Popular posts on all time redership basis

Showing posts with label Lal Singh Dil. Show all posts
Showing posts with label Lal Singh Dil. Show all posts

Tuesday, 6 August 2013

ਦਇਆ ਸਿੰਘ ਲਈ ... - ਲਾਲ ਸਿੰਘ ਦਿਲ (Lal Singh Dil)

ਸ਼ਹੀਦਾ ਤੇਰੇ ਲਹੂ ਵਰਗਾ
ਦਿਹੁੰ ਚੜ੍ਹਿਆ
ਹਿੱਕ ’ਚ ਅਨ੍ਹੇਰਿਆਂ ਨੇ ਆਪਣੀ
ਇਕ ਕਿੱਲ ਹੋਰ ਜੜਿਆ
ਦਿਹੁੰ ਚੜ੍ਹਿਆ

ਇਕ ਮੁਸਕਾਨ ਤੇਰੇ ਨੂਰ ਦੀ
ਕਿਸੇ ਨੂੰ ਵੀ ਨਹੀਂ ਭੁੱਲਦੀ
ਅੱਖ ਡੁੱਲ੍ਹਦੀ

ਇਕ ਵਿਸ਼ਵਾਸ ਤੇਰੇ ਬੋਲ ਦਾ
ਸਾਂਭ ਦਰਿਆਵਾਂ ਰੱਖਿਆ
ਖੇਤਾਂ ਚੱਖਿਆ
ਜਿਉਂ ਦਿਲ ਨਾਲੋਂ ਕੁਝ ਗੁੰਮਿਆ
ਕਈ ਰੋਜ਼ ਦਿਨ ਖੜ੍ਹਿਆ
ਦਿਹੁੰ ਚੜ੍ਹਿਆ

ਰੋਜ਼ ਲੋਕੀਂ ਮਰ ਮਰ ਜਾਂਵਦੇ
ਖੰਭਾ ਨਾਲੋਂ ਮੌਤਾਂ ਹੌਲੀਆਂ
ਕਿਹਨੇ ਗੌਲੀਆਂ
ਇਕ ਮੌਤ ਸਾਡੀ ਜੱਗ ਤੇ
ਸੱਚ ਦੇ ਪਹਾੜ ਵਰਗੀ
ਝੁਕੇ ਸਰਘੀ

’ਮੌਤ ਇਕ ਆਮ ਜਿਹੀ ਗੱਲ ਹੈ’
ਅਸਾਂ ਨੇ ਸਬਕ ਪੜ੍ਹਿਆ
ਦਿਹੁੰ ਚੜ੍ਹਿਆ
ਹਿੱਕ ’ਚ ਅਨ੍ਹੇਰਿਆਂ ਨੇ ਆਪਣੀ
ਇਕ ਕਿੱਲ ਹੋਰ ਜੜਿਆ
ਦਿਹੁੰ ਚੜ੍ਹਿਆ...........
........................................ - ਲਾਲ ਸਿੰਘ ਦਿਲ

Monday, 1 July 2013

ਦੀਵਾ, ਪੈੱਨ ਤੇ ਕਾਪੀ - ਲਾਲ ਸਿੰਘ ਦਿਲ

ਨਮਸਕਾਰ ਇਸ ਦੀਵੇ ਨੂੰ
ਸਰੋਂ ਦਾ ਤੇਲ ਜਿਸ ਵਿਚ
ਲੋਗੜ ਦੀ ਮੋਟੀ ਬੱਤੀ ਥੀਂ
ਜਲ ਰਿਹੈ
ਇਸ ਦੀ ਲਾਟ
ਸੇਕ ਤੇ ਮਹਿਕ ਬਣਦੀ
ਦੂਰ ਦੂਰ ਜਾਂਦੀ ਹੈ
ਦਰਾਵੜਾਂ ਦੀਆਂ ਲਾਸ਼ਾਂ ਦੇ ਪੈਰਾਂ ਕੋਲ
ਜੋ ਆਰੀਆਂ ਦੇ ਮੁੱਢਲੇ ਹੱਲਿਆਂ ’ਚ ਮਰ ਗਏ ਸਨ

ਪੈੱਨ ਚੋਂ ਸਮੁੰਦਰ ਛਲਕਦਾ ਹੈ

ਕਾਪੀ ਤੇ ਕਾਗ਼ਜ਼
ਵਾਸਮੱਤੇ ਰੁਖਾਂ ਦੇ ਪੱਤੇ ਹਨ
ਜਿਨ੍ਹਾਂ ਨੂੰ ਬਾਗ਼ੀ
ਆਪਣੇ ਸਿਰਾਂ ਤੇ ਬੰਨ੍ਹਦੇ ਹਨ
ਤੁੱਰਰਿਆਂ ਵਾਂਙ
ਨੇਜ਼ਿਆਂ ਵਾਂਙ
......................................................... - ਲਾਲ ਸਿੰਘ ਦਿਲ

Tuesday, 23 April 2013

ਤਰਾਨਾ - ਲਾਲ ਸਿੰਘ ਦਿਲ

ਜਾਨ ਜਾਂਦੀ, ਜਾਵੇ, ਦੇਖਣਾ ਨਜ਼ਾਰਾ ਦੋਸਤਾ
ਜਦੋ-ਜਹਿਦ ਪੀਂਘ ਦਾ ਹੁਲਾਰਾ ਦੋਸਤਾ
ਉਨ੍ਹਾਂ ਨਾਲ ਪਾਂਧੇ-ਪੱਤਰੀ ਦੀ ਗੱਲ ਨਾ ਕਰੋ
ਜਿਨ੍ਹਾਂ ਬਦਲ ਦੇਣਾ ਹੁੰਦਾ ਏ ਸਿਤਾਰਾ ਦੋਸਤਾ
ਸਿਰਫ਼ਿਰਿਆਂ ਦੀ ਗੱਲ ਉੱਤੇ ਕੁਝ ਤਾਂ ਯਕੀਨ
ਕਿਉਂ ਭਰਨਾ ਵੀ ਛਡਿਆ ਹੁੰਗਾਰਾ ਦੋਸਤਾ
ਇਸ਼ਕ ਜਿਨ੍ਹਾਂ ਦਾ ਹੈ ਜ਼ਹਿਰ ਦੇ ਪਿਆਲਿਆਂ ਦੇ ਨਾਲ
ਨਹੀਂ ਸਿਦਕ ਤੋਂ ਉਹ ਕਰਦੇ ਕਿਨਾਰਾ ਦੋਸਤਾ
ਮੌਤ ਨਸਦੀ ਹੈ ਆਸ਼ਕਾਂ ਨੂੰ ਛੇੜ ਛੇੜ ਕੇ
ਜਿਵੇਂ ਮਿਲਦਾ ਏ ਹੱਸ ਕੇ ਪਿਆਰਾ ਦੋਸਤਾ
ਘੁੰਡੀ ਹੋਵੇ ਨਾ ਜੇ ਐ ਦਿਲ, ਮਨ ’ਚ ਹੋਰ
ਫਿਰ ਤਾਂ ਕਾਫ਼ੀ ਹੀ ਹੁੰਦਾ ਏ ਇਸ਼ਾਰਾ ਦੋਸਤਾ
.............................................................  - ਲਾਲ ਸਿੰਘ ਦਿਲ

Monday, 25 March 2013

ਜਦ ਜੰਗਲ ਸੜਦਾ ਹੈ - ਲਾਲ ਸਿੰਘ ਦਿਲ

ਜਦ ਜੰਗਲ ਸੜ ਜਾਂਦਾ ਹੈ
ਮੁੜ ਫੁੱਟਣ ਵਾਲੀਆਂ ਕੋਪਲਾਂ
ਘਾਹ ਦੇ ਤਿੱਖੇ ਤ੍ਰਿੰਣ ਸਾਵੇ ਪੀਲੇ
ਤੇ ਮਿੱਟੀ
ਸਭ ਕੁਝ ਮਹਿਕੀਲਾ ਹੁੰਦਾ ਹੈ
ਪਰ ਇਥੇ ਹਰ ਅਗਨ ਤੋਂ ਬਾਅਦ
ਦੁਰਗੰਧ ਉੱਠਦੀ ਹੈ
ਜਿਸ ਹੇਠ ਮਿੱਟੀ
ਬੇਵੱਸ ਹੁੰਦੀ ਹੈ
ਕੌਂਪਲਾਂ ਉਸੇ ਗੰਧ ਵਿਚ
ਪੁੰਗਰਦੀਆਂ ਤੇ ਵਧਦੀਆਂ ਹਨ
ਜੰਗਲ ਸਾਰੇ ਦਾ ਸਾਰਾ ਉੱਗ ਖੜ੍ਹਦਾ ਹੈ
ਅਸੀਂ ਗੁਲਾਮ ਰਹਿੰਦੇ ਹਾਂ

................................................................. - ਲਾਲ ਸਿੰਘ ਦਿਲ

Thursday, 7 February 2013

ਹੀਜੜੇ - ਲਾਲ ਸਿੰਘ ਦਿਲ

ਹੀਜੜੇ ਗਾਉਂਦੇ ਨੇ ਪਿਆਰ
ਉਹ ਗ਼ਲਤ ਗਾਉਂਦੇ ਨੇ
ਉਹ ਗਾਉਂਦੇ ਨੇ ਤਿਰੰਗਾ
ਉਹ ਗ਼ਲਤ ਗਾਉਂਦੇ ਨੇ
ਉਹ ਗਾਉਂਦੇ ਨੇ ਮੋਨਾ-ਲੀਜ਼ਾ
ਜਾਂ ਸੁੰਦਰੀ ਯੂਨਾਨ ਦੀ
ਉਹ ਗ਼ਲਤ ਗਾਉਂਦੇ ਨੇ
ਉਹ ਗਾਉਂਦੇ ਨੇ ਬਿਰਹਾ ਬਿਰਹਾ
ਉਹ ਗ਼ਲਤ ਗਾਉਂਦੇ ਨੇ
ਉਹ ਨੱਚਦੇ ਹਨ
ਵਿਚਾਰੀ ਥਾਂ ਰੋਂਦੀ ਹੈ

# # ਧੱਕਾ, ਜ਼ੁਲਮ ਜ਼ੋਰ-ਜਬਰਦਸਤੀ ਨੂੰ ਚੁੱਪ-ਚਾਪ ਸਹਿ ਜਾਣ ਵਾਲਿਆਂ ਨੂੰ ਵੀ ਹੀਜੜਾ ਕਿਹਾ ਜਾਂਦਾ ਹੈ

Friday, 6 July 2012

ਸਸਤਾ ਸੌਦਾ - ਲਾਲ ਸਿੰਘ ਦਿਲ

ਤਿੰਨ ਪੈਸੇ ਦਾ ਰੰਗ ਲਿਆਵਾਂ
ਦੋ ਪੈਸੇ ਦੀ ਅੱਟੀ
ਮੱਥੇ ਉਤੇ ਤਿਲਕ ਲਗਾਵਾਂ
ਧੋਤੀ ਪਹਿਨਾਂ ਖੱਟੀ
ਮੂੰਹ ਰੰਗ ਚੌਰਾਹੇ ਬੈਠਾਂ
ਸ਼ਾਮਲਾਤ ਜਾਂ ਹੱਟੀ
ਆਪੇ ਰਾਮ ਬਣਾ ਜਾਂ ਲਛਮਣ
ਪੂਜਣ ਜੱਟਾ ਜੱਟੀ
ਮੇਲੇ ਭੀੜਾਂ ਵਿਚ ਗੁਆਚਾਂ
ਦੌਲਤ ਹੋਏ ਇੱਕਠੀ
ਏਨੀ ਦੌਲਤ ਏਨੀ ਦੌਲਤ
ਜਿਉਂ ਪਾਰਸ ਦੀ ਵੱਟੀ
ਦਾਖ ਨਰੇਲ ਨਾਰੀਅਲ ਚੋਖਾ
ਤੇ ਦਾਰੂ ਦੀ ਮੱਟੀ
ਤਿੰਨ ਪੈਸੇ ਦਾ ਰੰਗ ਲਿਆਵਾਂ
ਦੋ ਪੈਸੇ ਦੀ ਅੱਟੀ

................................... ਲਾਲ ਸਿੰਘ ਦਿਲ

Sunday, 1 July 2012

ਥਕੇਵਾਂ - ਲਾਲ ਸਿੰਘ ਦਿਲ

ਕੁਝ ਵੀ ਕਰਨ ਨੂੰ
ਤੇ ਨਾ ਕਰਨ ਨੂੰ
ਦਿਲ ਨਹੀਂ ਕਰਦਾ
ਬੰਦ ਕੀੜੇ ਵਾਂਗ ਸੋਚ ਤੁਰਦੀ ਹੈ
ਜੇ ਕੋਈ ਕਹੇ :
‘ਤੇਰੀ ਸਜਣ ਕੁੜੀ ਗੱਡੀ ਦੇ ਪਹੀਏ ਹੇਠ ਕੁਚਲੀ ਗਈ’
ਤਾਂ ਵੀ ਸ਼ਇਦ..........................................
ਜੇ ਪਤਾ ਚਲੇ :
ਭਰਾ ਪਾਗਲ ਹੋ ਗਿਆ ਹੈ
ਤਾਂ ਰਤਾ ਤੜਪਾਂਗਾ
ਜੇ ਕੋਈ ਕਹੇ :
ਤੇਰੀ ਮਾਂ ਪੁਲਸ ਨੇ ਨੰਗੀ ਕਰ ਦਿੱਤੀ
ਤਾਂ ਇਹ ਸਧਾਰਨਤਾ ਲੰਘ ਜਾਏਗੀ
ਗਡੀ ਦੇ ਪਹੀਏ ਵਾਂਙ
ਬਿਨਾ ਤੜਪਿਆਂ,

ਥਕੇਵਾਂ ਸਿਰਫ਼ ਅੰਗਾਂ ’ਚ ਹੈ,
ਦੀਵੇ ਦੀ ਰੌਸ਼ਨੀ ’ਚ
ਮੱਝ ਦਾ ਆਨਾ ਚਮਕਦਾ ਹੈ
ਜਿਸਦਾ ਗੋਹਾ ਚੁਕਣ ਲਗਿਆਂ ਰੋਜ਼
ਸ਼ੈਕਸਪੀਅਰ ਮਹਿਸੂਸ ਕਰਦਾਂ ਆਪਣੇ ਆਪ ਨੂੰ
ਜਿਸ ਦੀਆਂ ਆਣਗਿਣਤ ਸ਼ਾਮਾਂ ਤੇ ਸਵੇਰਾਂ
ਲਿੱਦ ਸੁੰਘਦੀਆਂ ਸਨ

ਮੇਰੀਆਂ ਬਾਹਾਂ ਦਾ ਬਲ
ਨਾ ਘਟਦਾ ਹੈ ਨਾ ਵਧਦਾ ਹੈ
ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ
ਇਹ ਪਰਬਤ ਉਠਾ ਦੇਵਾਂ
ਕਹੀ ਦੇ ਚੇਪੇ ਵਾਂਙ
ਹੂੰਝ ਦੇਵਾਂ ਇਹ ਭਵਨ ਸੜਕਾਂ ਤੋਂ,

ਕੁੱਤੇ ਭੌਂਕਦੇ ਹਨ:
ਮੇਰਾ ਘਰ, ਮੇਰਾ ਘਰ’
ਜਗੀਰਦਾਰ:
’ਮੇਰਾ ਪਿੰਡ ਮੇਰੀ ਸਲਤਨਤ”
ਲੀਡਰ:
"ਮੇਰਾ ਦੇਸ਼, ਮੇਰਾ ਦੇਸ਼"
ਲੋਕ ਕਹਿੰਦੇ ਹਨ
"ਮੇਰੀ ਕਿਸਮਤ, ਮੇਰੀ ਕਿਸਮਤ"
ਮੈਂ ਕੀ ਆਖਾਂ?
ਕੁਝ ਵੀ ਕਰਨ ਨੂੰ
ਤੇ ਨਾ ਕਰਨ ਨੂੰ
ਦਿਲ ਨਹੀਂ ਕਰਦਾ

ਮੇਰਾ ਭਰਾ ਸੱਜਣ ਕੁੜੀ, ਮਾਂ, ਦੇਸ਼
ਕੁਝ ਵੀ ਨਹੀਂ ਮੇਰਾ
ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ...

.......................... ਲਾਲ ਸਿੰਘ ਦਿਲ

Friday, 1 June 2012

ਸੰਸਕ੍ਰਿਤੀ - ਲਾਲ ਸਿੰਘ ਦਿਲ

ਤੂੰ ਕੀ ਏਂ ?
ਕਿਉਂ ਚਿਹਰਾ ਲੁਕਾਇਆ ਏ ?
ਓਹਲਿਆਂ ’ਚ ਤੁਰਦੀ ਏਂ ਕਿਉਂ ?
ਕਿਉਂ ਨਹੁੰ ਵੀ ਲੁਕਾਏ ਨੇ ਆਪਣੇ ?
ਆਖ਼ਰ ਤੂੰ ਹੈ ਕੌਣ ?

ਉਸ ਬੰਦੇ ਨੂੰ ਕਿਤੇ ਵੇਖੋ
ਜੋ ਦਿਨ ਰਾਤ ਭਾਰਾ ਰੱਥ ਖਿੱਚਦਾ ਹੈ
ਉਸਦੇ ਕੰਨਾਂ ’ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ
ਉਸ ਦੇ ਪਿੰਡੇ ਤੇ ਉਨ੍ਹਾਂ ਬੈਂਤਾਂ ਦੀਆਂ ਲਾਸਾਂ ਹਨ
ਜਿਨ੍ਹਾਂ ਨੂੰ ਵਰਤਦੇ ਰਹੇ ਰਜਵਾੜੇ, ਕਿਤੋਂ ਦੇ ਵੀ
ਉਹ ਜ਼ਰੂਰ ਪਛਾਣਦਾ ਹੋਏਗਾ

ਉਹ ਰਾਤਾਂ ’ਚ ਕਦੇ ਕਦੇ
ਅੰਬਰ ਜੇਡਾ ਹੌਕਾ ਭਰਦਾ ਹੈ
ਤਾਰੇ ਮੁਰਝਾ ਜਿਹੇ ਜਾਂਦੇ ਹਨ
ਉਹ ਕਹਿੰਦਾ ਹੈ
ਧਰਤੀ ਮੇਰੀ ਪਹਿਲੀ ਮੁਹੱਬਤ ਹੈ
ਉਹ ਜ਼ਿਕਰ ਕਰਦਾ ਹੈ
"ਇਹ ਤਾਰੇ ਅਸਮਾਨ ਵਿਚ
ਮੈਂ ਜੜੇ ਸਨ"
ਉਹ ਈਸਾ ਦੇ ਵਤਨਾਂ ’ਚ ਫਿਰਿਆ ਹੈ
ਉਹ ਗੌਤਮ ਦੇ ਮੁਲਕਾਂ ’ਚ ਤੁਰਿਆ ਹੈ
ਉਸਦੇ ਕੰਨਾਂ ’ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ

........................................................... ਲਾਲ ਸਿੰਘ ਦਿਲ

Sunday, 6 May 2012

ਗ਼ਜ਼ਲ - ਲਾਲ ਸਿੰਘ ਦਿਲ

ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ ਹੁੰਦੇ ਨੇ
ਬੜੇ ਹੀ ਜਿਗਰੇ ਲੋਕਾਂ ਦੇ ਜਿਨ੍ਹਾਂ ਵਾਲਾਂ ਚ ਗੁੰਦੇ ਨੇ

ਅਸਾਡਾ ਹੌਂਸਲਾ ਵੀ ਧਿਆਨ ਖਿਚੇਗਾ ਬਜ਼ਾਰਾਂ ਦਾ
ਸ਼ਹਿਰ ਤੇਰੇ ’ਚ ਸੁਣਿਆ ਹੈ ਸਿਰਾਂ ਦੇ ਮੁੱਲ ਹੁੰਦੇ ਨੇ

ਪਲਕਾਂ ਢੋਣ ਤੋਂ ਪਹਿਲਾਂ ਹੀ ਆ ਬਹਿੰਦੈ ਨਜ਼ਰ ਅੰਦਰ
ਨਿਹੋਰੇ ਨਾਲ ਸੂਰਜ ਤੋਂ ਬਥੇਰੇ ਨੈਣ ਮੁੰਦੇ ਨੇ

ਜਿਸਦਾ ਨਾਂ ਸੁਣਨ ਤੇ ਕੰਨਾਂ ’ਚ ਪੈ ਜਾਂਦਾ ਰਿਹਾ ਸਿੱਕਾ
ਪਰ ਉਸ ਪ੍ਰਭਾਤ ਦੇ ਕੰਨਾਂ ’ਚ ਤਾਂ ਚਾਨਣ ਦੇ ਬੁੰਦੇ ਨੇ

ਚਲੀ ਜਾਵੇਗੀ ਧਰਤੀ ਤੋਂ ਅਸਾਡੀ ਲਾਸ਼ ਦੀ ਬੂ ਵੀ
ਕਿ ਧੁਲ ਕੇ ਖ਼ੂਨ ਦੇ ਹੀ ਨਾਲ ਜ਼ੱਰੇ ਪਾਕ ਹੁੰਦੇ ਨੇ

.........................................................-ਲਾਲ ਸਿੰਘ ਦਿਲ

Monday, 23 January 2012

ਅਜੂਬਾ - ਲਾਲ ਸਿੰਘ ਦਿਲ

ਦਿਲ ਦੀ ਕਵਿਤਾ ਵਿਚ ਔਰਤ ਦੀ ਵੇਦਨਾ ਨੂੰ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ਹੈ. ਇਸ ਨਜ਼ਮ ਵਿਚ ਇਹ ਸ਼ਿਅਰ
"ਔਰਤ ਦੇ ਨੈਣੀ ਹੰਝੂ ਹਨ ਇਸੇ ਲਈ ਸਾਗਰ ਖਾਰੇ ਹਨ" ਬਹੁਤ ਧਿਆਨ ਮੰਗਦਾ ਹੈ.

ਔਰਤ ਇਕ ਅਜੂਬਾ ਹੈ ਧਰਤੀ ਦਾ
ਬਾਕੀ ਤਾਂ ਗਿਣਤੀ ਹੈ ਪਿੱਛੇ ਦੀ
ਜਿਹੜਾ ਆਦਿ ਕਾਲ ਤੋਂ ਜੀਵਨ ਦਾ ਅੰਮ੍ਰਿਤ ਦੇਂਦਾ ਹੈ
ਨਿੱਤ-ਨਵੇਂ ਇਸ ਚਿੱਤਰ ਅੰਦਰ, ਮਤਲਬ ਭਰਦਾ ਹੇ
ਆਦਿ ਕਾਲ ਤੋਂ ਨੈਣ ਏਸ ਨੂੰ ਤੱਕ ਨਾ ਰੱਜੇ
ਖੋਹਾਂ ਹੋਰ ਡੂੰਘੀਆਂ ਹੋਈਆਂ
ਲੋਕ ਕਹਿਣ ਕਿ ਬਲਦ ਦੇ ਸਿੰਙਾਂ ’ਤੇ ਧਰਤੀ
ਮੈਂ ਮੁਨਕਰ ਹਾਂ
ਪਰ ਮੇਰਾ ਵਿਸ਼ਵਾਸ ਅਟੱਲ ਹੈ
ਕਿ ਆਪਣੇ ਹੱਥਾਂ ਉੱਤੇ ਧਰਤੀ
ਔਰਤ ਨੇ ਹੈ ਚੁੱਕੀ ਹੋਈ
ਇਸੇ ਲਈ ਤਾਂ ਮਹਿਕ ਧਰਤ ਦੀ ਬਦਨ ਜਿਹੀ ਹੈ
ਇਸੇ ਲਈ ਤਾਂ ਲਹਿਰਨ ਫ਼ਸਲਾਂ ਪੱਲੂਆਂ ਵਾਕਣ
ਇਸੇ ਲਈ ਤਾਂ ਧਰਤੀ ਦੇ ਪਾਣੀ
ਏਨੇ ਨਿਰਮਲ ਤੇ ਠੰਡੇ ਹਨ
ਇਸੇ ਲਈ ਚਾਨਣ ਦੀ ਰਾਤੇ ਖੜਕਣ ਪੱਤੇ
ਜਿਵੇਂ ਸਿਤਾਰੇ ਜੜੀਆਂ ਚੁੰਨੀਆਂ
ਇਸੇ ਲਈ ਫੁਲਾਂ ਉੱਤੇ ਬੁੱਲ੍ਹਾਂ ਵਰਗਾ ਭੋਲਾਪਨ ਹੈ
ਤਿਤਲੀਆਂ ਵਿਚ ਨੈਣਾ ਦੀ ਮਸਤੀ
ਧਰਤੀ ਤੇ ਔਰਤ ਦੀ ਪੀੜਾ ਕਿੰਨੀ ਇਕ ਹੈ
ਮਿਹਨਤ ਦੇ ਹਿੱਸੇ ਭੁੱਖਾਂ ਹਨ
ਸਿਤਮ ਦੇ ਨੈਣੀ ਹੰਝੂ ਹਨ
ਔਰਤ ਦੇ ਨੈਣੀ ਹੰਝੂ ਹਨ
ਇਸੇ ਲਈ ਸਾਗਰ ਖਾਰੇ ਹਨ
ਅੱਜ ਇਸ ਨੂੰ ਗੌਰਵ ਪਿਆਰਾ ਹੈ
ਅੱਜ ਇਸ ਦੇ ਨੇੜੇ ਤਾਰੇ ਹਨ
ਔਰਤ ਇਕ ਅਜੂਬਾ ਹੈ ਧਰਤੀ ਦਾ.

........................................................................- ਲਾਲ ਸਿੰਘ ਦਿਲ

Tuesday, 17 January 2012

ਪੰਜਾਬ - ਲਾਲ ਸਿੰਘ ਦਿਲ

ਹਰ ਪਾਸੇ ਪੰਜਾਬ ਏ
ਸਭ ਪਾਸੇ ਰੁਖਾਂ ’ਚ ਘਿਰੇ ਪਿੰਡ ਹਨ
ਘਾਹ ਦੀਆਂ ਗੰਢਾਂ ਹੇਠ
ਸਿਞਾਣੇ ਨਹੀਂ ਜਾਂਦੇ ਲਿਬਾਸ
ਮੈਲਾ ਪਰਨਾ
ਵਧੀ ਦਾਹੜ੍ਹੀ
ਕੰਡ ਤੇ ਮੁੜ੍ਹਕੇ ਦਾ ਕਾਲਾ ਕੀਤਾ ਝੱਗਾ
ਲੱਤਾਂ ਨੰਗੀਆਂ
ਪੈਰ ਪਾਟੇ
ਕੀ ਬੰਗਾਲ
ਕੀ ਕੇਰਲਾ
ਪਸ਼ੂਆਂ ਪਿੱਛੇ ਜਾਂਦੇ ਛੇੜੂ
ਧੂੜ ਵਿਚ ਹਰ ਪਾਸੇ ਪੰਜਾਬੀ ਲੱਗਦੇ ਹਨ.
ਰਾਹਾਂ ਦੇ
ਪਿੱਪਲ
ਖਜੂਰਾਂ
ਬੱਦਲ
ਹਰ ਪਾਸੇ ਮਾਛੀਵਾੜਾ ਏ

................................................ਲਾਲ ਸਿੰਘ ਦਿਲ

Wednesday, 11 January 2012

ਵੇਸਵਾਵਾਂ ਤ੍ਰੀਮਤਾਂ ………… - ਲਾਲ ਸਿੰਘ ਦਿਲ

ਮਿਤਰੋ!
ਜਿਨਾ ਮਰਜ਼ੀ ਘ੍ਰਿਣਤ ਤੁਸੀਂ ਮੈਨੂੰ ਸਮਝੋ
ਇਹ ਵੇਸਵਾਵਾਂ ਤ੍ਰੀਮਤਾਂ ਕੁੜੀਆਂ
ਮੇਰੀਆਂ ਮਾਂਵਾਂ, ਭੈਣਾਂ ਤੇ ਧੀਆਂ ਹਨ
ਤੇ ਤੁਹਾਡੀਆਂ ਵੀ,
ਇਹ ਗਊਆਂ ਪੂਜਣ ਵਾਲੇ ਹਿੰਦੁਸਤਾਨ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਅਹਿੰਸਾ ਤੇ ਬੁੱਧ ਦੇ ਪੁਜਾਰੀ ਭਾਰਤ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਇਹ ਵੱਡੇ ਪੂੰਜੀਦਾਰਾਂ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਜੇ ਨਹੀਂ
ਤਾਂ ਇਹ ਆਉਣ ਵਾਲੇ ਇਨਕਲਾਬ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ.
................................................... - ਲਾਲ ਸਿੰਘ ਦਿਲ

Friday, 6 January 2012

ਕੋਹਲੂ - ਲਾਲ ਸਿੰਘ ਦਿਲ

ਚਲਦਾ ਹੈ ਕੋਹਲੂ ਨੱਚੇ ਪਿਆ
ਉਹ ਵੀ ਪਿਸ ਜਾਊ ਜੋ ਬਚੇ ਪਿਆ
ਮਿਟ ਜਾਂਦੇ ਨੇ ਸਭ ਦੇ ਸਭ ਹੀ ਵਿਖਰੇਵੇਂ
ਨਾ ਟੋਕਰੀ ਵਾਲਾ ਹਟੇ ਪਿਆ
ਉੱਡ ਰਹੀਆਂ ਖੁਸ਼ਬੋਆਂ ਮਿਟ ਕੇ
ਤੇਲ ਤੁਪਕਾ ਤੁਪਕਾ ਰਸੇ ਪਿਆ
ਮਿਟਦੀ ਏਥੇ ਤੇਰੀ ਮੇਰੀ ਦਿਨ ਰਾਤੀਂ
ਇਹ ਕੋਹਲੂ ਸੁਸਤ ਨਾ ਕਦੇ ਪਿਆ
ਭਰ ਭਰ ਕੇ ਮਜ਼ਦੂਰ ਪਾਉਂਦੇ ਨੇ ਦਾਣੇ
ਚੰਨ ਚਮਕੇ ਸੂਰਜ ਤਪੇ ਪਿਆ
ਪਈ ਟਿਕ ਟਿਕ ਸੁਣਦੀ ਕੋਹਲੂ ਦੀ
ਮੇਰੇ ਅੰਦਰ ਕਵਿਤਾ ਰਚੇ ਪਿਆ
ਆਕੜ ਫੁੱਟਦੀ ਤਿੜ ਤਿੜ ਹੁੰਦੀ
ਮਜ਼ਦੂਰ ਖੁਸ਼ੀ ਤੇ ਅੜੇ ਪਿਆ
ਦੇਖਾਂ ਘੂੰਗਰੂ ਖੜਕਣ ਐ ਦਿਲ
ਕੰਮ ਤਾਂ ਖਾਸਾ ਅਜੇ ਪਿਆ

....................................................... - ਲਾਲ ਸਿੰਘ ਦਿਲ

Sunday, 1 January 2012

ਕੰਮ ਤੋਂ ਪਿਛੋਂ - ਲਾਲ ਸਿੰਘ ਦਿਲ

ਦਿਨ ਭਰ ਦੀ ਮਿਹਨਤ ਮਗਰੋਂ
ਉਹ ਲੜਾਂ ਨਾਲ ਬੰਨ੍ਹ ਲੈਂਦੇ
ਆਪਣੇ ਬੱਚੇ ਦੀ ਦਿਨ ਭਰ ਦੀ ਮਿਹਨਤ ਦਾ ਮੁੱਲ
ਦੋ ਰੋਟੀਆਂ ਦੀ ਵਕਾਲਤ ਕਰਦੇ ਹਨ
ਖੁਸ਼ਾਮਦੀ ਬਣਦੇ ਹਨ
ਮੁੰਡੇ ਦੀ ਮਾਂ ਦਾ ਹਾਲ ਦੱਸਦੇ ਹਨ
ਉੱਚੀ ਹੱਸਦੇ ਹਨ
ਬਹੁਤ ਚੁੱਪ ਕਰਦੇ ਹਨ
ਚਲੇ ਜਾਂਦੇ ਹਨ

.......................................- ਲਾਲ ਸਿੰਘ ਦਿਲ

Thursday, 22 December 2011

ਪੈੜ - ਲਾਲ ਸਿੰਘ ਦਿਲ

ਕੀ ਤੁਹਾਨੂੰ ਦਿੱਸਦਾ ਹੈ
ਹਰ ਰੁੱਖ ਨੱਚਦਾ ਹੈ
ਰਾਹਾਂ ਦੀ ਧੂੜ ਸਾਹ ਲੈਂਦੀ ਹੈ
ਖੂਹਾਂ ਦਾ ਪਾਣੀ ਬਾਹਰ ਆਉਂਦਾ ਹੈ
ਨਹਿਰ ਦੀਆਂ ਛੱਲਾਂ ’ਚ ਜੀਵਨ ਹੈ
ਕਿਸਾਨ ਤੁਰ ਪਏ ਹਨ
ਰਾਹਾਂ ਤੇ ਉਘੜ ਆਈ ਹੈ - ਜੁਝਾਰੂਆਂ ਦੀ ਪੈੜ
ਚੰਨ ਆਪਣਾ ਨਿੱਕਾ ਪੰਧ ਮੁਕਾ ਬੈਠਾ ਹੈ

................................................................. - ਲਾਲ ਸਿੰਘ ਦਿਲ

Monday, 19 December 2011

ਸਤਲੁਜ ਦੀਏ ’ਵਾਏ ਨੀ - ਲਾਲ ਸਿੰਘ ਦਿਲ

ਪ੍ਰੀਤ ਤੇਰੇ ਨਾਲ ਸਾਡੀ ’ਵਾਏ ਨੀ
ਫੇਰ ਅਸੀਂ ਕੋਲ ਤੇਰੇ ਆਏ ਨੀ
ਦਿਲ ਪਹਿਚਾਣ ਸਾਡਾ ਉਠ ਕੇ
ਸਿਰ ਅਸੀਂ ਨਾਲ ਨਾ ਲਿਆਏ ਨੀ
ਆਏ ਸੱਤਾਂ ਸਾਗਰਾਂ ਨੂੰ ਚੀਰ ਕੇ
ਪਾਣੀ ਤੇਰਿਆਂ ਦੇ ਤ੍ਰਿਹਾਏ ਨੀ
ਪਿਆਰ ਤੇਰਾ ਛੋਹੇ ਜਿਹੜੇ ਦਿਲ ਨੂੰ
ਉਹ ਸੂਰਜਾਂ ਦੀ ਅੱਗ ਬਣ ਜਾਏ ਨੀ
ਬੀਜ ਉਹ ਬਗਾਵਤਾਂ ਦੇ ਬੀਜਦਾ
ਗੀਤ ਉਹ ਆਜ਼ਾਦੀਆਂ ਦੇ ਗਾਏ ਨੀ

................................. - ਲਾਲ ਸਿੰਘ ਦਿਲ

Saturday, 17 December 2011

ਮਾਇਆ - ਲਾਲ ਸਿੰਘ ਦਿਲ

ਅੰਤਿਮ ਜਿੱਤ ਦੇ ਨਸ਼ੇ ’ਚ
ਮਾਇਆ ਦੇ ਢੇਰ ਤੇ ਜਾ
ਬੈਠਣ ਵਾਲੇ
ਭੁੱਲ ਗਏ
ਕਿ ਮੱਖੀ-ਭਖ਼ਸ਼ ਰੁੱਖ ਵਾਂਙ
ਇਹ ਮਾਇਆ ਦਾ ਢੇਰ
ਮੂੰਹ ਖੋਲ੍ਹਦਾ ਹੈ
ਤੇ ਭਖ਼ਸ਼ ਕਰ ਲੈਂਦਾ ਹੈ

..................... - ਲਾਲ ਸਿੰਘ ਦਿਲ

Tuesday, 13 December 2011

ਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼ - ਲਾਲ ਸਿੰਘ ਦਿਲ

ਮੈਨੂੰ ਕਿਸੇ ਗ਼ੈਰ ਵਿਦਰੋਹੀ
ਨਜ਼ਮ ਦੀ ਤਲਾਸ਼ ਹੈ
ਤਾਂ ਕਿ ਮੈਨੂੰ ਕੋਈ ਦੋਸਤ
ਮਿਲ ਸਕੇ
ਮੈਂ ਆਪਣੀ ਸੋਚ ਦੇ ਨਹੁੰ
ਕੱਟਣੇ ਚਾਹੁੰਦਾ ਹਾਂ
ਤਾਂ ਕਿ ਮੈਨੂੰ ਕੋਈ
ਦੋਸਤ ਮਿਲ ਸਕੇ
ਮੈਂ ਤੇ ਉਹ
ਸਦਾ ਲਈ ਘੁਲ ਮਿਲ ਜਾਈਏ.
ਪਰ ਕੋਈ ਵਿਸ਼ਾ
ਗ਼ੈਰ ਵਿਦਰੋਹੀ ਨਹੀਂ ਮਿਲਦਾ
ਤਾਂ ਕਿ ਮੈਨੂੰ ਕੋਈ
ਦੋਸਤ ਮਿਲ ਸਕੇ.
..............Lal Singh Dil

Wednesday, 7 December 2011

ਗੀਤ - ਲਾਲ ਸਿੰਘ ਦਿਲ

ਦਿਓ ਕੋਈ ਸਮਾਜ ਖੁੱਲ੍ਹਾ-ਡੁੱਲ੍ਹਾ
ਅੰਬਰੀ ਨੀਲੱਤਣਾਂ ਤੋਂ ਖੁੱਲ੍ਹਾ
ਇਕ ਪਰਿਵਾਰ, ਇਕ ਪਿਆਨੇ
ਇਕ ਪਰਿਵਾਰ ਇਕ ਚੁੱਲ੍ਹਾ
ਗਿਰਜੀਂ ਮਸੀਤੀਂ ਝੁੱਲੇ ਨ੍ਹੇਰੀ
ਮੰਦਰ ਉਡਾਏ ਕੋਈ ਬੁੱਲ੍ਹਾ
ਗੀਤ ਕੋਈ ਮਿਹਨਤਾਂ ਦੇ ਗਾਏ
ਛੱਡ ਰਾਂਝਾ ਹੀਰ ਭੱਟੀ ਦੁੱਲਾ
ਬੁੱਕਲਾਂ ’ਚੋਂ ਖੋਹੇ ਨਾ ਕੋਈ ਦਾਣੇ
ਕੱਜਣਾ ਤੋਂ ਲਾਹੇ ਨਾ ਕੋਈ ਜੁੱਲਾ
ਛੇੜੋ ਛੇੜੋ ਦਿਲ ਦੀਆਂ ਗੱਲਾਂ
ਕਰੋ ਕਿਤੇ ਕੋਈ ਹੱਲਾ-ਗੁੱਲਾ

.................................... - ਲਾਲ ਸਿੰਘ ਦਿਲ

Monday, 28 November 2011

ਸਾਨ੍ਹ - ਲਾਲ ਸਿੰਘ ਦਿਲ

ਬਹੁਤ ਛਟਪਟਾਇਆ ਸਾਨ੍ਹ
ਖੱਸੀ ਹੋਣ ਤੋਂ ਪਹਿਲਾਂ
ਮਸੀਤ ਹੀ ਢਾਹ ਸੁੱਟੀ.
ਹੁਣ ਉਹ ਪਹਿਲੇ ਸੰਸਾਰ ਨੂੰ ਦੇਖ ਹੀ ਨਹੀਂ ਰਿਹਾ
ਅੱਕ ਦੀ ਰੂਈਂ ਵਾਂਗ ਹਵਾ ’ਚ ਤੁਰਿਆ ਫਿਰਦਾ ਹੈ.
ਪਹਿਲਾਂ ਜੋ ਬੁੜ੍ਹਕਦਾ ਸੀ
ਮਿੱਟੀ ਖੁਰਚਦਾ ਸੀ,
ਮਿੱਟੀ ਖੁਰਚਦੇ ਸਿੰਙਾਂ ਦੀ ਖੁਜਲੀ ਰੁਕ ਗਈ
ਹੁਣ ਕੋਈ ਫਰਕ ਨਹੀਂ ਰਹਿ ਗਿਆ
ਉਸ ਲਈ
ਬੁੜ੍ਹਕਣ ਤੇ ਚੁੱਪ ਹੋਣ ਦਾ
’ਹੁਤ’ ਕਰਨ ’ਤੇ
ਜੂਲੇ ਹੇਠ ਸਿਰ ਦੇਣ ਦਾ