Popular posts on all time redership basis

Sunday, 1 July 2012

ਥਕੇਵਾਂ - ਲਾਲ ਸਿੰਘ ਦਿਲ

ਕੁਝ ਵੀ ਕਰਨ ਨੂੰ
ਤੇ ਨਾ ਕਰਨ ਨੂੰ
ਦਿਲ ਨਹੀਂ ਕਰਦਾ
ਬੰਦ ਕੀੜੇ ਵਾਂਗ ਸੋਚ ਤੁਰਦੀ ਹੈ
ਜੇ ਕੋਈ ਕਹੇ :
‘ਤੇਰੀ ਸਜਣ ਕੁੜੀ ਗੱਡੀ ਦੇ ਪਹੀਏ ਹੇਠ ਕੁਚਲੀ ਗਈ’
ਤਾਂ ਵੀ ਸ਼ਇਦ..........................................
ਜੇ ਪਤਾ ਚਲੇ :
ਭਰਾ ਪਾਗਲ ਹੋ ਗਿਆ ਹੈ
ਤਾਂ ਰਤਾ ਤੜਪਾਂਗਾ
ਜੇ ਕੋਈ ਕਹੇ :
ਤੇਰੀ ਮਾਂ ਪੁਲਸ ਨੇ ਨੰਗੀ ਕਰ ਦਿੱਤੀ
ਤਾਂ ਇਹ ਸਧਾਰਨਤਾ ਲੰਘ ਜਾਏਗੀ
ਗਡੀ ਦੇ ਪਹੀਏ ਵਾਂਙ
ਬਿਨਾ ਤੜਪਿਆਂ,

ਥਕੇਵਾਂ ਸਿਰਫ਼ ਅੰਗਾਂ ’ਚ ਹੈ,
ਦੀਵੇ ਦੀ ਰੌਸ਼ਨੀ ’ਚ
ਮੱਝ ਦਾ ਆਨਾ ਚਮਕਦਾ ਹੈ
ਜਿਸਦਾ ਗੋਹਾ ਚੁਕਣ ਲਗਿਆਂ ਰੋਜ਼
ਸ਼ੈਕਸਪੀਅਰ ਮਹਿਸੂਸ ਕਰਦਾਂ ਆਪਣੇ ਆਪ ਨੂੰ
ਜਿਸ ਦੀਆਂ ਆਣਗਿਣਤ ਸ਼ਾਮਾਂ ਤੇ ਸਵੇਰਾਂ
ਲਿੱਦ ਸੁੰਘਦੀਆਂ ਸਨ

ਮੇਰੀਆਂ ਬਾਹਾਂ ਦਾ ਬਲ
ਨਾ ਘਟਦਾ ਹੈ ਨਾ ਵਧਦਾ ਹੈ
ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ
ਇਹ ਪਰਬਤ ਉਠਾ ਦੇਵਾਂ
ਕਹੀ ਦੇ ਚੇਪੇ ਵਾਂਙ
ਹੂੰਝ ਦੇਵਾਂ ਇਹ ਭਵਨ ਸੜਕਾਂ ਤੋਂ,

ਕੁੱਤੇ ਭੌਂਕਦੇ ਹਨ:
ਮੇਰਾ ਘਰ, ਮੇਰਾ ਘਰ’
ਜਗੀਰਦਾਰ:
’ਮੇਰਾ ਪਿੰਡ ਮੇਰੀ ਸਲਤਨਤ”
ਲੀਡਰ:
"ਮੇਰਾ ਦੇਸ਼, ਮੇਰਾ ਦੇਸ਼"
ਲੋਕ ਕਹਿੰਦੇ ਹਨ
"ਮੇਰੀ ਕਿਸਮਤ, ਮੇਰੀ ਕਿਸਮਤ"
ਮੈਂ ਕੀ ਆਖਾਂ?
ਕੁਝ ਵੀ ਕਰਨ ਨੂੰ
ਤੇ ਨਾ ਕਰਨ ਨੂੰ
ਦਿਲ ਨਹੀਂ ਕਰਦਾ

ਮੇਰਾ ਭਰਾ ਸੱਜਣ ਕੁੜੀ, ਮਾਂ, ਦੇਸ਼
ਕੁਝ ਵੀ ਨਹੀਂ ਮੇਰਾ
ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ...

.......................... ਲਾਲ ਸਿੰਘ ਦਿਲ

No comments:

Post a Comment