Popular posts on all time redership basis

Monday, 17 October 2011

ਜਜ਼ਬੇ ਦੀ ਖ਼ੁਦਕਸ਼ੀ - ਲਾਲ ਸਿੰਘ ਦਿਲ

ਮੈਂ ਚਾਹਿਆ ਚੰਨ ਤੇ ਲਿਖ ਦੇਵਾਂ
ਤੇਰੇ ਨਾਂ ਨਾਲ ਨਾਂ ਆਪਣਾ,
ਮੈਂ ਚਾਹਿਆ ਹਰ ਜ਼ੱਰੇ ਦੇ ਨਾਲ
ਕਰ ਦੇਵਾਂ ਸਾਂਝੀ ਖੁਸ਼ੀ,
ਤੇਰੀ ਉਸ ਦਿਲਬਰੀ ਅੰਦਰ
ਮੇਰਾ ਕੁਝ ਹਾਲ ਸੀ ਏਦਾਂ
ਮੈਂ ਤੇਰੇ ਪਿਆਰ ਦੀ ਗੱਲ ਨੂੰ
ਕਿਵੇਂ ਨਾ ਭੇਤ ਕਰ ਸਕਿਆ
ਤੂੰ ਮੈਨੂੰ ਫੇਰ ਨਹੀਂ ਮਿਲੀਓਂ
ਇਕੇਰਾਂ ਵੀ ਨਾ ਮਿਲ ਸਕੀਓਂ
ਮੈਂ ਆਪਣੀ ਸਾਧਨਾ ਅੰਦਰ
ਕਿਹੜੇ ਜੰਗਲ ਨਹੀਂ ਤੁਰਿਆ
ਕਿਹੜੇ ਸਾਗਰ ਨਹੀਂ ਤਰਿਆ
ਕਿਹੜੇ ਅੰਬਰ ਨਹੀਂ ਟੋਹੇ
ਕੁਝ ਵੀ ਤੇਰੇ ’ਚੋਂ ਪਰ
ਤੇਰਾ ਨਹੀਂ ਮਿਲਿਆ.
ਮੇਰੇ ਝੱਲਾਂ ਦੀ ਅੱਖ ਖੁਲ੍ਹੀ
ਜ਼ਮਾਨੇ ਦੇ ਨਗਰ ਆ ਕੇ,
ਨਾਂ ਤੇਰੇ ਨਾਲ ਨਾਂ ਮੇਰਾ
ਲਿਆ ਜਾਂਦਾ ਸੀ ਕੁਝ ਏਦਾਂ
ਜਿਵੇਂ ਕੋਈ ਧਰ ਦੇਵੇ ਰੇਸ਼ਮ ਦੇ ਉੱਤੇ
ਕੁਹਜੀਆਂ ਲੀਰਾਂ
ਮੈਂ ਕਿਸੇ ਖੇਤਾਂ ’ਚ ਰੁਲਦੇ
ਬਾਪੂ ਦੀ ਰੂਹ ਹਾਂ
ਮੈਂ ਕਿਸੇ ਲੀਰਾਂ ’ਚ ਉਲਝੀ
ਮਾਂ ਦਾ ਦਿਲ ਹਾਂ
ਕਿਸ ਤਰ੍ਹਾਂ ਤੂੰ ਜਰ ਲਈ ਹੋਵੇਗੀ
ਇਹ ਚਰਚਾ
ਨੀਂਦ ਵੀ ਰਾਤਾਂ ’ਚ ਪਈ ਹੋਣੀ ਨਹੀਂ ਤੈਨੂੰ,
ਅਚਾਨਕ ਬੁੱਲਿਆਂ ਤੇ
ਖੜਕਦੇ ਹੋਵਣਗੇ ਜਦ ਪੱਤੇ
ਤਾਂ ਤੈਨੂੰ ਜਾਪਦਾ ਹੋਵੇਗਾ
ਜੀਕਣ ਹੱਸ ਰਹੇ ਲੋਕੀ,
ਇਕੇਰਾਂ ਨਾ ਮਿਲਣ ਉੱਤੇ
ਭਰ ਗਏ ਸਨ ਨੈਣ ਜੋ ਤੇਰੇ
ਅੱਜ ਉਹ ਵੇਖਦੇ ਹੋਵਣਗੇ
ਮਿਲ ਜਾਵਾਂ ਨਾ ਮੈਂ ਕਿਧਰੇ
ਚੁੰਮ ਜਾਂਦੇ ਨੇ
ਜੋ ਅੰਗਾਰੇ ਤੇਰੇ ਦਿਲ ਨੂੰ
ਨਹੀਂ ਵੇਖਾਂਗਾ ਰਾਹ ਫਿਰ ਮੈਂ
ਆਬਰੂ ਤੇਰੀ ਦੇ ਕੰਬ ਜਾਂਦੇ ਨੇ ਜੇ ਪੱਲੂ
ਨਹੀਂ ਬਾਲਾਂਗਾ ਫਿਰ ਦੀਵੇ
ਨਹੀਂ ਦੇਖਾਂਗਾ ਰਾਹ ਤੇਰੇ

.............................................. - ਲਾਲ ਸਿੰਘ ਦਿਲ

No comments:

Post a Comment