Popular posts on all time redership basis

Thursday, 29 December 2011

ਗ਼ਜ਼ਲ - ਅਸਲਮ ਸਾਕਿਬ

ਸਾਡੀ ਭਟਕਣ ਦੇ ਨਸੀਬੀਂ ਇਕੋ ਚੱਕਰ ਰਹਿ ਗਿਆ
ਸਾਰਾ ਜੱਗ ਤਾਂ ਘੁੰਮ ਆਏ ਆਪਣਾ ਹੀ ਘਰ ਰਹਿ ਗਿਆ

ਵਕਤ ਦੇ ਸੈਲਾਬ ਵਿਚ ਹੰਝੂ ਵੀ ਹੁਣ ਤਾਂ ਵਹਿ ਗਏ
ਸਾਡੀਆਂ ਅੱਖਾਂ ਦਾ ਸ਼ੀਸ਼ਾ ਬਣ ਕੇ ਪੱਥਰ ਰਹਿ ਗਿਆ

ਤੂੰ ਹੀ ਦੱਸ ਕਿਹੜੇ ਅਜਾਇਬ-ਘਰ ’ਚ ਰੱਖਾਂ ਸਾਂਭ ਕੇ
ਤੇਰੇ ਮੋਏ ਪ੍ਰੇਮ ਦਾ ਜੋ ਪੀੜ-ਪੱਤਰ ਰਹਿ ਗਿਆ

ਕਾਲ ਪਰਬਤ ਸਿਰ ’ਤੇ ਚੁਕ ਕੇ ਲੋਕ ਘਰ ਨੂੰ ਮੁੜ ਗਏ
ਮਾਰਦਾ ਵਾਜਾਂ ਸਲੀਬ ਉਤੇ ਪਯੰਬਰ ਰਹਿ ਗਿਆ

ਮੁੜ ਕੇ ਫਿਰ ਝਾਤੀ ਨਾ ਮਾਰੀ ਨਸਦੀ ਹੋਈ ਭੀੜ ਨੇ
ਚੀਕਦਾ ਇੱਕ ਲਾਸ਼ ਦੇ ਸੀਨੇ ’ਚ ਖੰਜਰ ਰਹਿ ਗਿਆ

ਤੂੰ ਤਾਂ ਕਰ ਚੱਲੀ ਬੜੇ ਉਲਝੇ ਅਤੇ ਤਿੱਖੇ ਸੁਆਲ -
ਜ਼ਿੰਦਗੀ ਹੁਣ ਠਹਿਰ ਜਾ ਮੇਰਾ ਤਾਂ ਉੱਤਰ ਰਹਿ ਗਿਆ

ਮੋੜ ਜਿਹੜਾ ਮੇਰੇ ਘਰ ਵੱਲ ਮੁੜਦਾ ਹੈ, ’ਅਸਲਮ ਹਬੀਬ’
ਆ ਕੇ ਓਸੇ ਮੋੜ ਤੇ ਇਕ ਸ਼ਖਸ ਅਕਸਰ ਰਹਿ ਗਿਆ

........................................................ - ਅਸਲਮ ਸਾਕਿਬ

No comments:

Post a Comment