Popular posts on all time redership basis

Saturday, 29 December 2012

ਇਹ ਅੱਗ ਮੂਲੋਂ ਹੀ ਬੜੀ ਆਲੱਗ ਹੈ - ਹਰਮਨ ਜੀਤ

ਮੇਰੇ ਜਿਸਮ ’ਚ ਜਿਹੜੀ ਇਹ ਅੱਗ ਹੈ
ਸਾਰੀ ਦੀ ਸਾਰੀ ਹੀ ਅਣ-ਲੱਗ ਹੈ
ਜਾਂ ਇਓਂ ਕਹਿ ਲਓ ਕਿ ਜਦ ਮੈਂ ਸੋਚਦਾਂ
ਲਿੱਖਦਾਂ - ਪੜ੍ਹਦਾਂ ਤੇ ਉੱਠਦਾਂ - ਬੈਠਦਾਂ
ਤਨ ਥੀਂ ਮੱਚਦੀਆਂ ਜੋ ਤਰਥੱਲੀਆਂ
ਮਨ- ਮੰਦਿਰ ’ਚ ਵੱਜਦੀਆਂ ਜੋ ਟੱਲੀਆਂ
ਇਹ ਮਹਿਜ਼ ਇੱਕ ਦੁੱਧ ਰੰਗੀ ਝੱਗ ਹੈ

ਕਹਿੰਦੇ ਨੇ ਕਿ ਜਿਥੋਂ ਤੀਕ ਅੱਖ ਦੀ ਮਾਰ ਹੈ
ਓਹ ਹੀ ਸਾਡੀ ਅਕਲ ਦਾ ਵਿਸਥਾਰ ਹੈ
ਜੋ ਸੌੜਿਆ ਜਿਹਿਆਂ ਖਿੱਤਿਆਂ ਦਾ ਯਾਰ ਹੈ
ਓਹ ਪਹਿਲ-ਸਾਹ ਤੋਂ ਹੀ ਬਹੁਤ ਬੀਮਾਰ ਹੈ
ਉਸ ਦੇ ਪੈਰਾਂ ’ਚ ਬੇੜੀਆਂ ਦੀ ਜਕੜ ਹੈ
ਤੇ ਮਨ ਬੇਹਰਕਤੀ ਦਾ ਸ਼ਿਕਾਰ ਹੈ
ਕਹਿੰਦੇ ਨੇ ਕਿ ਕੀੜੀ ਲਈ ਠੂਠੜਾ ਹੀ ਦਰਿਆ ਜਿਹਾ
ਤੇ ਖੂਹ ਦੇ ਡੱਡੂ ਲਈ ਤਾਂ ਖੂਹ ਹੀ ਸੰਸਾਰ ਹੈ

ਜੋ ਹਵਾਵਾਂ, ਪਰਬਤਾਂ ਤੇ ਸਾਗਰਾਂ ਦਾ ਯਾਰ ਹੈ
ਜੋ ਨਿਰਭਉ ਹੈ ਨਿਰਵੈਰ ਹੈ ਸ਼ਾਹਕਾਰ ਹੈ
ਜੋ ਅਮੂਰਤ ਹੈ ਸਭ ਥਾਈਂ ਰਮਿਆ ਹੈ ਪਿਆਰ ਹੈ
ਉਹੀ ਸੱਚ ਹੈ ਸਦੀਵੀ ਉਸਨੂੰ ਮੇਰਾ ਨਮਸਕਾਰ ਹੈ

ਮੈ ਕਿਓਂ ਹਾਂ ਸੁਪਨੇ ਵਿੱਚ ਰਹਿੰਦਾ ਵੇਖਦਾ
ਚੰਦਨ ਦਾ ਕੰਘਾ ਮੁੱਠਾ ਇੱਕ ਤਲਵਾਰ ਦਾ
ਜੋ ਕਲਗੀਆਂ ਕਿਰਪਾਨਾਂ ਬਾਜਾਂ ਵਾਲੜਾ
ਜਿਨ ਸਿਰ 'ਤੇ ਬੱਝੀ ਸਿਦਕੜੇ ਦੀ ਪੱਗ ਹੈ

ਇਹ ਅੱਗ ਜਵਾਂ-ਜਿਗਰ ਦਾ ਕੋਈ ਤਾਪ ਹੈ
ਇਹ ਝੁਰੜੀਆਂ ਦੇ ਝੁੰਡ ਦਾ ਪਰਤਾਪ ਹੈ
ਇਹ ਇਸ਼ਕ ਦੇ ਸ਼ਹਿਜ਼ਾਦਿਆਂ ਦਾ ਜਾਪ ਹੈ
ਇਹ ਅੱਗ ਮੇਰਾ ਗੁੰਮ ਚੁੱਕਿਆ ਆਪ ਹੈ
ਇਹ ਅੱਗ ਸੱਤਾਂ ਅੰਬਰਾਂ ਦਾ ਨਾਪ ਹੈ
ਇਹ ਅੱਗ ਮੂਲੋਂ ਹੀ ਬੜੀ ਆਲੱਗ ਹੈ

ਮੇਰੇ ਜਿਸਮ ’ਚ ਜਿਹੜੀ ਇਹ ਅੱਗ ਹੈ
ਇਹ ਸਾਰੀ ਦੀ ਸਾਰੀ ਹੀ ਅਣ-ਲੱਗ ਹੈ
...................................................... - ਹਰਮਨ ਜੀਤ

No comments:

Post a Comment