Popular posts on all time redership basis

Monday, 21 January 2013

ਕੌਮਨ ਜ਼ੋਨ - ਪ੍ਰਮਿੰਦਰ ਸੋਢੀ

ਸ਼ਬਦਾਂ ਨੇ
ਬਹੁਤ ਕੋਸ਼ਿਸ਼ ਕੀਤੀ
ਮੇਰੇ ਭਾਵਾਂ ਨੂੰ
ਤੇਰੇ ਤਕ
ਪਹੁੰਚਾਣ ਦੀ
ਪਰ
ਉਨ੍ਹਾਂ ਦਾ
ਵੱਸ ਨਹੀਂ ਚੱਲਿਆ.

ਮੈਂ ਵੀ
ਬਹੁਤ ਕੋਸ਼ਿਸ਼ ਕੀਤੀ
ਆਪਣੇ ਮਨ ਨੂੰ
ਤੇਰੇ ਮਨ ਦੀ
ਕਿਸੇ ਰਹੱਸਮਈ ਬੋਲੀ ’ਚ
ਉਲਥਾਣ ਦੀ
ਪਰ ਮੇਰਾ
ਵੱਸ ਨਹੀਂ ਚਲਿਆ.

ਮੇਰੇ ਨਿਗੂਣੇ
ਪਰ
ਉਤਸ਼ਾਹਿਤ ਵਜੂਦ ਨੇ
ਉਨ੍ਹਾਂ ਸਾਂਝੇ ਖੇਤਰਾਂ ਦੀ
ਬਹੁਤ ਤਲਾਸ਼ ਕੀਤੀ
ਜਿਥੇ ਅਸੀਂ
ਉਮਰ ਭਰ ਨਹੀਂ
ਪਲ ਦੋ ਪਲ ਹੀ
ਇੱਕਠੇ ਗੁਜ਼ਾਰ ਸਕੀਏ.

ਗੁਆਂਢੀ ਮੁਲਕ ਵਾਂਗ
ਬੋਲ ਤੇ ਚੁੱਪ ਵਾਂਗ
ਬਾਂਦਰ ਤੇ ਬੰਦੇ ਵਾਂਗ
ਕੋਈ ਨਾ ਕੋਈ
ਸਾਂਝਾ ਖੇਤਰ ਤਾਂ ਹੋਵੇਗਾ ਹੀ
ਸਾਡੇ ਦੋਹਾਂ ਵਿਚਕਾਰ........

ਸੁਪਨੇ ਤੇ ਸੱਚ ਵਾਂਗ
ਬੰਦੇ ਤੇ ਰੱਬ ਵਾਂਗ
ਸਾਗਰ ਤੇ ਨਦੀ ਵਾਂਗ
ਹੋਣ ਤੇ ਨਾ ਹੋਣ ਵਾਂਗ
ਕੋਈ ਨਾ ਕੋਈ
ਸਾਂਝਾ ਖੇਤਰ ਤਾਂ ਹੋਵੇਗਾ ਹੀ
ਸਾਡੇ ਦੋਹਾਂ ਵਿਚਕਾਰ........

ਅਸੀਂ ਕਿਉਂ ਨਾ
ਅਜਿਹੇ ਟਾਪੂ ਦੀ ਤਲਾਸ਼ ਕਰੀਏ
ਜਿੱਥੇ
ਸਾਡੇ ਅਜਨਬੀ ਆਪੇ
ਘੜੀ ਦੋ ਘੜੀ
ਆ ਰੁਕੇ ਸਮੁੰਦਰੀ ਜਹਾਜ਼ਾਂ ਵਾਂਗ
ਪਲ ਦੋ ਪਲ
ਸਾਂਝੇ ਗੁਜ਼ਾਰ ਲੈਣ.......
........................................... - ਪ੍ਰਮਿੰਦਰ ਸੋਢੀ

No comments:

Post a Comment