Popular posts on all time redership basis

Saturday, 5 November 2011

ਮਹਿਰਮੇ, ਨੀ ਸਾਥਣੇ - ਤਾਰਾ ਸਿੰਘ

ਮਹਿਰਮੇ, ਨੀ ਸਾਥਣੇ
ਦੇਹ ਇਜਾਜ਼ਤ ਭੋਲੀਏ
ਚੁੰਮ ਲਾਂ ਮੈਂ ਆਪਣੀ ਬੱਚੀ ਦੇ ਪੈਰ
ਜਿਨ੍ਹਾਂ ਦੇ ਨੌਹਾਂ ’ਚ ਹਾਲੇ ਮੈਲ ਦਾ ਕਿਣਕਾ ਨਹੀਂ

ਦੇਹ ਇਜਾਜ਼ਤ ਮਹਿਰਮੇ
ਮੇਰਿਆਂ ਬੁਲ੍ਹਾਂ ਦੀ ਛੁਹ ਵੀ -
ਮਾਣ ਲਏ ਕੁੱਖ ਦਾ ਸੁਆਦ

ਕੀ ਪਤਾ
ਡੁਲ੍ਹੇ ਨਾ ਡੁਲ੍ਹੇ ਫੇਰ ਸ਼ਿੰਗਰਫ਼ ਜਹੀ ਸਵੇਰ
ਕੀ ਪਤਾ
ਕਿਸ ਛਿਣ ਇਨ੍ਹਾਂ ਪ੍ਰਮਾਣੂਆਂ ਦੀ-
ਅੱਖ ਮੈਲੀ ਹੋ ਜਾਏ
ਕੀ ਪਤਾ
ਕਿਸ ਉਡਦੇ ਛਿਣ ਦੇ ਪੰਖ ਚੱਟ ਲਵੇ ਲਾਟ ਕੋਈ

ਕੀ ਪਤਾ
ਕਦ ਸਮੇਂ ਦੇ ਬੁਲ੍ਹੀਂ ਹੁੰਗਾਰਾ ਸੌਂ ਜਾਏ

ਕੀ ਪਤਾ ਕਦ ਕੋੜ੍ਹ ਦਾ ਗ੍ਰਸਿਆ ਇਹ ਮਨੁੱਖ
ਅੰਮਾਂ ਹਵਾ ਦੇ ਸੁਲਗਦੇ ਜਿਸਮ ਨੂੰ
ਕਰ ਦਏ ਮਜਬੂਰ ਤਰ੍ਹੱਕ ਜਾਵਣ ਲਈ

ਕੀ ਪਤਾ ਕਦ ਬ੍ਰੀਜ ਉਪਜਾਊ ਧਰਤ ਅੰਗਾਂ ’ਤੇ ਇਹ-
ਧੂੜ ਦੇਵੇ ਬਾਂਝਪਨ ਦੀ ਖਾਦ, ਆਦਮ ਦੀ ਔਲਾਦ

ਕੀ ਪਤਾ, ਨੀ ਸਾਥਣੇ
ਕਦ ਜਨਮ ਦੇ ਕਿਸੇ ਚੁੰਮਣ ਦਾ ਜੰਮਨ-ਛਿਣ-
ਮੌਤ-ਛਿਣ ਬਣ ਜਾਏਗਾ

ਕੀ ਪਤਾ
ਨਵ-ਜਨਮੀਆਂ ਬੱਚੀਆਂ ਦੇ ਅੰਗਾਂ ’ਚ-
ਕਦੇ ਕੋਈ ਛਿਲਤ ਸੁਲਗੇਗੀ, ਕਿ ਨਾ !
ਕੀ ਪਤਾ
ਇਹ ਸ਼ਿੰਗਰਫੀ, ਸੰਦਲੀ ਉਸ਼ੇਰਾਂ ਭੱਖ ਲੈਣ

ਇਸ ਤੋਂ ਪਹਿਲਾਂ ਮਹਿਰਮੇ-ਕਿ-
ਯੁੱਗ-ਰਾਖੇ ਨਵ-ਉਸੇਰਾਂ ਭੱਖ ਜਾਣ
ਇਸ ਤੋਂ ਪਹਿਲਾਂ ਕਿ
ਇਨ੍ਹਾਂ ਪ੍ਰਮਾਣੂਆਂ ਦੀ ਅੱਖ ਮੈਲੀ ਹੋ ਜਾਏ
ਇਸ ਤੋਂ ਪਹਿਲਾਂ ਕਿ
ਜਨਮ-ਛਿਣ-ਪੰਖ ਚੱਟੇ ਲਾਟ ਕੋਈ
ਇਸ ਤੋਂ ਪਹਿਲਾਂ ਕਿ
ਸਮੇਂ ਦੇ ਸੋਹਲ ਬੁਲ੍ਹਾਂ ’ਤੇ ਹੁੰਗਾਰਾ ਸੌਂ ਜਾਏ
ਇਸ ਤੋਂ ਪਹਿਲਾਂ ਕਿ
ਮਨੁੱਖ ਪਿੰਡੇ ’ਤੇ ਹੋ ਜਾਏ ਕੋੜ੍ਹ ਗੁੱਸੇ ਦਾ ਨਾਸੂਰ
ਇਸ ਤੋਂ ਪਹਿਲਾਂ ਕਿ
ਸੁਲਗਦਾ ਜਿਸਮ ਹਵਾ ਦਾ, ਤਰ੍ਹੱਕ ਜਾਵਣ ਲਈ ਮਜਬੂਰ ਹੋਵੇ
ਇਸ ਤੋਂ ਪਹਿਲਾਂ ਕਿ
ਧਰਤ ਅੰਗਾਂ ’ਤੇ ਕੋਈ
ਧੂੜ ਦੇਵੇ ਬਾਂਝਪਨ ਦੀ ਖਾਦ, ਆਦਮ ਦੀ ਔਲਾਦ
ਇਸ ਤੋਂ ਪਹਿਲਾਂ ਕਿ
ਜਨਮ ਦੇ ਚੁੰਮਣਾਂ ਦਾ ਜਨਮ-ਛਿਣ ਕਾਲਖ ਬਣੇ
ਇਸ ਤੋਂ ਪਹਿਲਾਂ ਕਿ
ਕੋਈ ਹਵਾ ਦੀਆਂ ਜਾਈਆਂ ਦਾ-
ਸਧਰਾਇਆ ਭਵਿਸ਼ ਹੀ ਮੇਸ ਦੇਏ
ਦੇਹ ਇਜ਼ਜ਼ਾਤ ਮਹਿਰਮੇ
ਮੈਂ ਸਮੇ ਦੇ ਓਸ ਛਿਣ ਨੂੰ ਚੁੰਮ ਲਾਂ
ਜਿਸ ਦੇ ਨੌਹਾਂ ’ਚ ਹਾਲੇ -
ਮੈਲ ਦਾ ਕਿਣਕਾ ਨਹੀਂ

....................... - ਤਾਰਾ ਸਿੰਘ

No comments:

Post a Comment