Popular posts on all time redership basis

Saturday, 19 January 2013

ਆਜ਼ਾਦੀ ਦੀ ਰਾਤ - ਜਗਮੋਹਨ ਸਿੰਘ

ਕਰਤਾਰੋ ਨੂੰ ਸਮਝ ਨਹੀਂ ਪੈਂਦੀ
ਉਹ  ਡਿਗੇ ਤਾਂ ਕਿਹੜੇ ਖੂਹ ’ਚ ਡਿਗੇ
11 ਅਗਸਤ ਦੀ ਰਾਤ ਨੂੰ
ਉਨ੍ਹਾਂ ਦੇ ਕਾਫਲੇ ਦੇ ਸਾਰੇ ਮਰਦ ਮਾਰ ਦਿੱਤੇ ਗਏ
ਕੁੜੀਆਂ- ਚਿੜ੍ਹੀਆਂ ਉਧਾਲ ਲਈਆਂ ਗਈਆ
ਉਸਦੀ ਸੋਹਣੀ ਸੁਨੱਖੀ ਧੀ ਨੇ
ਉਸਦੀ ਦਿੱਤੀ ਜ਼ਹਿਰ ਦੀ ਪੁੜੀ
ਬਿਨਾਂ ਕਿਸੇ ਉਜਰ ਤੋਂ ਖਾ ਲਈ
’ਕੁੜੀ ਭਾਵੇਂ ਮਰ ਗਈ
ਉਧਲਣੋਂ ਤਾਂ ਬਚ ਗਈ ’
ਸਾਥਣਾਂ ਸਮਝਾਉਂਦੀਆਂ
ਪਰ ਮਾਂ ਦਾ ਦਿਲ !
ਮਾਂ ਦੇ ਦਿਲ ਨੂੰ ਢਾਰਸ ਕਿੱਥੇ
ਉਹ ਤਾਂ ਰੋਂਦਾ ਹੀ ਰਹਿੰਦਾ

ਵਕਤ ਦੀ ਸਿਤਮ ਜ਼ਰੀਫੀ ਹੀ ਕਹਾਂਗੇ
ਕਿ 14 ਅਗਸਤ ਦੀ ਰਾਤ ਨੂੰ
ਜਦੋਂ ਆਪਾਂ ਆਜ਼ਾਦੀ ਦੀ ਕਲਪਨਾ ’ਚ ਗੁੰਮ ਸਾਂ
ਕਰਤਾਰੋ ਦੀ ਪੱਤ ਰੁਲ ਗਈ
ਉਹ ਥਾਏਂ ਹੀ ਮਰ ਜਾਂਦੀ
ਪਰ ਬਦਨਸੀਬ ਸਾਥਣਾਂ ਨੇ
ਉਸਨੂੰ ਮਰਨ ਨਹੀਂ ਦਿੱਤਾ.
ਭਾਵੇਂ ਬਹੁਤ ਔਖਾ ਹੋਣਾ ਪਿਆ
ਉਨ੍ਹਾਂ ਨੇ ਉਸਨੂੰ ਸਮਝਾ ਹੀ ਲਿਆ
ਕਰੰਗ ਘਸੀਟੀ ਰਖਣ ਲਈ  ਮਨਾ ਹੀ ਲਿਆ
ਕਿਸ ਕੋਲ ਨਹੀਂ ਸਨ ਕਾਰਨ ਮਰਨ ਦੇ
ਉਨ੍ਹਾਂ ਦਿਨਾਂ ’ਚ

ਇਕ ਉਹ ਹੈ ਤੇ ਇਕ ਉਹਦਾ ਮਾਸੂਮ ਪੁੱਤ ਹੈ
ਉਸ ਦਾ ਬੀਜਦਾਨ ਕਰਨ ਵਾਲਾ ਕੌਣ ਸੀ
ਉਸਨੂੰ ਨਹੀਂ ਪਤਾ.
ਪੁੱਤ ਨਾਲ ਮੋਹ ਉਸਨੂੰ ਮਰਨ ਨਹੀਂ ਦੇਂਦਾ
ਮੋਈ ਧੀ ਉਸਨੂੰ ਜਿਊਣ ਨਹੀਂ ਦੇਂਦੀ
ਕਰਤਾਰੋ ਨੂੰ ਸਮਝ ਨਹੀਂ ਪੈਂਦੀ
ਉਹ  ਡਿਗੇ ਤਾਂ ਕਿਹੜੇ ਖੂਹ ’ਚ ਡਿਗੇ
......................................................- ਜਗਮੋਹਨ ਸਿੰਘ

1 comment: