Popular posts on all time redership basis

Wednesday, 22 February 2012

ਉਸ ਪਾਰ - ਪਰਮਿੰਦਰ ਸੋਢੀ

ਨਦੀ ਤੋਂ ਪਾਰ ਹੈ
ਨਦੀ ਇਕ ਹੋਰ
ਉਸ ਵਿਚ ਵਹਿ ਰਹੇ
ਬੇੜੀ ’ਚ ਸਵਾਰ
ਤੂੰ ਤੇ ਤੇਰਾ ਪਿਆਰ
ਮੈਂ ਛੁਹ ਸਕਾਂ ਨਾ.........

ਘਰ ਦੇ ਅੰਦਰ
ਘਰ ਇਕ ਹੋਰ
ਉਸ ਵਿਚ ਰਹਿ ਰਹੇ
ਇਕ ਬੱਚੇ ਦੀਆਂ
ਅੱਖਾਂ ’ਚ ਉਗਮ ਰਹੇ
ਸੁਪਨੇ ਨੀਲਾਂਬਰੀ
ਮੈਂ ਛੁਹ ਸਕਾਂ ਨਾ.........


ਉਸ ਬੰਦੇ ਅੰਦਰ ਹੈ
ਇਕ ਹੋਰ ਬੰਦਾ
ਜਿਸ ਦੇ ਦਿਲ ਵਿਚ ਲਹਿਰਾਣ
ਰੁੱਖਾਂ ਦੇ ਝੁੰਡ ਬੇਅੰਤ
ਉਥੇ ਚਹਿਕਣ ਸ਼ਾਮ ਸਵੇਰ
ਨਿੱਕੇ ਨਿੱਕੇ ਪੰਛੀ ਕਈ ਹਜ਼ਾਰ
ਮੈਂ ਛੁਹ ਸਕਾਂ ਨਾ.........

ਤੇਰੀ ਅੱਖ ਦੇ ਪਿੱਛੇ
ਅੱਖ ਇਕ ਹੋਰ
ਜਿਸ ਵਿਚ ਲਿਸ਼ਕੇ ਹਰ ਚਿਹਰਾ
ਰੰਗ ਵਖਰੇ ਦੀ ਲੀਲ੍ਹਾ ਬਣਕੇ
ਝਿਲਮਿਲ ਕਦੇ ਨੂਰਾਨੀ
ਮੈਂ ਛੁਹ ਸਕਾਂ ਨਾ.........


ਮੇਰੇ ਮਨ ਦੇ ਅੰਦਰ
ਮਨ ਹੈ ਇਕ ਹੋਰ
ਦਸ ਹਜ਼ਾਰ ਨੁੱਕਰਾਂ ਜਿਸਦੀਆਂ
ਹਰ ਨੱਕਰ ਚੋਂ ਉੱਠਣ ਤਰੰਗਾਂ
ਤੇਰੇ ਹੋਣ ਦੀਆਂ
ਤੇਰੇ ਨਾਮ ਦੀਆਂ
ਮੈਂ ਛੁਹ ਸਕਾਂ ਨਾ
................. ਪਰਮਿੰਦਰ ਸੋਢੀ

No comments:

Post a Comment