Popular posts on all time redership basis

Tuesday, 8 January 2013

ਬਾਗ਼ੀ - ਸੀਮਾ ਸੰਧੂ

ਉਹਨਾ ਹਾਦਸਿਆਂ ਦਾ ਜ਼ਿਕਰ ਨਾ ਕਰੋ
ਜਿਹਨਾਂ ਦੀ ਅਸੀਂ ਔਲਾਦ ਹਾਂ
ਜ਼ਿਕਰ ਕਰਨਾ ਹੈ ਤਾਂ ਬੇਕਫ਼ਨ ਇਤਿਹਾਸ ਦਾ ਕਰੋ
ਜਿਸਦੀ ਅਸੀ ਸੱਤ-ਮਾਹੀ ਸੰਤਾਨ ਹਾਂ
ਸਾਡੀ ਹਿੱਕ ’ਤੇ ਤੁਰਦਾ ਰਿਹਾ ਹੈ ਉਹ ਸਮਾ
ਜੋ ਰੱਤ ਭਿੱਜੇ ਸ਼ਬਦਾਂ ਨੂੰ ਵੀ ਅਰਥ ਨਹੀਂ ਦੇ ਸਕਿਆ
ਤੇ ਕਲਮ ਨਾਲ ਲਿਖੀ ਉਦਾਸ ਗ਼ਜ਼ਲ ਨੂੰ ਫ਼ਿਰ ਕੌਣ ਸਮਝਦਾ!!
ਅਗਵਾ ਹੋਏ ਹਰਫ਼ ਜੋ ਉਹਨਾ ਦੀ ਆਪਣੀ ਦੇਣ ਹਨ
ਅੱਜ ਮਾਂ ਬੋਲੀ ਹੋਣ ਦਾ ਦਾਅਵਾ ਕਰਦੇ ਹਨ
ਭੋਲਿਓ! ਮਾਂ ਬੋਲੀ ਤਾਂ ਇਕ ਨਿੱਘ ਹੈ
ਮਾਂ ਦੀ ਬੁੱਕਲ ਜਿਹਾ
ਮਾਂ ਬੋਲੀ ਤਾਂ ਮਹਿਕ ਹੈ
ਕੱਚੇ ਦੁੱਧ ਦੀ ਮਿਠਾਸ ਜਿਹਾ
ਫ਼ਿਰ ਦਿੱਲੀ ਦੇ ਦਰਬਾਰ ਵਿਚ ਬੈਠਕੇ ਕੀਹਦਾ ਰਾਗ ਅਲਾਪ ਰਹੇ ਹੋ
ਹਾਂ ਅਸੀਂ ਨਲਾਇਕ ਪੁੱਤ ਹਾਂ
ਪਰ ਏਨੇ ਵੀ ਨਹੀ ਕਿ ਆਪਣੀ ਮਿੱਟੀ ਨਾ ਪਹਿਚਾਣ ਸਕੀਏ
ਅੱਜ ਅਸੀਂ ਇਕ ਬੇਹੋਸ਼ ਸਦੀ ਦਹਿਲੀਜ਼ ’ਤੇ ਰੱਖਿਆ ਉਹ ਕਦਮ
ਜੋ ਕਦੀ ਬਾ-ਹੋਸ਼ ਹੋਵੇਗੀ
ਫ਼ਿਰ ਸਾਡੇ ਸੁਪਨਿਆਂ ਵਿਚ ਬੀਜਿਆ ਜ਼ਹਿਰ
ਆਪਣੀ ਕਹਾਣੀ ਆਪ ਕਹੇਗਾ
ਕਿ ਸਾਡਾ ਰਿਸ਼ਤਾ ਤਾਂ ਇਕ ਨਦੀ ਤੇ ਪੁੱਲ ਜਿਹਾ ਹੈ
ਤੇ ਪੁੱਲ ਕਦੇ ਵੀ ਬਾਗ਼ੀ ਨਹੀਂ ਹੁੰਦੇ!!!!!!!
................................................................................ਸੀਮਾ ਸੰਧੂ

No comments:

Post a Comment