Popular posts on all time redership basis

Sunday, 4 September 2011

ਰਾਤ - ਜਗਮੋਹਨ ਸਿੰਘ

ਡੁੱਬ ਰਿਹਾ ਹੈ
ਸੂਰਜ
ਆਗਮਨ ਹੋ ਰਿਹਾ ਹੈ
ਰਾਤ ਦਾ
ਪਰਤ ਰਹੇ ਨੇ
ਆਲ੍ਹਣਿਆਂ ’ਚ ਪੰਛੀ
ਚਹਿਚਹਾ ਰਹੇ ਨੇ ਬੋਟ
ਮਾਵਾਂ ਨੂੰ ਮਿਲ ਕੇ
ਚੁਤਰਫੀਂ ਵਰਤਾਰਾ ਹੈ
ਖੁਸ਼ੀ ਦਾ.

ਘਰ ਪਰਤਣ ਦੀ ਤਿਆਰੀ ’ਚ ਐ
ਉਮਰ ਦੇ ਸੱਤਰਵਿਆਂ ’ਚ ਕਰਮ ਸਿੰਘ,
ਸ਼ੁਰੂ ਹੋ ਜਾਏਗੀ
ਥੋੜ੍ਹੀ ਦੇਰ ਬਾਅਦ ਹੀ
ਉਸਦੀ ਸੋਟੀ ਦੀ ਠੱਕ-ਠੱਕ,
ਸੂਚਨਾ ਦੇਂਦੀ ਜਾਏਗੀ
ਰਾਤ ਦੇ ਆਗਮਨ ਦੀ
ਘਰ ਤੀਕ,
ਸ਼ੁਕਰ ਮਨਾਏਗੀ
ਰਾਹ ਤੱਕ ਰਹੀ
ਕਰਮ ਸਿੰਘ ਦੀ ਬੀਵੀ.

ਯੁਗ ਪ੍ਰਵੇਸ਼ ਨੇ ਬਦਲੇ ਨੇ ਕਪੜੇ
ਵੱਜੀ ਹੈ ਸਕੂਟਰ ਨੂੰ ਕਿੱਕ
ਟਹਿਲਣਗੇ ਉਹ ਤੇ ਅਨੀਤਾ
ਸਮੁੰਦਰ ਕੰਢੇ
ਚੰਨ ਦੀ ਨਿੰਮੀ-ਨਿੰਮੀ ਚਾਨਣੀ ’ਚ.

ਕਿਵੇਂ ਆਖਾਂ
ਮਾੜੀ ਹੈ ਰਾਤ,
ਅਪਸ਼ਗਨ ਹੈ
ਡੁਬਦੇ ਸੂਰਜ ਦੀ ਉਡੀਕ.

.......................................... - ਜਗਮੋਹਨ ਸਿੰਘ

No comments:

Post a Comment