Popular posts on all time redership basis

Wednesday, 5 December 2012

ਚੰਗਾ ਹੁੰਦਾ ਹੈ ਸੋਚ ਲੈਣਾ - ਗੁਲਸ਼ਨ ਦਿਆਲ


ਚੰਗਾ ਹੁੰਦਾ ਹੈ ਕਦੀ ਕਦੀ
ਰੁਕ ਕੇ ਸੋਚ ਲੈਣਾ ਕਿ
ਕਿ ਤੁਸੀਂ ਠੀਕ ਰਸਤੇ ਤੇ ਹੋ
ਇਹ ਜਾਣ ਲੈਣਾ ਸੱਚ ਮੁੱਚ
ਚੰਗਾ ਹੁੰਦਾ ਹੈ ਕਿ ਅਜੇ ਤੱਕ
ਤੁਸੀਂ ਰੱਬ ਦੀ ਦਿੱਤੀ ਮਾਸੂਮੀਅਤ ਨੂੰ
ਸੰਭਾਲ ਰੱਖਿਆ ਹੈ
ਬਹੁਤ ਚੰਗਾ ਹੁੰਦਾ ਹੈ ਜਾਣ ਲੈਣਾ
ਕਿ ਤੁਸੀਂ ਅਜੇ ਵੀ ਆਪਣੀ ਮਾਂ
ਦੀ ਮਮਤਾ ਵਾਂਗ ਹੀ ਹੋ
ਬਹੁਤ ਚੰਗਾ ਹੈ
ਜੇ ਤੁਹਾਨੂੰ ਅਜੇ ਵੀ ਲੱਗਦਾ ਹੋ
ਕਿ ਤੁਸੀਂ ਉਸ  ਅਰਦਾਸ ਵਾਂਗ ਹੋ
ਜਿਸ ਲਈ ਤੁਹਾਡੇ ਪਾਪਾ ਦੇ ਦੋਹਵੇਂ ਹੱਥ
ਸਵੇਰੇ ਸ਼ਾਮ ਉੱਠਦੇ ਸਨ
ਚੰਗਾ ਹੈ ਇਹ ਸੋਚ ਸਕਣਾ ਕਿ
ਤੁਹਾਡੇ ਬਾਟੇ ਵਿਚ ਸਿਰਫ
 ਤੁਹਾਡੀ ਹੀ ਬੁਰਕੀ ਹੈ
ਬਹੁਤ ਚੰਗਾ ਹੈ ਇਹ ਹਿਸਾਬ ਕਿਤਾਬ
ਕਰ ਲੈਣਾ ਕਿ ਅਜੇ ਤੱਕ ਤੁਸੀਂ ਕਿਸੇ ਦਾ
ਹੱਕ ਨਹੀਂ ਖੋਹਿਆ
ਚੰਗਾ ਹੁੰਦਾ ਹੈ ਜਾਣ ਲੈਣਾ ਕਿ ਤੁਹਾਡਾ
ਦਿਲ ਅਜੇ ਵੀ ਮਨੁੱਖਤਾ ਦੇ ਪਿਆਰ ਵਿਚ
ਧੜਕ ਸਕਦਾ ਹੈ
ਬਹੁਤ ਚੰਗਾ ਹੁੰਦਾ ਹੈ ਜਾਣ ਲੈਣਾ
ਕਿ ਤੁਹਾਨੂੰ ਸਜਦੇ ਦੇ ਤੌਰ ਤਰੀਕੇ ਪਤਾ ਨੇ
ਇੱਕ ਪਲ ਰੁਕ ਕੇ ਸੋਚ ਲੈਣਾ ਚੰਗਾ ਹੁੰਦਾ ਹੈ
ਕਿ ਅਜੇ ਵੀ ਤੁਹਾਨੂੰ ਰਿਸ਼ਤਿਆਂ ਦੀ ਤਮੀਜ਼ ਹੈ
ਕਿ ਤੁਸੀਂ ਕਦੀ ਕਿਸੇ ਨਾਲ
 ਬੇਵਫਾਈ ਨਹੀਂ ਕਰ ਸਕਦੇ
ਬਹੁਤ ਚੰਗਾ ਹੁੰਦਾ ਹੈ
ਕਿਸੇ ਦੋਸਤ ਦੀ ਖੁਸ਼ੀ ਵਿਚ ਸ਼ਾਮਿਲ ਹੋ ਜਾਣਾ
ਤੇ ਉਸ ਦੀ ਇੱਕੋ ਇੱਕਲੀ ਮੁਸਕਾਣ
ਨੂੰ ਕਦੀ ਨਾ ਖੋਹਣਾ
ਬਹੁਤ ਚੰਗਾ ਹੁੰਦਾ ਹੈ ਜਾਨਣਾ
ਜੇ ਹਰ ਨਾ-ਇਨਸਾਫੀ ਲਈ ਤੁਹਾਡੀ
ਰੂਹ ਤੜਫ ਕੇ ਹੌਕਾ ਭਰ ਸਕਦੀ ਹੈ
ਤੇ ਉਸ ਤੋਂ ਵੀ ਚੰਗਾ ਹੁੰਦਾ ਹੈ ਜਾਨਣਾ
ਕਿ  ਹਰ ਨਾ-ਇਨਸਾਫੀ ,  ਤੇ ਹਰ ਜ਼ੁਲਮ
ਦੇ  ਵਿੱਰੁਧ ਖੜ੍ਹੇ ਹੋਣ ਦੀ ਔਕਾਤ ਹੈ ਤੁਹਾਡੀ
ਤੇ ਸਭ ਤੋਂ ਚੰਗਾ ਹੁੰਦਾ ਹੈ
ਕਿ ਹਰ ਹਾਲ ਵਿਚ
ਆਪਣੀ ਮੁਸਕਾਣ
ਆਪਣਾ ਭੋਲਾਪਣ
ਆਪਣੀ ਮਾਸੂਮੀਅਤ
ਤੇ ਆਪਣੇ ਪਿਆਰ ਨੂੰ
ਸੰਭਾਲੀ ਰੱਖ ਸਕਣਾ .....

................................. - ਗੁਲਸ਼ਨ ਦਿਆਲ

No comments:

Post a Comment