Popular posts on all time redership basis

Thursday, 12 April 2012

ਸੰਵਾਦ - ਜਗਮੋਹਨ ਸਿੰਘ

ਦੋਸਤੋ
ਸਾਡੇ ਕੋਲ
ਸ਼ਬਦ ਹਨ
ਆਵਾਜ਼ ਹੈ
ਸੰਵਾਦ ਨਹੀਂ.

ਝਕਾਈ ਦੇਂਦੇ ਹਾਂ
ਅਸੀਂ ਇਕ ਦੂਜੇ ਨੂੰ
ਹਰ ਵੇਲੇ ਹਰ ਰੋਜ਼
ਕੋਸ਼ਿਸ਼ ਕਰਦੇ ਹਾਂ ਹਰਦਮ
ਨਕਲ ਦਿਖਾਉਣ ਦੀ
ਅਸਲ ਲੁਕਾਉਣ ਦੀ
ਬੋਲਦੇ ਹਾਂ ਉੱਚੀ
ਸੱਚ ਛੁਪਾਉਣ ਲਈ
ਧੌਂਸ ਜਮਾਉਣ ਲਈ
ਅੰਤਰ-ਆਤਮਾ ਨੂੰ
ਧਮਕਾਉਣ ਲਈ
ਸੰਵਾਦ ਨਹੀਂ ਹੈ ਇਹ

ਕੁੱਤਾ ਹੈ ਮੇਰਾ
ਸ਼ਬਦ ਨਹੀਂ ਹਨ
ਉਸ ਕੋਲ
ਆਵਾਜ਼ ਨਹੀਂ ਹੈ
ਗੱਲ ਸਮਝਦਾ ਹੈ
ਸਮਝਾਉਂਦਾ ਹੈ,
ਗਿਣਤੀ-ਮਿਣਤੀ ਨਹੀਂ ਹੈ
ਹਿਰਦਾ ਹੈ ਇਕ
ਨਿਰਮਲ ਨਿਰਛਲ
ਪਾਰਦਰਸ਼ੀ
ਜਿਸ ਵਿਚ
ਕੁਝ ਨਹੀਂ ਲੁਕਦਾ
ਨਾ ਪਿਆਰ
ਨਾ ਨਫ਼ਰਤ

ਦੋਸਤੋ
ਅਸਾਂ ਤਾਂ ਕਿਲੇਬੰਦੀ ਕੀਤੀ ਹੋਈ ਹੈ
ਦਿਲ ਦੀ
ਅੰਦਰ ਝਾਤ ਪੈਣੀ ਅਸੰਭਵ ਹੈ
ਸਾਡੇ ਕੋਲ ਤਾਂ
ਸ਼ਬਦ ਹਨ
ਆਵਾਜ਼ ਹੈ
ਸੰਵਾਦ ਨਹੀਂ.

...........................................- ਜਗਮੋਹਨ ਸਿੰਘ

No comments:

Post a Comment