Popular posts on all time redership basis

Monday, 23 January 2012

ਅਜੂਬਾ - ਲਾਲ ਸਿੰਘ ਦਿਲ

ਦਿਲ ਦੀ ਕਵਿਤਾ ਵਿਚ ਔਰਤ ਦੀ ਵੇਦਨਾ ਨੂੰ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ਹੈ. ਇਸ ਨਜ਼ਮ ਵਿਚ ਇਹ ਸ਼ਿਅਰ
"ਔਰਤ ਦੇ ਨੈਣੀ ਹੰਝੂ ਹਨ ਇਸੇ ਲਈ ਸਾਗਰ ਖਾਰੇ ਹਨ" ਬਹੁਤ ਧਿਆਨ ਮੰਗਦਾ ਹੈ.

ਔਰਤ ਇਕ ਅਜੂਬਾ ਹੈ ਧਰਤੀ ਦਾ
ਬਾਕੀ ਤਾਂ ਗਿਣਤੀ ਹੈ ਪਿੱਛੇ ਦੀ
ਜਿਹੜਾ ਆਦਿ ਕਾਲ ਤੋਂ ਜੀਵਨ ਦਾ ਅੰਮ੍ਰਿਤ ਦੇਂਦਾ ਹੈ
ਨਿੱਤ-ਨਵੇਂ ਇਸ ਚਿੱਤਰ ਅੰਦਰ, ਮਤਲਬ ਭਰਦਾ ਹੇ
ਆਦਿ ਕਾਲ ਤੋਂ ਨੈਣ ਏਸ ਨੂੰ ਤੱਕ ਨਾ ਰੱਜੇ
ਖੋਹਾਂ ਹੋਰ ਡੂੰਘੀਆਂ ਹੋਈਆਂ
ਲੋਕ ਕਹਿਣ ਕਿ ਬਲਦ ਦੇ ਸਿੰਙਾਂ ’ਤੇ ਧਰਤੀ
ਮੈਂ ਮੁਨਕਰ ਹਾਂ
ਪਰ ਮੇਰਾ ਵਿਸ਼ਵਾਸ ਅਟੱਲ ਹੈ
ਕਿ ਆਪਣੇ ਹੱਥਾਂ ਉੱਤੇ ਧਰਤੀ
ਔਰਤ ਨੇ ਹੈ ਚੁੱਕੀ ਹੋਈ
ਇਸੇ ਲਈ ਤਾਂ ਮਹਿਕ ਧਰਤ ਦੀ ਬਦਨ ਜਿਹੀ ਹੈ
ਇਸੇ ਲਈ ਤਾਂ ਲਹਿਰਨ ਫ਼ਸਲਾਂ ਪੱਲੂਆਂ ਵਾਕਣ
ਇਸੇ ਲਈ ਤਾਂ ਧਰਤੀ ਦੇ ਪਾਣੀ
ਏਨੇ ਨਿਰਮਲ ਤੇ ਠੰਡੇ ਹਨ
ਇਸੇ ਲਈ ਚਾਨਣ ਦੀ ਰਾਤੇ ਖੜਕਣ ਪੱਤੇ
ਜਿਵੇਂ ਸਿਤਾਰੇ ਜੜੀਆਂ ਚੁੰਨੀਆਂ
ਇਸੇ ਲਈ ਫੁਲਾਂ ਉੱਤੇ ਬੁੱਲ੍ਹਾਂ ਵਰਗਾ ਭੋਲਾਪਨ ਹੈ
ਤਿਤਲੀਆਂ ਵਿਚ ਨੈਣਾ ਦੀ ਮਸਤੀ
ਧਰਤੀ ਤੇ ਔਰਤ ਦੀ ਪੀੜਾ ਕਿੰਨੀ ਇਕ ਹੈ
ਮਿਹਨਤ ਦੇ ਹਿੱਸੇ ਭੁੱਖਾਂ ਹਨ
ਸਿਤਮ ਦੇ ਨੈਣੀ ਹੰਝੂ ਹਨ
ਔਰਤ ਦੇ ਨੈਣੀ ਹੰਝੂ ਹਨ
ਇਸੇ ਲਈ ਸਾਗਰ ਖਾਰੇ ਹਨ
ਅੱਜ ਇਸ ਨੂੰ ਗੌਰਵ ਪਿਆਰਾ ਹੈ
ਅੱਜ ਇਸ ਦੇ ਨੇੜੇ ਤਾਰੇ ਹਨ
ਔਰਤ ਇਕ ਅਜੂਬਾ ਹੈ ਧਰਤੀ ਦਾ.

........................................................................- ਲਾਲ ਸਿੰਘ ਦਿਲ

No comments:

Post a Comment