Popular posts on all time redership basis

Tuesday, 20 December 2011

ਬੜਾ ਮੁਸ਼ਕਿਲ ਹੁੰਦੈ - ਜਗਮੋਹਨ ਸਿੰਘ

ਬੜਾ ਮੁਸ਼ਕਿਲ ਹੁੰਦੈ
ਇਕ ਮਕਸਦ ਲੈ ਕੇ ਚਲਣਾ
ਸਭ ਕੁਝ ਕੁਰਬਾਨ ਕਰ ਦੇਣਾ
ਪਿਛਾਂਹ ਨਾ ਤੱਕਣਾ

ਬੜਾ ਮੁਸ਼ਕਿਲ ਹੁੰਦੈ
ਮਾਂ ਦੇ ਗੋਡੇ ਨਾਲ
ਸਿਰ ਜੋੜ ਕੇ ਬਹਿਣਾ
ਬਾਪ ਦੇ ਕਟੇ ਸੀਸ ਦੀ
ਉਡੀਕ ਕਰਨੀ
ਜਜ਼ਬਾਤ ਵਿਚ ਨਾ ਵਹਿਣਾ

ਬੜਾ ਮੁਸ਼ਕਿਲ ਹੁੰਦੈ
ਚਿੜੀਆਂ ਤੋਂ ਬਾਜ ਤੁੜਵਾਉਣੇ
ਦੱਬੇ ਲੋਕਾਂ ਦੀ ਮਾਨਿਸਕਤਾ ਬਦਲਣੀ
ਆਪਣੇ ਰਾਜ ਦੇ ਸੁਪਨੇ ਜਗਾਉਣੇ

ਬੜਾ ਮੁਸ਼ਕਿਲ ਹੁੰਦੈ
ਗੁਰੂ ਤੋਂ ਚੇਲਾ ਬਣਨਾ
ਨੀਵੇਂਪਣ ਦੇ ਅਹਿਸਾਸ ਤੋਂ ਮੁਕਤੀ ਦਿਵਾਉਣੀ
ਊਚ ਨੀਚ ਦਾ ਭਰਮ ਭੰਨਣਾ

ਬੜਾ ਮੁਸ਼ਕਿਲ ਹੁੰਦੈ
ਘਰ ਬਾਰ ਗਿਰਾਂ ਛੱਡਣਾ
ਜੰਗਲ ਬੇਲੇ ਗਾਹੁਣੇ
ਬੁੱਢੀ ਮਾਂ ਤੇ ਮਾਸੂਮ ਪੁੱਤਾਂ ਤੋਂ ਵਿਛੜਨਾ
ਦਿਲ ਮਜ਼ਬੂਤ ਰਖਣਾ

ਬੜਾ ਮੁਸ਼ਕਿਲ ਹੁੰਦੈ
ਅੱਖਾਂ ਦੇ ਦੋ ਤਾਰਿਆਂ ਨੂੰ
ਲਾੜੀ ਮੌਤ ਨਾਲ ਵਿਹਾਉਣ ਭੇਜਣਾ
ਜੁਗ-ਜੁਗ ਜੀਣ ਦੀ ਅਸੀਸ ਨਾ ਦੇਣੀ
ਕਟਦਿਆਂ ਮਰਦਿਆਂ ਅੱਖੀਂ ਵੇਖਣਾ

ਬੜਾ ਮੁਸ਼ਕਿਲ ਹੁੰਦੈ
ਨੀਹਾਂ ’ਚ ਚਿਣੇ
ਮਾਸੂਮ ਪੁੱਤਾਂ ਦੀ
ਗਾਥਾ ਸੁਣਨਾ
ਸੀਨੇ ’ਚ ਉਫ਼ਨਦਾ
ਤੂਫ਼ਾਨ ਡੱਕੀ ਰੱਖਣਾ
ਅੱਥਰੂ ਨਾ ਕੇਰਨੇ
ਕਾਹੀ ਦਾ ਬੂਟਾ ਪੁੱਟਣਾ

ਬੜਾ ਮੁਸ਼ਕਿਲ ਹੁੰਦੈ
ਮਾਂ ਨੂੰ ਸੰਘਰਸ਼ ਲੇਖੇ ਲਾਉਣਾ
ਮੌਤ ਦੀ ਖਬਰ ਸੁਣਨਾ
ਜਿਵੇਂ ਤੇਰੀ ਰਜ਼ਾ ਉਚਰਨਾ
ਹਉਕਾ ਵੀ ਨਾ ਭਰਨਾ

ਬੜਾ ਮੁਸ਼ਕਿਲ ਹੁੰਦੈ
ਵੈਰਾਗੀ ਸਾਧੂ ਦਾ
ਸੰਘਰਸ਼ ’ਚ ਨਿਸ਼ਚਾ ਜਗਾਉਣਾ
ਬਹਾਦਰ ਬੰਦੇ ’ਚ ਬਦਲਣਾ
ਜੂਝਣਾ ਸਿਖਾਉਣਾ
ਸੰਘਰਸ਼ ਦੀ ਮਿਸ਼ਾਲ ਦੇ ਕੇ
ਪੰਜਾਬ ਭੇਜਣਾ
ਜ਼ੁਲਮ ਖਿਲਾਫ਼ ਸਦੀਵੀ ਜੰਗ
ਅੱਗੇ ਤੋਰਨੀ

ਬੜਾ ਮੁਸ਼ਕਿਲ ਹੁੰਦੈ
ਮੌਤ ਦੀਆਂ
ਅੱਖਾਂ ’ਚ ਅੱਖਾਂ ਪਾ ਕੇ ਤੱਕਣਾ
ਗਲੀ ਯਾਰ ਦੀ ’ਚ
ਸੀਸ ਤਲੀ ਤੇ ਲੈ ਕੇ ਨਿਕਲਣਾ
ਚਿਣਗ ਗੈਰਤਮਈ ਜ਼ਿੰਦਗੀ ਦੀ
ਬੁਝਣ ਨਾ ਦੇਣੀ
ਨਵਾਂ ਇਤਹਾਸ ਸਿਰਜਣਾ.
...............................ਜਗਮੋਹਨ ਸਿੰਘ (ਉਦੈ ਤੋਂ ਅਸਤ ਹੋਣ ਤੀਕ ਵਿਚੋਂ)

No comments:

Post a Comment