Popular posts on all time redership basis

Saturday, 3 November 2012

ਗ਼ਜ਼ਲ - ਸਾਥੀ ਲੁਧਿਆਣਵੀ

ਆਪਣੇ ਅੰਦਰ ਝਾਤੀਆਂ ਨਾ ਮਾਰੀਆਂ
ਖੋਲ੍ਹੀਆਂ ਨਾ ਆਪਣੇ ਮਨ ਦੀਆਂ ਬਾਰੀਆਂ

ਜ਼ਿੰਦਗ਼ੀ ਦੀ ਦੌੜ ਵਧ ਗਈ ਇਸ ਕਦਰ,
ਬਹੁਤ ਵਧੀਆਂ ਮਨ ਦੀਆਂ ਦੁਸ਼ਵਾਰੀਆਂ

ਇਸ ਨਗਰ ਵਿਚ ਐਸੇ ਵੀ ਕੁਝ ਲੋਕ ਨੇ,
ਜਿਨ੍ਹਾਂ ਨੇ ਕੰਧਾਂ ਹੀ ਨੇ ਬਸ ਉਸਾਰੀਆਂ

ਜਿਹੜੇ ਘਰ ’ਚੋਂ ਲੋਕ ਮਨਫ਼ੀ ਹੋ ਗਏ,
ਖੜ੍ਹੀਆਂ ਤੱਕਣ ਕੰਧਾਂ ਕਰਮਾਂ ਮਾਰੀਆਂ

ਹੁੰਦੇ ਸੱਭੋ ਇੱਕੋ ਜਿਹੇ ਪਰਦੇਸ ਵਿਚ,
ਭੁੱਲ ਜਾਹ ਇੱਥੇ ਪਿਛਲੀਆਂ ਸਰਦਾਰੀਆਂ

ਥਲ਼ੀਂ ਰੁਲਣਾ, ਪੱਟ ਚੀਰਨਾ, ਤੜਪਣਾ,
ਹੁਣ ਨਾ ਰਹੀਆਂ ਪਹਿਲਾਂ ਜਿਹੀਆਂ ਯਾਰੀਆਂ

ਜ਼ਿੰਦਗ਼ੀ ਕੁਝ ਇਸ ਤਰ੍ਹਾਂ ਬੀਤੀ ਹੈ ਯਾਰ,
ਜਿੱਤੀਆਂ ਕੁਝ ਬਾਜ਼ੀਆਂ, ਕੁਝ ਹਾਰੀਆਂ

ਜ਼ਿੰਦਗ਼ੀ ਵਿਚ ਇਸ ਕਿਸਮ ਦੇ ਗ਼ਮ ਵੀ ਨੇ,
ਪੰਡਾਂ ਜਿਨ੍ਹਾਂ ਦੀਆਂ ਡਾਢੀਆਂ ਹੀ ਭਾਰੀਆਂ

ਛੇ ਕੁ ਫੁੱਟ ਜ਼ਮੀਨ ਦਾ ਹੱਕਦਾਰ ਹੈਂ,
ਹਰ ਤਰਫ਼ ਤੂੰ ਬਾਹਵਾਂ ਹੈਨ ਪਸਾਰੀਆਂ

ਤੇਰਿਆਂ ਕਦਮਾਂ 'ਚ "ਸਾਥੀ" ਵਿਛ ਗਿਆ,
ਤੂੰ ਆਵਾਜ਼ਾਂ ਜਦ ਵੀ ਉਸ ਨੂੰ ਮਾਰੀਆਂ

............................................................. ਸਾਥੀ ਲੁਧਿਆਣਵੀ

No comments:

Post a Comment