Popular posts on all time redership basis

Friday, 25 November 2011

ਨਾ ਮੈਥੋਂ ਵੇਖਿਆ ਜਾਏ - ਜਗਤਾਰ

ਨਾ ਮੇਰੀ ਪੇਸ਼ ਹੀ ਜਾਏ, ਨਾ ਮੈਥੋਂ ਵੇਖਿਆ ਜਾਏ
ਉਜੜਦੇ ਰੋਜ਼ ਹਮਸਾਏ, ਨਾ ਮੈਥੋਂ ਵੇਖਿਆ ਜਾਏ

ਉਹ ਖ਼ੰਜਰ ਨਾਲ ਕਰਦੇ ਗੁਫ਼ਤਗੂ, ਅਰਥਾਂ ’ਚ ਅੱਗ ਭਰਕੇ
ਨਾ ਮੈਥੋਂ ਬੋਲਿਆ ਜਾਏ, ਨਾ ਮੈਥੋਂ ਵੇਖਿਆ ਜਾਏ

ਹੈ ਜੋ ਵੀ ਫ਼ਜ਼ਰ ਹੁਣ ਆਉਂਦੀ, ਲਹੂ ਵਿਚ ਤਰ ਬਤਰ ਆਉਂਦੀ
ਨਾ ਦੇਖੇ ਬਿਨ ਰਿਹਾ ਜਾਏ, ਨਾ ਮੈਥੋਂ ਵੇਖਿਆ ਜਾਏ

ਕੋਈ ਅਖ਼ਬਾਰ ਕੀ ਦੇਖੇ, ਹੈ ਹਰ ਇਕ ਹੀ ਖ਼ਬਰ ਵਿਹੁਲੀ
ਕਿਵੇਂ ਹਰ ਹਰਫ਼ ਕੁਰਲਾਏ, ਨਾ ਮੈਥੋਂ ਵੇਖਿਆ ਜਾਏ

ਰਵੀ ਦੇ ਰਥ ਤੇ ਕਬਜ਼ਾ, ਧੂੰਮ-ਕੇਤੂ ਹੈ ਕਰੀ ਬੈਠਾ
ਹਨੇਰਾ ਇਸ ਕਦਰ ਛਾਏ, ਨਾ ਮੈਥੋਂ ਵੇਖਿਆ ਜਾਏ

ਚੁਫੇਰੇ ਰਾਖ ਹੈ ਜਾਂ ਖ਼ਾਕ, ਹਰ ਬਸਤੀ ’ਚ ਹੈ ਉਡਦੀ
ਇਹ ਕਿਸ ਨੇ ਪੂਰਨੇ ਪਾਏ, ਨਾ ਮੈਥੋਂ ਵੇਖਿਆ ਜਾਏ

ਹੈ ਹਰ ਇਕ ਹਰਫ਼ ਵਿਚ ਘੁੰਡੀ, ਤੇ ਹਰ ਮਾਅਨੇ ’ਚ ਟੇਡਾਪਨ
ਨਾ ਮੈਥੋਂ ਵਾਚਿਆ ਜਾਏ, ਨਾ ਮੈਥੋਂ ਵੇਖਿਆ ਜਾਏ

ਇਹ ਕੈਸੀ ਜ਼ਿੰਦਗੀ ਹੈ ਜੋ ਅਸੀਂ ਕਿਸ਼ਤਾਂ ’ਚ ਜੀਊਂਦੇ ਹਾਂ
ਨਾ ਇਸ ਵਲ ਪਿੱਠ ਕਰੀ ਜਾਏ, ਨਾ ਮੈਥੋਂ ਵੇਖਿਆ ਜਾਏ

....................................................... - ਜਗਤਾਰ

No comments:

Post a Comment