Popular posts on all time redership basis

Saturday, 26 November 2011

ਸੁਫਨੇ - ਚੰਨਣ ਸਿੰਘ ਜੇਠੂਵਾਲੀਆ

ਦਿਨ ਦੀਵੀਂ ਸੁਫ਼ਨੇ ਆਉਣ ਨੀ
ਇਹ ਸੁਫ਼ਨੇ ਓਹਲੇ ਕੌਣ ਨੀ

ਕਾਂਗਾਂ ਬਣ ਨੈਣਾਂ ਵਿਚ ਵਹਿੰਦੇ
ਬਣ ਦਿਲਗੀਰੀਆਂ ਜੀਅ ਵਿਚ ਰਹਿੰਦੇ
ਆਪੇ ਤੋਂ ਗੁੰਮ ਹੋ ਹੋ ਜਾਈਏ
ਸੁਖ ਦਾ ਮਿਲੇ ਨਾ ਸੌਣ ਨੀ
ਇਹ ਸੁਫਨੇ ਓਹਲੇ ਕੌਣ ਨੀ

ਕਛਦੇ ਫ਼ਿਰਦੇ ਆਲਮ ਸਾਰੇ
ਗਾਹ ਮਾਰੇ ਚੰਨ, ਸੂਰਜ, ਤਾਰੇ
ਟੋਲ ਟੋਲ ਰਚਨਾ ਦੀਆਂ ਖੂੰਜਾਂ
ਸੁਤੀਆਂ ਕਲਾਂ ਜਗਾਉਣ ਨੀ
ਇਹ ਸੁਫਨੇ ਓਹਲੇ ਕੌਣ ਨੀ

ਚੁੰਪ ਚੁੱਪੀਤੇ ਕਿਤਿਉਂ ਆਣ
ਮਲਕ ਮਲਕੜੇ ਉਘੜੀ ਜਾਣ
ਟੋਂਹਦੇ ਫਿਰਦੇ ਦਿਲ ਦੀਆਂ ਨਾੜਾਂ
ਰੌਲਾ ਰਤਾ ਨਾ ਪਾਉਣ ਨੀ
ਇਹ ਸੁਫਨੇ ਓਹਲੇ ਕੌਣ ਨੀ

ਸੁਤਿਆਂ ਕੋਲੋਂ ਲੰਘ ਲੰਘ ਜਾਂਦੇ
ਜਾਗਦਿਆਂ ਨੂੰ ਕਿਉਂ ਤੜਪਾਂਦੇ
ਲਖ ਫੜੀਏ ਹੱਥ ਨਾ ਆਉਣ ਨੀ
ਇਹ ਸੁਫਨੇ ਓਹਲੇ ਕੌਣ ਨੀ

ਮਚਲੇ ਬਣ ਬਣ ਤਰਦੇ ਰਹਿੰਦੇ
ਵਿਹੰਦਿਆਂ ਵਿਹੰਦਿਆਂ ਫਿਰ ਲੁਕ ਬਹਿੰਦੇ
ਖ਼ਬਰੇ ਮੁੜ ਆਪੇ ਹੀ ਆ ਕੇ
ਮੇਰੇ ਨੈਣਾਂ ਵਿਚ ਸਮਾਉਣ ਨੀ
ਇਹ ਸੁਫਨੇ ਓਹਲੇ ਕੌਣ ਨੀ

No comments:

Post a Comment