਵੇ!
ਨਿੱਤ ਕੋਈ ਨਾਗ ਗਮਾਂ ਦਾ-
ਮੇਰੀ ਹਿੱਕ ਤੇ ਕੁੰਜ ਲਹੀਵੇ ਵੇ!
ਬੱਝੇ ਚੌਲ ਉਮਰ ਦੀ ਗੰਢੀ,
ਸਾਹਵਾਂ ਦੇ ਡੁੱਲ੍ਹ ਜਾਵਣ ਵੇ,
ਚਾੜ੍ਹ ਗਮਾਂ ਦੇ ਛੱਜੀਂ ਕਿਸਮਤ,
ਰੋ ਰੋ ਰੋਜ਼ ਛਟੀਵੇ ਵੇ!
ਐਸੀ ਪੀੜ ਰਚੇ ਮੇਰੇ ਹੱਡੀਂ,
ਹੋ ਜਾਂ ਝੱਲ-ਵਲੱਲੀ ਵੇ!
ਤਾਂ ਕੱਕਰਾਂ ਚ ਭਾਲਣ ਦੀ,
ਮੈਨੂੰ ਪੈ ਜਾਏ ਚਾਟ ਅਵੱਲੀ ਵੇ!
ਭਾਸ਼ਣ ਰਾਤ ਦੀ ਹਿੱਕ ਤੇ ਤਾਰੇ,
ਸਿੰਮਦੇ ਸਿੰਮਦੇ ਛਾਲੇ ਵੇ!
ਦਿੱਸੇ ਬਦਲੀ ਦੀ ਟੁਕੜੀ-
ਜਿਉਂ ਜ਼ਖਮੋਂ ਪੀਕ ਉਥੱਲੀ ਵੇ!
ਸੱਜਣਾਂ ਤੇਰੀ ਭਾਲ ਚ ਅੜਿਆ,
ਇਉਂ ਕਰ ਉਮਰ ਵੰਞਾਵਾਂ ਵੇ!
ਜਿਉਂ ਕੋਈ ਵਿਚ ਪਹਾੜਾਂ ਕਿਧਰੇ,
ਵੱਗੇ ਕੂਲ੍ਹ ਇਕੱਲੀ ਵੇ!
ਮੰਗਾਂ ਗਲ ਪਾ ਕੇ ਬਗਲੀ,
ਦਰ ਦਰ ਮੌਤ ਦੀ ਭਿੱਖਿਆ ਵੇ!
ਅੱਡੀਆਂ ਰਗੜ ਮਰਾਂ ਪਰ ਮੈਨੂੰ,
ਮਿਲੇ ਨਾ ਮੌਤ ਸਵੱਲੀ ਵੇ!

…………………………………. - ਸ਼ਿਵ ਕੁਮਾਰ ਬਟਾਲਵੀ

Tuesday, 18 September 2012

ਅਸਾਂ ਤਾਂ ਜੋਬਨ ਰੁੱਤੇ ਮਰਨਾ ...-ਸ਼ਿਵ ਕੁਮਾਰ ਬਟਾਲਵੀ

ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਸਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ

ਭਲਾ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆਂ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ

ਸੱਜਣ ਜੀ,
ਪਏ ਸਭ ਜਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ,
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ

....................................................-ਸ਼ਿਵ ਬਟਾਲਵੀ

Monday, 6 August 2012

ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ’ ਸ਼ਰੀਂਹ ਦੇ ਫੁੱਲ ’ ਵਿਚੋਂ ਕੁਝ ਅੰਸ਼

ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤੇਹ
ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ

ਕੀ ਕਰਾਂ? ਕਿਥੋਂ ਬੁਝਾਵਾਂ ਮੈਂ ਪਿਆਸ,
ਹੋ ਗਏ ਬੰਜਰ ਜਹੇ ਦੋ ਨੈਣ ਇਹ

ਥਲ ਹੋਏ ਦਿਲਾਂ ਚੋਂ ਗ਼ਮਾਂ ਦੇ ਕਾਫ਼ਲੇ
ਰੋਜ਼ ਲੰਘਦੇ ਨੇ ਉਡਾ ਜਾਂਦੇ ਨੇ ਖੇਹ

ਦੁਆਰ ਦਿਲ ਦੇ ਖਾ ਗਈ ਹਠ ਦੀ ਸਿਉਂਕ
ਖਾ ਗਈ ਚੰਦਨ ਦੀ ਦੇਹ ਬਿਰਹੋਂ ਦੀ ਲੇਹ

ਰਤਨ ਖੁਸ਼ੀਆਂ ਦੇ ਮਣਾਂ ਮੂੰਹ ਪੀ ਲਏ
ਇਕ ਪਰਾਗਾ ਰੇੜ ਪਰ ਨਾ ਹੋਏ ਪੀਹ

ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ
ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ

ਚਿਰ ਹੋਇਆ ਮੇਰੇ ਮੁਹਾਣੇ ਡੁੱਬ ਗਏ
ਹੁਣ ਸਹਾਰੇ ਖਿਜ਼ਰ ਦੇ ਦੀ ਲੋੜ ਕੀਹ?

ਜਾਣਦੇ ਬੁੱਝਦੇ ਯੇਰੂ ਦੇ ਰਹਿਨੁਮਾ
ਚਾੜ੍ਹੇ ਨੇ ਬੇਗੁਨਾਹ ਸੂਲੀ ਮਸੀਹ - ਸ਼ਿਵ ਕੁਮਾਰ ਬਟਾਲਵੀ

Monday, 25 June 2012

ਯਾਦ - ਸ਼ਿਵ ਕੁਮਾਰ ਬਟਾਲਵੀ

ਇਹ ਕਿਸ ਦੀ ਅੱਜ ਯਾਦ ਹੈ ਆਈ !
ਚੰਨ ਦਾ ਲੋਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ !
ਪੁਤਰ ਪਲੇਠੀ ਦਾ ਮੇਰਾ ਬਿਰਹਾ,
ਫਿਰੇ ਚਾਨਣੀ ਕੁੱਛੜ ਚਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਉੱਡਦੇ ਬੱਦਲਾਂ ਦਾ ਇਕ ਖੰਡਰ,
ਵਿਚ ਚੰਨੇ ਦੀ ਮੱਕੜੀ ਬੈਠੀ,
ਬਿੱਟ ਬਿੱਟ ਵੇਖੇ ਭੁੱਖੀ - ਭਾਣੀ
ਤਾਰਿਆਂ ਵੱਲੇ ਨੀਝ ਲਗਾਈ !
ਰਿਸ਼ਮਾਂ ਦਾ ਇੱਕ ਜਾਲ ਵਿਛਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਉਫ਼ਕ ਜਿਵੇਂ ਸੋਨੇ ਦੀ ਮੁੰਦਰੀ
ਚੰਨ ਜਿਵੇਂ ਵਿਚ ਸੁਚਾ ਥੇਵਾ,
ਧਰਤੀ ਨੂੰ ਅੱਜ ਗਗਨਾਂ ਭੇਜੀ
ਪਰ ਧਰਤੀ ਨੂੰ ਮੇਚ ਨਾ ਆਈ !
ਵਿਰਥਾ ਸਾਰੀ ਗਈ ਘੜਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਰਾਤ ਜਿਵੇਂ ਕੋਈ ਕੁੜੀ ਝਿਉਰੀ
ਪਾ ਬੱਦਲਾਂ ਦਾ ਪਤਾ ਝੱਗਾ,
ਚੁੱਕੀ ਚੰਨ ਦੀ ਚਿੱਬੀ ਗਾਗਰ
ਧਰਤੀ ਦੇ ਖੂਹੇ ਤੇ ਆਈ !
ਤੁਰੇ ਵਚਾਰੀ ਊਂਧੀ ਪਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਅੰਬਰ ਦੇ ਅੱਜ ਕੱਲਰੀ ਥੇਹ ਤੇ
ਤਾਰੇ ਜੀਕਣ ਰੁਲਦੇ ਠੀਕਰ,
ਚੰਨ ਕਿਸੇ ਫੱਕਰ ਦੀ ਦੇਹਲੀ,
ਵਿਚ ਰਿਸ਼ਮਾਂ ਦਾ ਮੇਲਾ ਲੱਗਾ,
ਪੀੜ੍ਹ ਮੇਰੀ ਅੱਜ ਵੇਖਣ ਆਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

ਇਹ ਕਿਸ ਦੀ ਅੱਜ ਯਾਦ ਹੈ ਆਈ !
ਚੰਨ ਦਾ ਲੋਂਗ ਬੁਰਜੀਆਂ ਵਾਲਾ,
ਪਾ ਕੇ ਨੱਕ ਵਿਚ ਰਾਤ ਹੈ ਆਈ !
ਪੁਤਰ ਪਲੇਠੀ ਦਾ ਮੇਰਾ ਬਿਰਹਾ,
ਫਿਰੇ ਚਾਨਣੀ ਕੁੱਛੜ ਚਾਈ !
ਇਹ ਕਿਸ ਦੀ ਅੱਜ ਯਾਦ ਹੈ ਆਈ !

....................................ਸ਼ਿਵ ਬਟਾਲਵੀ

Monday, 7 May 2012

ਥੱਬਾ ਕੁ ਜ਼ੁਲਫਾਂ ਵਾਲਿਆ - ਸ਼ਿਵ ਕੁਮਾਰ ਬਟਾਲਵੀ

ਥੱਬਾ ਕੁ ਜ਼ੁਲਫਾਂ ਵਾਲਿਆ
ਮੇਰੇ ਸੋਹਣਿਆਂ ਮੇਰੇ ਲਾੜਿਆ
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾਲਿਆ
ਥੱਬਾ ਕੁ ਜ਼ੁਲਫਾਂ ਵਾਲਿਆ
ਥੱਬਾ ਕੁ ਜ਼ੁਲਫਾਂ ਵਾਲਿਆ

ਔਹ ਮਾਰ ਲਹਿੰਦੇ ਵੱਲ ਨਿਗਾਹ
ਅਜ ਹੋ ਗਿਆ ਸੂਰਜ ਜ਼ਬਾ
ਏਕਮ ਦਾ ਚੰਨ ਫਿੱਕਾ ਜਿਹਾ
ਅਜ ਬਦਲੀਆਂ ਨੇ ਖਾ ਲਿਆ
ਅਸਾਂ ਦੀਦਿਆਂ ਦੇ ਵਿਹਰੜੇ
ਹੰਝੂਆਂ ਦਾ ਪੋਚਾ ਪਾ ਲਿਆ
ਤੇਰੇ ਸ਼ਹਿਰ ਜਾਂਦੀ ਸੜਕ ਦਾ
ਇਕ ਰੋੜ ਚੁਗ ਕੇ ਖਾ ਲਿਆ
ਥੱਬਾ ਕੁ ਜ਼ੁਲਫਾਂ ਵਾਲਿਆ

ਆਈਆਂ ਵੇ ਸਿਰ ਤੇ ਵਹਿੰਗੀਆਂ
ਰਾਤਾਂ ਅਜੇ ਨੇ ਰਹਿੰਦੀਆਂ
ਕਿਰਨਾਂ ਅਜੇ ਨੇ ਮਹਿੰਗੀਆਂ
ਅਸਾਂ ਦਿਲ ਦੇ ਉੱਜੜੇ ਖੇਤ ਵਿਚ
ਮੂਸਲ ਗਮਾਂ ਦਾ ਲਾ ਲਿਆ
ਮਿੱਠਾ ਵੇ ਤੇਰਾ ਬਿਰਹੜਾ-
ਗੀਤਾਂ ਨੇ ਕੁਛੜ ਚਾ ਲਿਆ
ਥੱਬਾ ਕੁ ਜ਼ੁਲਫਾਂ ਵਾਲਿਆ
ਥੱਬਾ ਕੁ ਜ਼ੁਲਫਾਂ ਵਾਲਿਆ

ਸੱਜਣਾ ਵੇ ਦਿਲ ਦਿਆ ਕਾਲਿਆ
ਅਸਾਂ ਰੋਗ ਦਿਲ ਨੂੰ ਲਾ ਲਿਆ
ਤੇਰਾ ਜ਼ਹਿਰ-ਮੌਹਰੇ ਰੰਗ ਦਾ-
ਬਾਂਹ ਤੇ ਹੈ ਨਾਂ ਖੁਦਵਾ ਲਿਆ
ਉਸ ਬਾਂਹ ਦੁਆਲੇ ਮੋਤੀਏ ਦਾ
ਹਾਰ ਹੈ ਅਜ ਪਾ ਲਿਆ
ਕਬਰਾਂ ਨੂੰ ਟੱਕਰਾਂ ਮਾਰ ਕੇ-
ਮੱਥੇ ਤੇ ਰੋੜਾ ਪਾ ਲਿਆ
ਅਸਾਂ ਹਿਜ਼ਰ ਦੀ ਸੰਗਰਾਂਦ ਨੂੰ-
ਅੱਥਰੂ ਕੋਈ ਲੂਣਾ ਖਾ ਲਿਆ
ਕੋਈ ਗੀਤ ਤੇਰਾ ਗਾ ਲਿਆ
ਥੱਬਾ ਕੁ ਜ਼ੁਲਫਾਂ ਵਾਲਿਆ

ਮੇਰੇ ਹਾਣੀਆਂ ਮੇਰੇ ਪਿਆਰਿਆ
ਪੀੜਾਂ ਦੀ ਪੱਥਕਣ ਜੋੜਕੇ
ਗਿਰਾਂ ਅਸਾਂ ਬਣਵਾ ਲਿਆ
ਹੱਡਾਂ ਦਾ ਬਾਲਣ ਬਾਲ ਕੇ
ਉਮਰਾਂ ਦਾ ਆਵਾ ਤਾਅ ਲਿਆ
ਕੱਚਾ ਪਿਆਲਾ ਇਸ਼ਕ ਦਾ-
ਅੱਜ ਸ਼ਿੰਗਰਫੀ ਰੰਗਵਾ ਲਿਆ
ਵਿਚ ਜ਼ਹਿਰ ਚੁੱਪ ਦਾ ਪਾ ਲਿਆ
ਜਿੰਦੂ ਨੇ ਬੁਲੀਂ ਲਾ ਲਿਆ
ਥੱਬਾ ਕੁ ਜ਼ੁਲਫਾਂ ਵਾਲਿਆ
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ
ਥੱਬਾ ਕੁ ਜ਼ੁਲਫਾਂ ਵਾਲਿਆ

............................ਸ਼ਿਵ ਕੁਮਾਰ ਬਟਾਲਵੀ

Wednesday, 23 November 2011

ਮੈਨੂੰ ਵਿਦਾ ਕਰੋ - ਸ਼ਿਵ ਕੁਮਾਰ ਬਟਾਲਵੀ

ਮੈਨੂੰ ਵਿਦਾ ਕਰੋ ਮੇਰੇ ਰਾਮ
ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਵਾਰੋ ਪੀੜ ਮੇਰੀ ਦੇ ਸਿਰ ਤੋਂ
ਨੈਣ-ਸਰਾਂ ਦਾ ਪਾਣੀ
ਇਸ ਪਾਣੀ ਨੂੰ ਜਗ ਵਿਚ ਵੰਡੋ
ਹਰ ਇਕ ਆਸ਼ਕ ਤਾਣੀ
ਪ੍ਰਭ ਜੀ ਜੇ ਕੋਈ ਬੂੰਦ ਬਚੇ
ਉਹਦਾ ਆਪੇ ਘੁੱਟ ਭਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਪ੍ਰਭ ਜੀ ਏਸ ਵਿਦਾ ਦੇ ਵੇਲੇ
ਸੱਚੀ ਗੱਲ ਅਲਾਈਏ
ਦਾਨ ਕਰਾਈਏ ਜਾਂ ਕਰ ਮੋਤੀ
ਤਾਂ ਕਰ ਬਿਰਹਾ ਪਾਈਏ
ਪ੍ਰਭ ਜੀ ਹੁਣ ਤਾਂ ਬਿਰ੍ਹੋਂ-ਵਿਹੂਣੀ
ਮਿੱਟੀ ਮੁਕਤ ਕਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਦੁੱਧ ਦੀ ਰੁੱਤੇ ਅੰਮੜੀ ਮੋਈ
ਬਾਬਲ ਬਾਲ-ਵਰੇਸੇ
ਜੋਬਨ-ਰੁੱਤੇ ਸੱਜਣ ਮਰਿਆ
ਮੋਏ ਗੀਤ ਪਲੇਠੇ
ਹੁਣ ਤਾਂ ਪ੍ਰਭ ਜੀ ਹਾੜਾ ਜੇ
ਸਾਡੀ ਬਾਂਹ ਘੁੱਟ ਫੜੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

........................................... ਸ਼ਿਵ ਕੁਮਾਰ ਬਟਾਲਵੀ

Thursday, 17 November 2011

ਪੁਰਾਣੀ ਅੱਖ - ਸ਼ਿਵ ਕੁਮਾਰ ਬਟਾਲਵੀ

ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਢ ਕੇ
ਸੁੱਟ ਦਿਉ ਕਿੱਧਰੇ
ਇਹ ਅੰਨੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀ ਦਿਸਦਾ
ਤੁਹਾਨੂੰ ਕਿੰਝ ਵੇਖਾਂਗਾ
ਬਦਲਦੇ ਮੌਸਮ ਦੀ ਅੱਗ ਸਾਵੀ
ਕਿੰਝ ਸੇਕਾਂਗਾ?

ਇਹ ਅੱਖ ਕੈਸੀ ਹੇ ਜਿਸ ਵਿਚ
ਪੁੱਠੇ ਚਮਗਿੱਦੜਾਂ ਦਾ ਵਾਸਾ ਹੈ
ਤੇ ਪੁਸ਼ਤੋ-ਪੁਸ਼ਤ ਤੋ ਜੰਮੀ ਹੋਈ
ਬੁੱਢੀ ਨਿਰਾਸ਼ਾ ਹੈ
ਨਾ ਇਸ ਵਿਚ ਦਰਦ ਹੈ ਰਾਈ
ਤੇ ਨਾ ਚਾਨਣ ਹੀ ਮਾਸਾ ਹੈ !

ਇਹ ਅੱਖ ਮੇਰੇ ਆਦਿ ਪਿਤਰਾਂ ਨੂੰ
ਸਮੁੰਦਰ 'ਚੋਂ ਜਦੋਂ ਲੱਭੀ
ਉਹਨਾਂ ਸੂਰਾਂ ਦੇ ਵਾੜੇ ਵਿਚ
ਤ੍ਰਕੀ ਬੋਅ 'ਚ ਆ ਦੱਬੀ
ਤੇ ਮੇਰੇ ਜਨਮ ਛਿਣ ਵੇਲੇ
ਮੇਰੇ ਮੱਥੇ 'ਚ ਆ ਗੱਡੀ
ਤੇ ਫਿਰ ਸੂਰਾਂ ਦੇ ਵਾੜੇ ਵਿਚ
ਕਈ ਦਿਨ ਢੋਲਕੀ ਵੱਜੀ !

ਤੇ ਫਿਰ ਸੂਰਾਂ ਦੇ ਵਾੜੇ ਨੂੰ
ਮੈਂ ਇੱਕ ਦਿਨ ਕਹਿੰਦਿਆ ਸੁਣਿਆ-
"ਇਹ ਅੱਖ ਲੈ ਕੇ ਕਦੇ ਵੀ ਇਸ ਘਰ 'ਚੋਂ
ਬਾਹਰ ਜਾਈਂ ਨਾ
ਜੇ ਬਾਹਰ ਜਾਏਂ ਤਾ ਪੁੱਤਰਾ
ਕਦੇ ਇਸਨੂੰ ਗਵਾਈਂ ਨਾ
ਇਹ ਅੱਖ ਜੱਦੀ ਅਮਾਨਤ ਹੈ
ਇਹ ਗੱਲ ਬਿਲਕੁਲ ਭੁਲਾਈਂ ਨਾ
ਤੇ ਕੁੱਲ ਨੂੰ ਦਾਗ ਲਾਈ ਨਾ
ਇਹ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ
ਸੂਰਜ ਨਾ ਪਰ ਵੇਖੀਂ
ਇਸ ਅੱਖ ਦੇ ਗਾਹਕ ਲੱਖਾਂ ਮਿਲਣਗੇ
ਪਰ ਅੱਖ ਨਾ ਵੇਚੀਂ
ਬਦਲਦੇ ਮੌਸਮ ਦੀ ਅੱਗ ਸਾਵੀ
ਕਦੇ ਨਾ ਸੇਕੀਂ".

ਇਹ ਅੱਖ ਲੈ ਕੇ ਜਦੋਂ ਵੀ ਮੈ ਕਿਤੇ
ਪਰਦੇਸ ਨੂੰ ਜਾਂਦਾ
ਮੇਰੇ ਕੰਨਾਂ 'ਚ ਪਿਤਰਾਂ ਦਾ
ਕਿਹਾ ਹਰ ਬੋਲ ਕੁਰਲਾਂਦਾ
'ਤੇ ਮੈ ਮੱਥੇ ਚੋਂ ਅੱਖ ਕੱਢ ਕੇ
ਸਦਾ ਬੋਜੇ 'ਚ ਪਾ ਲੈਂਦਾ
ਮੈ ਕੋਈ ਸੂਰਜ ਤਾਂ ਕੀ
ਸੂਰਜ ਦੀਆਂ ਕਿਰਨਾਂ ਵੀ ਨਾ ਤੱਕਦਾ
ਹਮੇਸ਼ਾ ਖੂਹ 'ਚ ਰਹਿੰਦੇ
ਤਾਰਿਆਂ ਨਾਲ ਹੀ ਹੱਸਦਾ
ਤੇ ਬਲ ਕੇ ਬੁਝ ਗਈ ਅੱਖ ਸੰਗ
ਕਈ ਰਾਹੀਆਂ ਨੂੰ ਰਾਹ ਦੱਸਦਾ !

ਪਰ ਅੱਜ ਇਸ ਅੱਖ ਨੂੰ
ਮੱਥੇ 'ਚ ਲਾ ਜਦ ਆਪ ਨੂੰ ਲੱਭਿਆ
ਮੈਨੂੰ ਮੇਰਾ ਆਪ ਨਾ ਲੱਭਿਆ
ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ
ਧੱਕਾ ਜਿਹਾ ਲੱਗਿਆ
ਤੇ ਹਰ ਇੱਕ ਮੋੜ ਤੇ ਮੇਰੇ ਪੈਰ ਨੂੰ
ਠੇਡਾ ਜਿਹਾ ਵੱਜਿਆ !

ਮੇਰੇ ਮਿਤਰੋ ! ਇਸ ਦੋਸ਼ ਨੂੰ
ਮੇਰੇ 'ਤੇ ਹੀ ਛੱਡੋ
ਤੁਸੀ ਹੋਛੇ ਬਣੋਂਗੇ
ਜੇ ਮੇਰੇ ਪਿਤਰਾ ਦੇ ਮੂੰਹ ਲੱਗੋ
ਤੁਸੀ ਕੁੱਤਿਆ ਦੀ ਪਿੱਠ ਤੇ ਬੈਠ ਕੇ
ਜਲੂਸ ਨਾ ਕੱਢੋ
ਤੇ ਲੋਕਾਂ ਸਾਹਮਣੇ ਮੈਨੂੰ
ਅੰਨਾ ਤਾਂ ਨਾ ਸੱਦੋ
ਸਗੋਂ ਮੈਨੂੰ ਤੁਸੀ ਸੂਰਾਂ ਦੇ ਵਾੜੇ
ਤੀਕ ਤਾਂ ਛੱਡੋ
ਮੈ ਸ਼ਾਇਦ ਗੁੰਮ ਗਿਆ ਹਾਂ ਦੋਸਤੋ
ਮੇਰਾ ਘਰ ਕਿਤੋਂ ਲੱਭੋ !

ਮੈ ਇਹ ਅੱਖ ਅੱਜ ਹੀ
ਸੂਰਾਂ ਨੂੰ ਜਾ ਕੇ ਮੋੜ ਆਵਾਗਾ
ਤੇ ਆਪਣੇ ਸੀਸ ਵਿਚ
ਬਲਦੀ ਸੁਲਗਦੀ ਅੱਖ ਉਗਾਵਾਂਗਾ
ਜੋ ਰਾਹ ਸੂਰਜ ਨੂੰ ਜਾਂਦਾ ਹੈ
ਤੁਹਾਡੇ ਨਾਲ ਜਾਵਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਸੇਕਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਖਾਵਾਂਗਾ !

.......................ਸ਼ਿਵ ਕੁਮਾਰ ਬਟਾਲਵੀ