Popular posts on all time redership basis

Thursday, 12 January 2012

ਇੱਕ ਕਾਲੀ ਔਰਤ - ਨਿਰੂਪਮਾ ਦੱਤ

ਇੱਕ ਕਾਲੀ ਔਰਤ ਦੇ ਸੁਪਨੇ ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ
ਉਹ ਇੱਕ ਦਰਦ ਲੈ ਕੇ ਜੰਮਦੀ ਹੈ
ਜਿਸਨੂੰ ਤੁਸੀਂ ਕੋਈ ਵੀ ਰੰਗ ਨਹੀਂ ਦੇ ਸਕਦੇ
ਉਹ ਦਰਦ ਪਾਣੀ ਦਾ ਰੰਗ ਮੰਗ
ਉਹਦੀਆਂ ਅੱਖਾਂ ਭਰਦਾ ਹੈ
ਓਹਦੇ ਸਿਆਹ ਜਿਸਮ ਦੇ
ਸੂਹੇ ਜ਼ਖਮਾਂ ‘ਚ ਤਰਦਾ ਹੈ
ਉਹ ਆਪਣੀ ਸਿਆਹੀ ਨੂੰ ਕਾਲੇ ਰੰਗ ਨਾਲ ਜੁੜੇ
ਜ਼ੁਲਮ ਦੇ ਲੱਖਾਂ ਬਿੰਬਾਂ ਹੇਠ ਲੁਕਾਂਉਂਦੀ ਹੈ
ਤੇ ਹੋਰ ਕਾਲੀ ਪਾਈ ਜਾਂਦੀ ਹੈ
ਉਹਦੇ ਸੁਪਨੇ ਕਾਲੀਆਂ ਕੂੰਜਾਂ ਵਾਂਗ ਦੂਰ ਉੱਡ ਜਾਂਦੇ ਨੇ
ਤੇ ਕੋਸੀ ਚਾਨਣੀ ਦਾ ਚੋਗਾ ਲਿਆ ਝੋਲੀ ਪਾਂਦੇ ਨੇ
ਇੱਕ ਕਾਲੀ ਔਰਤ
ਜਿੰਦਗੀ ਦੇ ਹਰ ਉਜਲੇ ਜੁਰਮ ਨੂੰ ਜਿਊਂਦੀ ਹੈ
ਤੇ ਇੱਕ ਚਿੱਟੇ ਬੱਚੇ ਦੀ ਆਸ ਕਰਦੀ ਹੈ
ਇੱਕ ਕਾਲੀ ਔਰਤ ਦੇ ਸੁਪਨੇ
ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ
..........................ਨਿਰੂਪਮਾ ਦੱਤ

No comments:

Post a Comment