Popular posts on all time redership basis

Thursday, 2 June 2011

ਭਾਈ ਜੈਤਾ

ਮਹਾਨ ਗੁਰੂਆਂ ਦਾ
ਕਥਨ ਹੈ ਕਿ
ਬੰਦਾ ਵੱਡਾ
ਜਾਤ ਕਰਕੇ
ਜਾਂ ਔਕਾਤ ਕਰਕੇ
ਨਹੀਂ
ਕੰਮਾਂ ਕਰਕੇ
ਹੁੰਦਾ ਹੈ

ਭਾਈ ਜੈਤਾ
ਭਾਵੇਂ ਤੂੰ
(ਅਖੌਤੀ ਤੌਰ ਤੇ)
ਨੀਵੀਂ ਜਾਤ ਚੋਂ ਸੈਂ
ਭਾਵੇਂ ਤੂੰ
ਭੌਂਇ ਦੇ ਨਿੱਕੇ ਟੋਟੇ ਦਾ ਵੀ
ਮਾਲਕ ਨਹੀਂ ਸੈਂ
ਭਾਵੇਂ ਤੂੰ
ਨੰਗੇ ਪੈਰਾਂ ਨਾਲ ਹੀ
ਧਰਤੀ ਗਾਹੀ ਸੀ
ਤੇ ਘਰ ਦੇ ਕੱਤੇ ਸੂਤ ਦੇ ਹੀ
ਕੱਪੜੇ ਹੰਢਾਏ ਸੀ
ਰੁੱਖੀ-ਸੁਖੀ ’ਚ ਹੀ
ਉਮਰ ਗੁਜ਼ਾਰੀ ਸੀ
ਤੇਰਾ ਮੁਕਾਮ
ਫਿਰ ਵੀ
ਸਭ ਤੋੱ ਉੱਚਾ ਹੈ

ਕਿਵੇੱ ਭੁੱਲ ਸਕਦਾ ਹੈ
ਜ਼ਮਾਨਾ
ਤੇਰੀ ਜੁਰਅਤ ਦਾ
ਕਾਰਨਾਮਾ
ਔਰੰਗਜ਼ੇਬ ਦੀ
ਹਕੂਮਤ ਖ਼ਿਲਾਫ਼
ਰਾਇਆ ਦਾ
ਐਲਾਨਨਾਮਾ
ਜੋ ਗੁਰੂ ਦੇ ਕਟੇ ਸੀਸ
ਚੁੱਕਣ ਨਾਲ
ਹੋਇਆ ਸੀ

ਭੁਲ ਗਿਆ ਸੀ
ਜ਼ਾਲਮ ਨਿਜ਼ਾਮ
ਕਿ ਕੁਝ ਲੋਕ
ਅਜਿਹੇ ਵੀ ਹੁੰਦੇ ਨੇ
ਜੋ ਸ਼ਾਹ ਰਗ ਚੋਂ
ਵਗਦਾ ਖੂਨ ਵੇਖ ਕੇ
ਖ਼ੌਫ਼ਜ਼ਦਾ ਨਹੀਂ ਹੁੰਦੇ
ਜਿਨ੍ਹਾਂ ਦੀ ਜ਼ੁਬਾਨ
ਤਾਲੂ ਨਾਲ
ਨਹੀਂ ਚੰਬੜਦੀ
ਜੋ ਕਫ਼ਨ ਨਾਲ ਲੈ ਕੇ ਚਲਦੇ ਨੇ
ਧੜ ਤੇ ਨਹੀਂ
ਸਿਰ ਤਲੀ ਤੇ
ਰਖਦੇ ਨੇ
ਕਿਸੇ ਭਾਵੀ ਤਬਦੀਲੀ ਦੇ
ਵਾਹਕ ਬਣਦੇ ਨੇ

ਤੂੰ ਅਜਿਹੇ
ਲੋਕਾਂ ਦਾ
ਨੁਮਾਇੰਦਾ ਸੈਂ
ਭਾਈ ਜੈਤਾ
ਤੈਨੂੰ ਬਾਰ-ਬਾਰ ਪ੍ਰਣਾਮ
ਰੰਗਰੇਟੇ ਗੁਰੂ ਕੇ ਬੇਟੇ
ਤੈਨੂੰ ਨਤ-ਮਸਤਕ ਪ੍ਰਣਾਮ.
..........................ਜਗਮੋਹਨ ਸਿੰਘ

1 comment: