Popular posts on all time redership basis

Tuesday, 21 February 2012

ਦੁਆ - ਜਗਤਾਰ

ਹਰ ਇਕ ਵਿਹੜੇ ‘ਚ ਲੋਅ ਲੱਗੇ, ਹਰਿਕ ਆਂਗਣ ‘ਚ ਰੰਗ ਉੱਗੇ
ਦੁਆ ਕੀ ਹੋਰ ਕਰਨੀ ਹੈ, ਮੇਰੀ ਇੱਕੋ ਦੁਆ ਪੁੱਗੇ.

ਸਿਹਰ ਟੁੱਟੇ, ਭਰਮ ਫੁੱਟੇ, ਇਹ ਕਿਸ ਨੇ ਆਲ੍ਹਣੇ ਲੁੱਟੇ,
ਕਰਮ ਤੇਰੇ ਗੁਨਾਹ ਮੇਰੇ, ਹੋ ਜਾਵਣ ਇਸ ਵਰ੍ਹੇ ਉੱਘੇ.


ਜਿਨ੍ਹਾਂ ਮੱਥਿਆਂ ‘ਤੇ ਕਾਲੇ ਲੇਖ ਖ਼ੰਜਰਾਂ ਨੇ ਲਿਖੇ ਜ਼ੋਰੀਂ,
ਬਦਲ ਜਾਵਣ ਮੁੱਕਦਰ ਕਾਤਿਲਾਂ ਦੀ ਆਸ ਨਾ ਪੁੱਗੇ.

ਜਿਨ੍ਹਾਂ ਖੇਤਾਂ ‘ਚ ਖ਼ਾਕੀ ਸੂਰ ਪਾ ਕੇ ਬਹਿ ਗਏ ਘੁਰਨੇ,
ਉਨ੍ਹਾਂ ਵਿੱਚ ਫੇਰ ਰੰਗ ਉੱਡਣ, ਉਨ੍ਹਾਂ ਵਿੱਚ ਫਿਰ ਮਹਿਕ ਉੱਗੇ.

ਕਿਤੇ ਲੋਰੀ, ਕਿਤੇ ਘੋੜੀ, ਕਿਤੇ ਮਿਰਜ਼ੇ ਦੀ ਸਦ ਉਭਰੇ,
ਗਰਾਂ ਜੋ ਹੋ ਗਏ ਖੋਲੇ, ਜੋ ਆਂਙਣ ਹੋ ਗਏ ਲੁੱਗੇ.

ਚਿੜੀ ਚੂਕੇ, ਸੁਣੇ ਮੋਰਾਂ ਦੀ ਰੁਣਝੁਣ, ਫ਼ਜਰ ਜਦ ਜਾਗੇ,
ਨਾ ਥੋਹਰਾਂ ਬੀਜ ਕੇ ਬਾਗੀਂ ਗੁਲਾਬਾਂ ਨੂੰ ਕੋਈ ਖੁੱਗੇ.
................................ਜਗਤਾਰ

No comments:

Post a Comment