Popular posts on all time redership basis

Sunday, 22 July 2012

ਆਮ ਆਦਮੀ - ਜਗਮੋਹਨ ਸਿੰਘ

ਬਾਹਰੋਂ ਭਾਵੇਂ ਉਹ
ਸ਼ਾਂਤ ਨਜ਼ਰ ਆਉਂਦਾ ਹੈ
ਅੰਦਰ ਉਸਦੇ
ਇਕ ਮਹਾਂ ਯੁਧ ਚਲਦਾ ਰਹਿੰਦਾ ਹੈ
ਹਰ ਵੇਲੇ ਹਰ ਰੋਜ਼
ਉਹ ਟੁੱਟਦਾ ਭਜਦਾ ਭੁਰਦਾ ਵੀ ਹੈ
ਸੰਭਲਦਾ, ਸੰਵਰਦਾ ਉਸਰਦਾ ਵੀ

ਉਸਦੇ ਚਿਹਰੇ ਤੇ
ਭਾਵੇਂ ਮੁਸਕੁਰਾਹਟ ਹੈ
ਅੰਦਰ ਇਕ ਦੁਖਦਾ ਧੁਖਦਾ ਰਿਸਦਾ ਨਾਸੂਰ ਵੀ ਹੈ

ਉਸਦੀ ਹਿੰਮਤ ਅਤੇ ਹਾਲਾਤ ਵਿਚਲਾ ਯੁੱਧ
ਮੁੱਕਣ ਦਾ ਨਾਂ ਹੀ ਨਹੀਂ ਲੈਂਦਾ
ਨਾ ਹਾਲਾਤ ਹੀ ਸਾਜ਼ਗਾਰ ਹੁੰਦੇ ਨੇ
ਨਾ ਹਿੰਮਤ ਹੀ ਹਰਦੀ ਹੈ

ਉਹ ਝੂਠ ਵੀ ਬੋਲਦਾ ਹੈ
ਚੁਸਤੀ ਵੀ ਮਾਰਦਾ ਹੈ
ਆਦਤਨ ਨਹੀਂ - ਗੁਰੀਲਾ ਯੁੱਧ ਦੇ ਪੈਂਤੜੇ ਵਜੋਂ

ਉਹ ਨਿਰੰਤਰ ਸੰਵਾਦ ਦੀ ਸਥਿਤੀ ਵਿਚ ਹੈ
ਅੰਤਹਕਰਣ ਨਾਲ ਵੀ
ਬਾਹਰਲੀ ਦੁਨੀਆਂ ਨਾਲ ਵੀ

ਉਸਦੇ ਸਿਰ ਤੇ ਚਿੰਤਾਵਾਂ ਦੀ
ਭਾਵੇਂ ਭਾਰੀ ਗਠੜੀ ਹੈ
ਉਸਦੀਆਂ ਅੱਖਾਂ ਨੇ ਸੁਪਨੇ ਦੇਖਣੇ ਬੰਦ ਨਹੀਂ ਕੀਤੇ
ਨਾ ਇਨ੍ਹਾਂ ਵਿਚੋਂ ਹੰਝੂ ਸੁੱਕੇ ਨੇ
ਤੇ ਨਾ ਹੀ ਹਾਸੇ ਮੁੱਕੇ ਨੇ

ਤੁਸੀਂ ਪੁਛੋਗੇ ਕਿ ਕੌਣ ਹੈ ਉਹ ?
ਮੈਂ ਕਹਾਂਗਾ - ਆਮ ਆਦਮੀ

...................................................ਜਗਮੋਹਨ ਸਿੰਘ

No comments:

Post a Comment