Popular posts on all time redership basis

Thursday, 15 November 2012

ਨ ਕੋਈ ਜ਼ਖ਼ਮ ਬਣਨਾ ਹੈ - ਸੁਖਵਿੰਦਰ ਅੰਮ੍ਰਿਤ

ਨ ਕੋਈ ਜ਼ਖ਼ਮ ਬਣਨਾ ਹੈ ਨ ਕੋਈ ਹਾਦਸਾ ਬਣਨਾ
ਮੈਂ ਤੇਰੇ ਤਪਦਿਆਂ ਰਾਹਾਂ ‘ਤੇ ਸਾਵਣ ਦੀ ਘਟਾ ਬਣਨਾ
ਇਨ੍ਹਾਂ ਧੁੱਪਾਂ ਤੇ ਔੜਾਂ ਨੂੰ ਕਰਾਰੀ ਹਾਰ ਦੇਣੀ ਹੈ
ਮੈਂ ਸੁੱਕੇ ਬਿਰਖ ਦੀ ਟਾਹਣੀ ਦਾ ਇਕ ਪੱਤਾ ਹਰਾ ਬਣਨਾ
ਮੈਂ ਸਾਰੇ ਬੁਝ ਰਹੇ ਨੈਣਾਂ ਨੂੰ ਰੌਸ਼ਨ ਖ਼ਾਬ ਦੇਣੇ ਨੇ
ਮੈਂ ਲੋਅ ਬਣਨਾ ਹੈ ਤਾਰੇ ਦੀ , ਮੈਂ ਸੂਰਜ ਦੀ ਸ਼ੁਆ ਬਣਨਾ
ਜਿਦ੍ਹਾ ਹਰ ਹਰਫ਼ ਤਾਰਾ ਤੇ ਜਿਦ੍ਹੀ ਹਰ ਸਤਰ ਚਾਨਣ ਦੀ
ਮੇਰੀ ਹਸਤੀ ਨੇ ਇਕ ਦਿਨ ਦੋਸਤੋ ਐਸਾ ਸਫ਼ਾ ਬਣਨਾ
ਮੇਰੀ ਸੰਜੀਦਗੀ ਨੇ ਪੈਰ ਪੁੱਟਣ ਦੀ ਅਦਾ ਦੱਸਣੀ
ਮੇਰੀ ਦੀਵਾਨਗੀ ਨੇ ਮੇਰੀ ਮੰਜ਼ਿਲ ਦਾ ਪਤਾ ਬਣਨਾ
ਨਹੀਂ ਬਣਦਾ ਤਾਂ ਬੰਦਾ ਹੀ ਨਹੀਂ ਬਣਦਾ ਕਦੇ ਬੰਦਾ
ਬੜਾ ਆਸਾਨ ਹੈ ਦੁਨੀਆਂ ‘ਚ ਬੰਦੇ ਦਾ ਖੁਦਾ ਬਣਨਾ

.............................................................................ਸੁਖਵਿੰਦਰ ਅੰਮ੍ਰਿਤ

No comments:

Post a Comment