Popular posts on all time redership basis

Thursday, 2 May 2013

ਗੁਰੂ ਨਾਨਕ - ਇੰਦੇ

ਕੀ ਉਹ ਸ਼ਬਦ ਮੂੰਹ ’ਚ ਲੈ ਕੇ ਜੰਮਿਆ ਸੀ
ਵਾਕ ਦਾ ਵਲ ਲੈ ਕੇ
ਕਥਨ ਦਾ ਮੰਥਨ ਕਰ ਕੇ
ਜਾਂ ਵੇਈਂ ਨਦੀ ’ਚ
ਉਹਨੇ ੧ਓ ਦਾ ਅਕਸ ਵੇਖਿਆ ਸੀ

ਉਹ ਸ਼ੁਰੂ ਤੋਂ ਹੀ ਸੰਪੂਰਨ ਸੀ
ਪੂਰਦਾ ਰਿਹਾ ਇਸ ਪੂਰਨਤਾ ਨੂੰ
ਸਲਗਨ, ਸੁਭਿੰਨਾ

ਸੁਭਾਅ ਦਾ ਵਿਵੇਕੀ
ਰੁਮਾਂਸੀ
ਹਾਸਰਸੀ
ਮਹਾਂਰਸੀ

ਪਹਿਲਾ ਅੱਖਰ ਲਿਖਦਿਆਂ ਹੀ ਝਰਨਾਟਾਂ ਛਿੜੀਆਂ
ਸ਼ਬਦਾਂ ਦੀ ਛਹਿਬਰ ਲੱਗੀ
ਬਾਣੀ ਦੀ ਵਰਖਾ ਹੋਈ

ਤੇਰਾ ਇਕ-ਇਕ ਸ਼ਬਦ ਸਾਡੇ ਲਹੂ ’ਚ ਏ
ਤੇਰਾ ਇਕ-ਇਕ ਰਾਗ ਸਾਡੀਆਂ ਨਾੜਾਂ ’ਚ ਏ
ਤੇਰੇ ਨੇਮੀ ਹਾਂ, ਪ੍ਰੇਮੀ ਹਾਂ
ਜੱਦ ਕਦੇ ਖੁੱਟਦੇ ਜਾਂ ਸੁੱਕਦੇ ਹਾਂ
ਤੇਰੇ ਵੱਲ ਮੁੜਦੇ ਹਾਂ
ਭਰੇ-ਭਰੇ ਪਰਤਦੇ ਹਾਂ
ਸੂਹੇ ਸੱਜਰੇ ਸੁਸ਼ਬਦੇ
ਸੰਸੇ ਉੱਡ ਜਾਂਦੇ ਨੇ ਸਾਰੇ
ਜੀਣਾ ਚੰਗਾ-ਚੰਗਾ ਲੱਗਦਾ
ਤੇਰੀ ਉੱਪਮਾ ਅੱਗੇ ਸ਼ਬਦ ਫਿੱਕੇ ਪੈਂਦੇ ਨੇ
ਤੇਰੇ ਸਮੁੰਦਰ ਦੇ ਅਸੀਂ ਘੋਗੇ ਹਾਂ
ਰੇਤਿਆਂ ’ਚ ਡੁੱਬੇ,
ਸਿੱਪੀ ’ਚ ਮਹਾਂਸਾਗਰ ਸਮਾਇਆ ਕਦੇ !

ਹੇ ਮਹਾਂ-ਮਾਨਵ !
ਤੂੰ ਸਾਡਾ ਸਦੀਵੀ ਸੋਮਾ ਏਂ
ਤੂੰ ਆਪਣੀ ਪਾਲ ’ਚ ਇੱਕਲਾ ਖੜ੍ਹਾ ਏਂ
ਅਥਾਹ ਅੱਦੁਤੀ
ਤੇਰੇ ਪ੍ਰਛਾਵਿਆਂ ’ਚ ਵੀ
ਅਸੀਂ ਪ੍ਰਕਾਸ਼ਮਾਨ ਹਾਂ

No comments:

Post a Comment