Popular posts on all time redership basis

Friday, 11 January 2013

ਘਰਰ ਘਰਰ - ਸੁਰਜੀਤ ਪਾਤਰ

ਛਤਰੀ ਕੁ ਜਿੱਡਾ ਆਕਾਸ਼ ਹਾਂ ਗੂੰਜਦਾ ਹੋਇਆ
ਹਵਾ ਦੀ ਸਾਂ ਸਾਂ ਦਾ ਪੰਜਾਬੀ ਵਿਚ ਅਨੁਵਾਦ ਕਰਦਾ
ਅਜੀਬੋ ਗਰੀਬ ਦਰਖ਼ਤ ਹਾਂ
ਹਜ਼ਾਰਾਂ ਰੰਗ ਬਰੰਗੇ ਫ਼ਿਕਰਿਆਂ ਨਾਲ ਵਿੰਨ੍ਹਿਆਂ
ਨਿੱਕਾ ਜਿਹਾ ਭੀਸ਼ਮ ਪਿਤਾਮਾ ਹਾਂ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ?

ਮਹਾਤਮਾ ਬੁੱਧ ਤੇ ਗੁਰੂ ਗੋਬਿੰਦ ਸਿੰਘ
ਪਰਮੋ ਧਰਮ ਅਹਿੰਸਾ ਅਤੇ ਬੇਦਾਗ਼ ਲਿਸ਼ਕਦੀ ਸ਼ਮਸ਼ੀਰ ਦੀ
ਮੁਲਾਕਾਤ ਦੇ ਵੈਨਿਊ ਲਈ ਮੈਂ ਬਹੁਤ ਗ਼ਲਤ ਸ਼ਹਿਰ ਹਾਂ
ਮੇਰੇ ਲਈ ਤਾਂ ਬੀਵੀ ਦੀ ਗਲਵੱਕੜੀ ਵੀ ਕਟਹਿਰਾ ਹੈ
ਕਲਾਸ ਰੂਮ ਦਾ ਲੈਕਚਰ-ਸਟੈਂਡ ਵੀ
ਤੇ ਚੌਰਾਹੇ ਦੀ ਰੇਲਿੰਗ ਵੀ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ?

ਮੇਰੇ ‘ਚੋਂ ਨਹਿਰੂ ਵੀ ਬੋਲਦਾ ਹੈ, ਮਾਓ ਵੀ
ਕ੍ਰਿਸ਼ਨ ਵੀ ਬੋਲਦਾ ਹੈ ਕਾਮੂ ਵੀ
ਵਾਇਸ ਆਫ਼ ਅਮੈਰਿਕਾ ਵੀ, ਬੀ.ਬੀ.ਸੀ. ਵੀ
ਮੇਰੇ ‘ਚੋਂ ਬਹੁਤ ਕੁਝ ਬੋਲਦਾ ਹੈ
ਨਹੀਂ ਬੋਲਦਾ ਤਾਂ ਬੱਸ ਮੈਂ ਹੀ ਨਹੀਂ ਬੋਲਦਾ

ਮੈਂ 8 ਬੈਂਡ ਦਾ ਸ਼ਕਤੀਸ਼ਾਲੀ ਬੁੱਧੀਜੀਵੀ
ਮੇਰੀਆਂ ਨਾੜਾਂ ਦੀ ਘਰਰ ਘਰਰ ਸ਼ਾਇਦ ਮੇਰੀ ਹੈ
ਮੇਰੀਆਂ ਹੱਡੀਆਂ ਦਾ ਤਾਪ ਸੰਤਾਪ ਸ਼ਾਇਦ ਮੌਲਿਕ ਹੈ
ਮੇਰਾ ਇਤਿਹਾਸ ਵਰ੍ਹਿਆਂ ‘ਚ ਬਹੁਤ ਲੰਮਾ ਹੈ
ਕਾਰਜਾਂ ‘ਚ ਬਹੁਤ ਨਿੱਕਾ:

ਜਦੋਂ ਮਾਂ ਨੂੰ ਖ਼ੂਨ ਦੀ ਲੋੜ ਸੀ
ਮੈਂ ਕਿਤਾਬ ਬਣ ਗਿਆ
ਜਦੋਂ ਪਿਉ ਨੂੰ ਡੰਗੋਰੀ ਚਾਹੀਦੀ ਸੀ
ਮੈਂ ਬਿਜਲੀ ਦੀ ਲੀਕ ਵਾਂਗ ਲਿਸ਼ਕਿਆ ਤੇ ਬੋਲਿਆ:
ਕਪਲ ਵਸਤੂ ਦੇ ਸ਼ੁਧੋਧਨ ਦਾ ਧਿਆਨ ਧਰੋ
ਮਾਛੀਵਾੜੇ ਵੱਲ ਨਜ਼ਰ ਕਰੋ
ਗੀਤਾ ਪੜ੍ਹੀ ਹੈ ਤਾਂ ਵਿਚਾਰੋ ਵੀ :
ਕੁਰੂ ਕਰਮਾਣੀ ਸੰਗਮ ਤਿਕਤਵਾ…
ਇਹੋ ਜਿਹਾ ਬਹੁਤ ਕੁਝ ਜੋ ਮੇਰੀ ਵੀ ਸਮਝੋ ਬਾਹਰ ਸੀ

ਰਾਹ ਵਿਚ ਰੂਪੋਸ਼ ਯਾਰ ਮਿਲੇ
ਉਨ੍ਹਾਂ ਪੁੱਛਿਆ:
ਸਾਡੇ ਨਾਲ ਸਲੀਬ ਤੱਕ ਚੱਲੇਂਗਾ -
ਕਾਤਲਾਂ ਦੇ ਕਤਲ ਨੂੰ ਅਹਿੰਸਾ ਸਮਝੇਂਗਾ?
ਗੁਮਨਾਮ ਬਿਰਖ ਨਾਲ ਪੁੱਠਾ ਲਟਕ ਕੇ
ਮਸੀਹੀ ਅੰਦਾਜ਼ ਵਿਚ
ਸਰਕੜੇ ਨੂੰ ਭਾਸ਼ਨ ਦੇਵੇਂਗਾ?

ਉੱਤਰ ਵਜੋਂ ਮੇਰੇ ਅੰਦਰ
ਅਨੇਕਾਂ ਤਸਵੀਰਾਂ ਉਲਝ ਗਈਆਂ
ਮੈਂ ਕਈ ਫ਼ਲਸਫ਼ਿਆਂ ਦਾ ਕੋਲਾਜ ਜਿਹਾ ਬਣ ਗਿਆ
ਤੇ ਅਜਕਲ੍ਹ ਕਹਿੰਦਾ ਫਿਰਦਾ ਹਾਂ:
ਸਹੀ ਦੁਸ਼ਮਣ ਦੀ ਤਲਾਸ਼ ਕਰੋ
ਹਰੇਕ ਆਲਮਗੀਰ ਔਰੰਗਜ਼ੇਬ ਨਹੀਂ ਹੁੰਦਾ
ਜੰਗਲ ਸੁੱਕੇ ਰਹੇ ਨੇ
ਬੰਸਰੀ ‘ਤੇ ਮਲਹਾਰ ਵਜਾਓ
ਪ੍ਰੇਤ ਬੰਦੂਕਾਂ ਨਾਲ ਨਹੀਂ ਮਰਦੇ
ਮੇਰੀ ਹਰ ਕਵਿਤਾ ਪ੍ਰੇਤਾਂ ਨੂੰ ਮਾਰਨ ਦਾ ਮੰਤਰ ਹੈ
ਮਸਲਨ ਉਹ ਵੀ
ਜਿਸ ਵਿਚ ਮੁਹੱਬਤ ਆਖਦੀ ਹੈ:
ਮੈਂ ਘਟਨਾ-ਘਿਰੀ ਗੱਡੀ ਦਾ ਅਗਲਾ ਸਟੇਸ਼ਨ ਹਾਂ
ਮੈਂ ਰੇਗਿਸਤਾਨ ‘ਤੇ ਬਣਿਆ ਪੁਲ ਹਾਂ
ਮੈਂ ਮਰ ਚੁੱਕੇ ਬੱਚੇ ਦੀ ਤੋਤਲੀ ਤਲੀ ‘ਤੇ
ਲੰਮੀ ਉਮਰ ਦੀ ਰੇਖਾ ਹਾਂ
ਮੈਂ ਮੋਈ ਔਰਤ ਦੀ ਰਿਕਾਰਡ ਕੀਤੀ ਹੱਸਦੀ
ਆਵਾਜ਼ ਹਾਂ:
ਆਪਾਂ ਹੁਣ ਕੱਲ੍ਹ ਮਿਲਾਂਗੇ

..................................................................... - ਸੁਰਜੀਤ ਪਾਤਰ

No comments:

Post a Comment