ਮੈਂ ਉਸ ਬਾਰੇ ਅਪਸ਼ਬਦ ਸੁਣਦਾ ਹਾਂ
ਉਸਦੀ ਪਤ ਰੱਖਣ ਲਈ
ਹਥਿਆਰ ਚੁੱਕ ਲੈਂਦਾ ਹਾਂ
ਉਸਦੀ ਪਤ ਮੇਰੀ ਮੁਹਤਾਜ ਨਹੀਂ....
ਉਸਦੀ ਗੱਲ ਕਰਨ ਵਾਲੇ
ਸਾਰਿਆਂ ਨੂੰ ਸੁਣਦਾ ਹਾਂ
ਪੁਜਾਰੀ,ਵਿਦਵਾਨ,ਚੇਲੇ,ਯੋਧੇ
ਬੱਸ ਉਸੇ ਨੂੰ ਹੀ ਨਹੀਂ ਸੁਣਦਾ....
ਉਹ ਆਪ ਤਾਂ ਕੁਝ ਵੀ ਨਹੀਂ
ਨਾ ਮੁਸਲਮਾਨ,ਹਿੰਦੂ ਨਾ ਸਿੱਖ
ਮੈਂ ਹੀ ਕੁਝ ਬਣਨਾ
ਜ਼ਰੂਰੀ ਸਮਝਦਾ ਹਾਂ....
ਉਹ ਵੇਈਆਂ ਵਿੱਚ ਡੁੱਬਦਾ ਹੈ
ਖ਼ਾਨਾਬਦੋਸ਼ ਹੋ ਜਾਂਦਾ ਹੈ
ਮੈਂ ਉਸਦੀ ਬਾਣੀ ਦਾ ਗੁਟਕਾ ਫ਼ੜਦਾ ਹਾਂ
ਬੂਹਾ ਢੋਅ ਕੇ ਬਹਿ ਜਾਂਦਾ ਹਾਂ....
ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾ ਹਾਂ
ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ
ਉਦਾਸੀਆਂ ਕਰਨ ਵਾਲੇ ਨੂੰ
ਮੈਂ ਉਦਾਸ ਕਰ ਦਿੱਤਾ ਹੈ....
ਮੈਂ ਉਸਦਾ ਸਿੱਖ ਹੋਣ ਦੀ ਕੋਸ਼ਿਸ਼ ਕਰਦਾ ਹਾਂ
ਉਹ ਮੇਰੇ ਨਾਨਕ ਹੋਣ ਦੀ ਉਡੀਕ ਕਰਦਾ ਹੈ.....
....................................................................ਸੁਖਪਾਲ
No comments:
Post a Comment