Popular posts on all time redership basis

Tuesday, 26 June 2012

ਕਦੇ ਬੁਝਦੀ ਜਾਂਦੀ ਉਮੀਦ ਹਾਂ - ਸੁਖਵਿੰਦਰ ਅੰਮ੍ਰਿਤ

ਕਦੇ ਬੁਝਦੀ ਜਾਂਦੀ ਉਮੀਦ ਹਾਂ
ਕਦੇ ਜਗਮਗਾਉਂਦਾ ਯਕੀਨ ਹਾਂ
ਤੂੰ ਗ਼ੁਲਾਬ ਸੀ ਜਿੱਥੇ ਬੀਜਣੇ
ਮੈਂ ਉਹੀ ਉਦਾਸ ਜ਼ਮੀਨ ਹਾਂ

ਮੈਨੂੰ ਭਾਲ ਨਾ ਮਹਿਸੂਸ ਕਰ
ਮੇਰਾ ਸੇਕ ਸਹਿ, ਮੇਰਾ ਦਰਦ ਜਰ
ਤੇਰੇ ਐਨ ਦਿਲ ਵਿਚ ਧੜਕਦੀ
ਕੋਈ ਰਗ ਮੈਂ ਬਹੁਤ ਮਹੀਨ ਹਾਂ

ਓਹੀ ਜ਼ਿੰਦਗੀ ਦੀ ਨਾਰਾਜ਼ਗੀ
ਓਹੀ ਵਕਤ ਦੀ ਬੇਲਿਹਾਜ਼ਗੀ
ਓਹੀ ਦਰਦ ਮੁੱਢ-ਕਦੀਮ ਦਾ
ਪਰ ਨਜ਼ਮ ਤਾਜ਼ਾ-ਤਰੀਨ ਹਾਂ

ਹੁਣ ਹੋਰ ਬਹਿਸ ਫ਼ਜ਼ੂਲ ਹੈ
ਇਹ ਚੰਨ ਨੂੰ ਦਾਗ਼ ਕਬੂਲ ਹੈ
ਕਿ ਮੈਂ ਸ਼ੀਸ਼ਿਆਂ ਤੋਂ ਕੀ ਪੁੱਛਣਾ
ਜੇ ਤੇਰੀ ਨਜ਼ਰ ‘ਚ ਹੁਸੀਨ ਹਾਂ

ਮੈਂ ਪਿਘਲ ਰਹੀ ਤੇਰੇ ਪਿਆਰ ਵਿਚ
ਅਤੇ ਢਲ ਰਹੀ ਇਜ਼ਹਾਰ ਵਿਚ
ਉਹ ਹਨ੍ਹੇਰ ਵਿਚ ਮੈਨੂੰ ਢੂੰਡਦੇ
ਤੇ ਮੈਂ ਰੋਸ਼ਨਾਈ ‘ਚ ਲੀਨ ਹਾਂ

ਕੋਈ ਦਰਦ ਪੈਰਾਂ ‘ਚ ਵਿਛ ਗਿਆ
ਕੋਈ ਜ਼ਖ਼ਮ ਸੀਨੇ ਨੂੰ ਲਗ ਗਿਆ
ਇਕ ਹਾਦਸੇ ਨੇ ਇਹ ਦੱਸਿਆ
ਮੈਂ ਅਜੇ ਵੀ ਦਿਲ ਦੀ ਹੁਸੀਨ ਹਾਂ

ਮੈਨੂੰ ਹਰ ਤਰ੍ਹਾਂ ਹੀ ਅਜ਼ੀਜ਼ ਹੈ
ਇਹ ਜੋ ਖਾਰਾ ਸਾਗਰ ਇਸ਼ਕ ਦਾ
ਕਦੇ ਮਚਲਦੀ ਹੋਈ ਲਹਿਰ ਹਾਂ
ਕਦੇ ਤੜਪਦੀ ਹੋਈ ਮੀਨ ਹਾਂ

.................................-ਸੁਖਵਿੰਦਰ ਅੰਮ੍ਰਿਤ

No comments:

Post a Comment